ਸਤਲੁਜ ਦਾ ਸਭ ਤੋਂ ਵੱਡਾ ਪਾੜ 18 ਦਿਨਾਂ ਵਿੱਚ ਪੂਰਿਆ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 4 ਅਗਸਤ
ਗੱਟਾ ਮੁੰਡੀ ਕਾਸੂ ਪਿੰਡ ਨੇੜੇ ਸਤਲੁਜ ਦਰਿਆ ਦੇ ਧੁੱਸੀ ਬੰਨ ਵਿੱਚ ਪਿਆ ਪਾੜ 18 ਦਿਨਾਂ ਬਾਅਦ ਪੂਰ ਦਿੱਤਾ ਗਿਆ। ਇਹ ਬੰਨ੍ਹ ਪੂਰਨ ਲਈ ਪੰਜਾਬ ਦੇ ਲੋਕਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਸੀ। ਇਹ ਪਾੜ ਲਗਪਗ 925 ਫੁੱਟ ਤੋਂ ਵੱਧ ਚੌੜਾ ਸੀ। ਸਤਲੁਜ ਦਾ ਇਹ ਧੁੱਸੀ ਬੰਨ੍ਹ ਟੁੱਟਣ ਨਾਲ ਇਲਾਕੇ ਵਿੱਚ ਭਾਰੀ ਤਬਾਹੀ ਮਚਾਈ ਸੀ। ਸਤਲੁਜ ਦਰਿਆ ਦਾ ਧੁੱਸੀ ਬੰਨ੍ਹ 10 ਤੇ 11 ਜੁਲਾਈ ਦੀ ਦਰਮਿਆਨੀ ਰਾਤ ਨੂੰ ਦੋ ਥਾਵਾਂ ਤੋਂ ਟੱਟ ਗਿਆ ਸੀ। ਪਹਿਲਾਂ ਪਾੜ ਜਿਹੜਾ ਕਿ 350 ਫੁੱਟ ਦੇ ਕਰੀਬ ਸੀ ਉਹ ਤਾਂ ਪੰਜਾਂ ਦਿਨਾਂ ਵਿੱਚ ਹੀ ਪੂਰ ਦਿੱਤਾ ਗਿਆ ਸੀ। ਦੂਜਾ ਪਾੜ ਗੱਟਾ ਮੁਡੀ ਕਾਸੂ ਨੇੜੇ ਪਿਆ ਸੀ ਜਿਹੜਾ ਅੱਜ ਰਾਤ ਪੁਰ ਦਿੱਤਾ ਗਿਆ। ਬੰਨ੍ਹ ਨੂੰ ਮਜ਼ਬੂਤ ਕਰਨ ਲਈ ਦੇਰ ਰਾਤ ਤੱਕ ਮਿੱਟੀ ਪਾਈ ਗਈ। ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਰਾਤ ਸੱਤ ਵਜੇ ਦੇ ਕਰੀਬ ਬੰਨ੍ਹ ਪੂਰਿਆ ਗਿਆ। ਪੰਜਾਬ ਭਰ ਵਿੱਚ ਲੋਕ ਮਿੱਟੀ ਦੀਆਂ ਟਰਾਲੀਆਂ ਭਰ ਕੇ ਲਿਆ ਰਹੇ ਹਨ। ਦੇਰ ਰਾਤ ਬੰਨ੍ਹ ਪੂਰੇ ਜਾਣ ’ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਹੜੇ ਵੱਖ-ਵੱਝ ਜ਼ਿਲ੍ਹਿਆਂ ਵਿੱਚੋਂ ਲਗਾਤਾਰ ਮਿੱਟੀ ਦੀਆਂ ਟਰਾਲੀਆਂ ਲੈਕੇ ਆ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸ਼ਮੂਲੀਅਤ ਨਾਲ ਹੀ ਸਤਲੁਜ ਦੇ ਦੋਵੇਂ ਬੰਨ੍ਹ ਪੂਰੇ ਗਏ।
ਜ਼ਿਕਰਯੋਗ ਹੈ ਕਿ ਦਰਿਆ ਵਿੱਚ ਪਾਣੀ ਚੜ੍ਹਨ ਕਾਰਨ ਹੜ੍ਹ ਪੀੜਤ ਇਲਾਕੇ ਦੇ ਲੋਕ ਚਿੰਤਤ ਹਨ। ਇਸ ਇਲਾਕੇ ਵਿੱਚ ਅਜੇ ਵੀ 7 ਪਿੰਡਾਂ ਦਾ ਸੜਕੀ ਸੰਪਰਕ ਟੁੱਟਿਆ ਹੋਇਆ ਹੈ। ਖੇਤਾਂ ਵਿੱਚ ਤਿੰਨ ਤੋਂ ਚਾਰ ਫੁੱਟ ਤੱਕ ਪਾਣੀ ਖੜ੍ਹਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ ਕਿ ਜੇਕਰ ਥੋੜ੍ਹੇ ਦਿਨਾਂ ਤੱਕ ਪਾਣੀ ਨਾ ਨਿਕਲਿਆ ਤਾਂ ਉਨ੍ਹਾਂ ਲਈ ਅਗਲੀ ਫਸਲ ਬੀਜਣੀ ਔਖੀ ਹੋ ਜਾਵੇਗੀ। ਅੱਜ ਵੀ ਸਵੇਰ ਤੋਂ ਲੋਕ ਮਿੱਟੀ ਦੀਆਂ ਟਰਾਲੀਆਂ ਲਿਆ ਰਹੇ ਸਨ।
ਡਰੇਨੇਜ਼ ਵਿਭਾਗ ਅਨੁਸਾਰ ਇਸ ਪਾੜ ਦੀ ਸਭ ਤੋਂ ਵੱਧ ਡੂੰਘਾਈ 50 ਫੁੱਟ ਤੱਕ ਦੇ ਕਰੀਬ ਸੀ। ਇਸੇ ਕਾਰਨ ਇੱਥੇ ਮਿੱਟੀ ਬਹੁਤ ਜ਼ਿਆਦਾ ਪੈ ਰਹੀ ਸੀ। ਡਰੇਨਜ਼ ਵਿਭਾਗ ਅਨੁਸਾਰ ਇਹ ਪਾੜ ਪੂਰਨ ਲਈ ਅਨੁਮਾਨਤ ਲਾਗਤ 5 ਕਰੋੜ ਦੇ ਕਰੀਬ ਮਿੱਥੀ ਗਈ ਸੀ। ਡਰੇਨਜ਼ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ 100 ਦਿਨਾਂ ਤੋਂ ਪਹਿਲਾਂ 925 ਫੁੱਟ ਪਾੜ ਪੂਰਨ ਅਸੰਭਵ ਹੈ। ਜਦ ਕਿ ਵਿਭਾਗ ਦੇ ਇੱਕ ਐਕਸੀਅਨ ਨੇ ਇਹ ਪਾੜ 10 ਦਿਨਾਂ ਵਿੱਚ ਪੂਰਨਾ ਦਾਅਵਾ ਕੈਬਨਿਟ ਮੰਤਰੀ, ਦੋ ਐਮਪੀਜ਼, ਇੱਕ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਦੀ ਹਾਜ਼ਰੀ ਵਿੱਚ ਕੀਤਾ ਸੀ। ਵਿਭਾਗ ਦੇ ਇਹ ਦੋਵੇਂ ਦਾਅਵੇ ਲੋਕਾਂ ਦੀ ਤਾਕਤ ਅੱਗੇ ਫੇਲ੍ਹ ਹੋ ਗਏ।
ਗੱਟਾ ਮੁੰਡੀ ਕਾਸੂ ਵਾਲਾ ਪਾੜ 18 ਜੁਲਾਈ ਨੂੰ ਜਦੋਂ ਬੰਨ੍ਹ ਬੰਨ੍ਹਣ ਦੀ ਅਰਦਾਸ ਕੀਤੀ ਗਈ ਸੀ ਤਾਂ ਉਸ ਵੇਲੇ ਕੈਬਨਿਟ ਮੰਤਰੀ ਬਲਕਾਰ ਸਿੰਘ, ਨਕੋਦਰ ਹਲਕੇ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੀ ਮੌਜੂਦ ਸਨ। ਉਸ ਦਿਨ ਫੈਸਲਾ ਹੋਇਆ ਸੀ ਕਿ ਬੰਨ੍ਹ ਦਾ ਇੱਕ ਪਾਸਾ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਦੀ ਅਗਵਾਈ ਹੇਠ ਬੰਨ੍ਹਿਆ ਜਾਵੇਗਾ ਤੇ ਦੂਜਾ ਪਾਸਾ ਡਰੇਨੇਜ਼ ਵਿਭਾਗ ਬੰਨ੍ਹੇਗਾ।