For the best experience, open
https://m.punjabitribuneonline.com
on your mobile browser.
Advertisement

ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

07:15 AM Jun 23, 2024 IST
ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
ਗਿਆਨੀ ਰਘਬੀਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। -ਫੋਟੋ: ਗੁਰਿੰਦਰ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 22 ਜੂਨ
ਇੱਥੋਂ ਦੇ ਰਾਮਗੜ੍ਹੀਆ ਭਵਨ ਵਿੱਚ ਬਾਬਾ ਵਿਸ਼ਵਕਰਮਾ ਸਭਾ ਵੱਲੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਕਰਨੈਲ ਸਿੰਘ ਕੰਵਲ ਅਤੇ ਭਾਈ ਗੁਰਭੇਜ ਸਿੰਘ ਦੇ ਜਥੇ ਨੇ ਕਥਾ ਕੀਰਤਨ ਕੀਤਾ। ਇਸ ਦੌਰਾਨ ਬੀਬੀਆਂ ਦੇ ਜਥੇ ਨੇ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਭਾ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ ਰੂਪਰਾਏ ਅਤੇ ਭੁਪਿੰਦਰ ਸਿੰਘ ਸੌਂਦ ਨੇ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ੇ ਤਿਆਗ ਕੇ ਗੌਰਵਮਈ ਇਤਿਹਾਸਕ ਵਿਰਸੇ ਨੂੰ ਸੰਭਾਲਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸ਼ਹਿਰ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਤੋਂ ਇਲਾਵਾ ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਗੁਰਦੁਆਰਾ ਕਲਗੀਧਰ ਸਾਹਿਬ, ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਸੁੱਖ ਸਾਗਰ, ਗੁਰਦੁਆਰਾ ਹਰਿਕ੍ਰਿਸ਼ਨ ਸਾਹਿਬ, ਗੁਰਦੁਆਰਾ ਹਰਿਗੋਬਿੰਦ ਸਾਹਿਬ, ਗੁਰਦੁਆਰਾ ਸਤਿਸੰਗ ਸਭਾ, ਰਾਮਗੜ੍ਹੀਆ ਭਵਨ, ਨਾਮਦੇਵ ਭਵਨ ਵਿੱਚ ਵੀ ਧਾਰਮਿਕ ਸਮਾਗਮ ਕਰਵਾਏ ਗਏ। ਇਸੇ ਤਰ੍ਹਾਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੁਰਦੁਆਰਾ ਕਲਗੀਧਰ ਸਾਹਿਬ, ਗੁਰਦੁਆਰਾ ਕਟਾਣਾ ਸਾਹਿਬ ਅਤੇ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਸੰਗਤਾਂ ਨੇ ਪ੍ਰਕਾਸ਼ ਪੁਰਬ ਮਨਾਇਆ। ਇਸ ਮੌਕੇ ਮਿੱਸੀ ਰੋਟੀ, ਮੱਖਣ, ਲੱਸੀ, ਦਹੀ ਦਾ ਅਤੁੱਟ ਲੰਗਰ ਵਰਤਾਇਆ ਗਿਆ।
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਗੁਰੂ ਘਰਾਂ ਵਿੱਚ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਜੇ ਦੀਵਾਨਾਂ ਵਿੱਚ ਰਾਗੀ ਤੇ ਢਾਡੀ ਜਥਿਆਂ ਅਤੇ ਪ੍ਰਚਾਰਕਾਂ ਨੇ ਗੁਰੂ ਜੱਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਉਪਰੰਤ ਮਿੱਸੇ ਪ੍ਰਸ਼ਾਦਿਆਂ, ਆਚਾਰ, ਪਿਆਜ਼, ਦਹੀਂ, ਮੱਖਣ ਅਤੇ ਲੱਸੀ ਦੇ ਲੰਗਰ ਲੱਗੇ। ਇਸੇ ਤਰ੍ਹਾਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਸੀਐੱਮਸੀ ਚੌਕ ਵਿੱਚ ਮੁੱਖ ਸਮਾਗਮ ਹੋਇਆ ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਉਚੇਚੇ ਤੌਰ ’ਤੇ ਪੁੱਜੇ। ਇਸ ਮੌਕੇ ਭਾਈ ਅਮਨਦੀਪ ਸਿੰਘ ਗੁਰਦੁਆਰਾ ਬੀਬੀ ਕੌਲਾਂ ਵਾਲੇ, ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਭਾਈ ਕਿਰਪਾਲ ਸਿੰਘ, ਭਾਈ ਗੁਰਕੀਰਤ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਰਵਿੰਦਰ ਸਿੰਘ ਅਤੇ ਭਾਈ ਗੁਰਵਿੰਦਰ ਸਿੰਘ ਅਤੇ ਸੰਤ ਬਾਬਾ ਅਨਹਦ ਰਾਜ ਸਿੰਘ ਨੇ ਕਥਾ ਕੀਰਤਨ ਕਰਦਿਆਂ ਗੁਰੂ ਹਰਿਗੋਬਿੰਦ ਸਾਹਿਬ ਦੀ ਜੀਵਨੀ ਬਾਰੇ ਚਾਨਣਾ ਪਾਇਆ। ਇਸੇ ਤਰ੍ਹਾਂ ਗੁਰਦਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿਸੰਗ ਸਭਾ ਹਾਊਸਿੰਗ ਬੋਰਡ ਕਲੋਨੀ ਭਾਈ ਰਣਧੀਰ ਸਿੰਘ ਨਗਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਅਤੇ ਗੁਰਦੁਆਰਾ ਸਿੰਘ ਸਭਾ ਖੁੱਡ ਮੁਹੱਲਾ ਵਿੱਚ ਸਮਾਗਮ ਕਰਵਾਏ ਗਏ।

Advertisement

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁੰਦਰ ਦਸਤਾਰ ਮੁਕਾਬਲੇ

ਪਾਇਲ (ਪੱਤਰ ਪ੍ਰੇਰਕ): ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਅਰਦਾਸਪੁਰਾ ਸਾਹਿਬ ਪਿੰਡ ਕੱਦੋਂ ਵਿੱਚ ਸੇਵਾ ਸੁਸਾਇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਹਰਨੇਕ ਸਿੰਘ ਨੇਕੀ ਅਤੇ ਭਾਈ ਸਤਿਨਾਮ ਸਿੰਘ ਹਰਿਦੁਆਰ ਵਾਲਿਆਂ ਨੇ ਦੱਸਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਚਾਰ ਰੋਜ਼ਾ ਗੁਰਮਤਿ ਸਮਾਗਮ ਦੌਰਾਨ ਸੰਤ ਬਾਬਾ ਭੁਪਿੰਦਰ ਸਿੰਘ ਜਰਗ ਵਾਲਿਆਂ ਨੇ ਇਲਾਹੀ ਕੀਰਤਨ ਕੀਤਾ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸੰਗਤਾਂ ਨੂੰ ਮੀਰੀ ਪੀਰੀ ਦੇ ਸਿਧਾਂਤਾਂ ’ਤੇ ਪਹਿਰਾ ਦੇਣ ਲਈ ਕਿਹਾ। ਆਖ਼ਰੀ ਦਿਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਸਮਾਗਮ ਦੌਰਾਨ ਭਾਈ ਮਨਜੀਤ ਸਿੰਘ ਕਟਾਣਾ ਸਾਹਿਬ ਅਤੇ ਭਾਈ ਜਸਵਿੰਦਰ ਸਿੰਘ ਬਿਲਾਸਪੁਰ ਵਾਲਿਆਂ ਨੇ ਗੁਰਬਾਣੀ ਦੇ ਸ਼ਬਦ ਦੀ ਕਥਾ ਵਿਚਾਰ ਕੀਤੀ। ਇਸ ਮੌਕੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਪੰਜ ਤੋਂ ਦਸ ਸਾਲ ਵਾਲੇ ਦਸਤਾਰ ਮੁਕਾਬਲੇ ’ਚੋਂ ਹਰਮਨਜੀਤ ਸਿੰਘ ਨੇ ਪਹਿਲਾ, ਹੁਸਨਪ੍ਰੀਤ ਸਿੰਘ ਕੱਦੋਂ ਨੇ ਦੂਸਰਾ ਤੇ ਵਾਹਿਦ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 10 ਤੋਂ 15 ਸਾਲ ਵਾਲੇ ਗਰੁੱਪ ’ਚੋਂ ਸੁਖਦੀਪ ਸਿੰਘ ਘਲੋਟੀ ਪਹਿਲਾ, ਗੁਰਬਖਸ਼ ਸਿੰਘ ਕੱਦੋਂ ਨੇ ਦੂਸਰਾ ਤੇ ਪ੍ਰੀਤ ਸਿੰਘ ਪਿੰਡ ਸਰਵਰਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 15 ਤੋਂ 20 ਸਾਲ ਦੇ ਗਰੁੱਪ ਵਿੱਚ ਜਸਪਾਲ ਸਿੰਘ ਸਿਆੜ ਨੇ ਪਹਿਲਾ, ਗੁਰਵਿੰਦਰ ਸਿੰਘ ਬਿਲਾਸਪੁਰ ਦੂਸਰਾ ਅਤੇ ਗੁਰਸਿਮਰਨ ਸਿੰਘ ਕੱਦੋਂ ਨੇ ਤੀਸਰਾ ਸਥਾਨ ਹਾਸਲ ਕੀਤਾ।

Advertisement

Advertisement
Author Image

Advertisement