ਅਮਰ ਸ਼ਹੀਦ ਸੁਖਦੇਵ ਥਾਪਰ ਦਾ ਜਨਮ ਦਿਹਾੜਾ ਮਨਾਇਆ
ਪੱਤਰ ਪ੍ਰੇਰਕ
ਬਸੀ ਪਠਾਣਾਂ, 15 ਮਈ
ਖੱਤਰੀ ਮਹਾਸਭਾ ਪੰਜਾਬ ਦੀ ਬਸੀ ਪਠਾਣਾਂ ਇਕਾਈ ਵੱਲੋਂ ਅੱਜ ਇੱਥੇ ਖੱਤਰੀ ਸਮਾਜ ਦੇ ਅਮਰ ਸ਼ਹੀਦ ਸੁਖਦੇਵ ਥਾਪਰ ਦਾ 117ਵਾਂ ਜਨਮ ਦਿਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ| ਬਸੀ ਪਠਾਣਾਂ ਦੇ ਸਥਾਨਕ ਪ੍ਰਾਚੀਨ ਸ਼ਿਵ ਮੰਦਰ ਵਿੱਚ ਰੱਖੇ ਗਏ ਸਮਾਗਮ ਦੌਰਾਨ ਖੱਤਰੀ, ਬ੍ਰਾਹਮਣ ਅਤੇ ਹੋਰ ਭਾਈਚਾਰੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦੇ ਹੋਏ ਸ਼ਹੀਦ ਭਗਤ ਸਿੰਘ ਦੇ ਨਾਲ ਸ਼ਹੀਦ ਹੋਏ ਸੁਖਦੇਵ ਥਾਪਰ ਅਤੇ ਰਾਜਗੁਰੂ ਨੂੰ ਯਾਦ ਕੀਤਾ| ਖੱਤਰੀ ਮਹਾਸਭਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾਈ ਮੀਡੀਆ ਇੰੰਚਾਰਜ ਅਜੇ ਮਲਹੋਤਰਾ, ਬਸੀ ਪਠਾਣਾਂ ਇਕਾਈ ਦੇ ਪ੍ਰਧਾਨ ਧਰਮਿੰਦਰ ਬਾਂਡਾ, ਸਰਹਿੰਦ ਦੇ ਕਨਵੀਨਰ ਖੁਸ਼ਵੰਤ ਰਾਏ ਥਾਪਰ ਆਦਿ ਦੀ ਹਾਜ਼ਰੀ ਵਿੱਚ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਭਗਤ ਸਿੰਘ ਦੇ ਨਾਲ ਸੁਖਦੇਵ ਥਾਪਰ ਅਤੇ ਰਾਜ ਗੁਰੂ ਦੀਆਂ ਤਸਵੀਰਾਂ ਵੀ ਸਰਕਾਰੀ ਦਫ਼ਤਰਾਂ ਵਿੱਚ ਲਗਾਈਆਂ ਜਾਣ ਕਿਉਂਕਿ ਇਨ੍ਹਾਂ ਤਿੰਨੋ ਸ਼ਹੀਦਾਂ ਨੂੰ ਅੰਗਰੇਜ਼ ਹਕੂਮਤ ਵੱਲੋਂ ਇੱਕੋ ਦਿਨ, ਇੱਕ ਹੀ ਮੁਕੱਦਮੇ ਅਤੇ ਇੱਕ ਹੀ ਕਾਲੇ ਕਾਨੂੰਨ ਤਹਿਤ ਫਾਂਸੀ ਦਿੱਤੀ ਗਈ ਸੀ| ਬੁਲਾਰਿਆਂ ਨੇ ਮੰਗ ਕੀਤੀ ਕਿ ਲੁਧਿਆਣਾ ਵਿੱਚ ਸ਼ਹੀਦ ਸੁਖਦੇਵ ਥਾਪਰ ਦੇ ਘਰ ਦਾ ਕੌਮੀ ਵਿਰਾਸਤ ਵਜੋਂ ਵਿਕਾਸ ਕੀਤਾ ਜਾਵੇ ਅਤੇ ਸਕੂਲਾਂ ਵਿੱਚ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ ਬਾਰੇ ਪੜ੍ਹਾਇਆ ਜਾਵੇ ਕਿਉਂਕਿ ਸ਼ਹੀਦ ਸਮਾਜ ਅਤੇ ਦੇਸ਼ ਦਾ ਸਰਮਾਇਆ ਹੁੰਦੇ ਹਨ| ਬੁਲਾਰਿਆਂ ਨੇ ਖੱਤਰੀ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਿੰਨੋ ਸ਼ਹੀਦਾਂ ਦੀਆਂ ਤਸਵੀਰਾਂ ਆਪਣੇ ਘਰਾਂ ਵਿੱਚ ਵੀ ਜ਼ਰੂਰ ਲਗਾਉਣ|