ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਪੈਰਾਸ਼ੂਟਰ’ ਬਣ ਕੇ ਆਏ ਵੱਡੇ ਚਿਹਰੇ..!

08:56 AM May 01, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 30 ਅਪਰੈਲ
ਲੋਕ ਸਭਾ ਚੋਣਾਂ ’ਚ ਇਸ ਵਾਰ ਵੱਡੇ ਚਿਹਰੇ ‘ਪੈਰਾਸ਼ੂਟਰ’ ਬਣੇ ਹਨ। ਕੋਈ ਸਿਆਸੀ ਧਿਰ ਇਸ ਮਾਮਲੇ ’ਚ ਪਿੱਛੇ ਨਹੀਂ ਹੈ। ਚੋਣ ਜਿੱਤਣਾ ਵੱਡਾ ਮਨੋਰਥ ਹੈ। ਤਾਹੀਂ ਕਿਸੇ ਸਿਆਸੀ ਧਿਰ ਵਾਸਤੇ ਸਥਾਨਕ ਉਮੀਦਵਾਰ ਤਰਜੀਹ ਨਹੀਂ ਰਿਹਾ। ਹਰ ਚੋਣ ਹਲਕੇ ਵਿਚ ਵੱਖੋ ਵੱਖਰਾ ਦ੍ਰਿਸ਼ ਹੈ। ਜਿੱਥੇ ਕਿਸੇ ਧਿਰ ਨੂੰ ਠੀਕ ਪੈਂਤੜਾ ਬੈਠਦਾ ਹੈ, ਉੱਥੇ ਵਿਰੋਧੀ ‘ਪੈਰਾਸ਼ੂਟਰ’ ਉਮੀਦਵਾਰਾਂ ਨੂੰ ਮੁੱਦੇ ਦੇ ਤੌਰ ’ਤੇ ਉਭਾਰ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੁਕਤਸਰ ਦੇ ਬਾਸ਼ਿੰਦੇ ਹਨ। ਉਨ੍ਹਾਂ ਨੂੰ ਲੁਧਿਆਣਾ ਤੋਂ ਚੋਣ ਪਿੜ ’ਚ ਉਤਾਰ ਦਿੱਤਾ ਗਿਆ ਹੈ। ਰਾਜਾ ਵੜਿੰਗ ਦੀ ਰਿਹਾਇਸ਼ ਗਿੱਦੜਬਾਹਾ ਹਲਕੇ ’ਚ ਨਹੀਂ ਜਦੋਂ ਕਿ ਵਿਧਾਇਕ ਉਹ ਗਿੱਦੜਬਾਹਾ ਤੋਂ ਹਨ। ਇਵੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਤਾਂ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿਚ ਹੈ ਪ੍ਰੰਤੂ ਉਹ ਚੋਣ ਜਲੰਧਰ ਲੋਕ ਸਭਾ ਹਲਕੇ ਤੋਂ ਲੜ ਰਹੇ ਹਨ।
ਸਥਾਨਕ ਆਗੂਆਂ ਦੀ ਹਮੇਸ਼ਾ ਇਹੋ ਨਾਰਾਜ਼ਗੀ ਰਹਿੰਦੀ ਹੈ ਕਿ ਉਨ੍ਹਾਂ ਨੂੰ ਪਾਰਟੀ ਨੇ ਨਜ਼ਰਅੰਦਾਜ਼ ਕਰ ਦਿੱਤਾ ਹੈ। ਰਾਜਾ ਵੜਿੰਗ ’ਤੇ ਬਾਹਰਲਾ ਹੋਣ ਦਾ ਟੈਗ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਲਗਾ ਰਿਹਾ ਹੈ। ਹਲਕਾ ਸੰਗਰੂਰ ਵਿਚ ਤਿੰਨ ਉਮੀਦਵਾਰ ਬਾਹਰਲੇ ਹਨ ਜਦੋਂ ਕਿ ‘ਆਪ’ ਦਾ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਹਲਕੇ ਦਾ ਬਾਸ਼ਿੰਦਾ ਹੈ। ਕਾਂਗਰਸ ਨੇ ਸੰਗਰੂਰ ਹਲਕੇ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਉਮੀਦਵਾਰ ਬਣਾਇਆ ਹੈ ਜੋ ਕਿ ਭੁਲੱਥ ਹਲਕੇ ਦੇ ਰਹਿਣ ਵਾਲੇ ਹਨ। ਸਿਮਰਨਜੀਤ ਸਿੰਘ ਮਾਨ ਦੀ ਜੱਦੀ ਰਿਹਾਇਸ਼ ਹਲਕਾ ਫ਼ਤਿਹਗੜ੍ਹ ਸਾਹਿਬ ਵਿਚ ਹੈ ਪਰ ਚੋਣ ਉਹ ਸੰਗਰੂਰ ਹਲਕੇ ਤੋਂ ਲੜ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾ ਦੀ ਰਿਹਾਇਸ਼ ਵੀ ਫ਼ਤਿਹਗੜ੍ਹ ਸਾਹਿਬ ਹਲਕੇ ਵਿਚ ਪੈਂਦੀ ਹੈ ਜਦੋਂ ਕਿ ਚੋਣ ਉਹ ਸੰਗਰੂਰ ਹਲਕੇ ਤੋਂ ਲੜ ਰਹੇ ਹਨ। ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਿਛਲੇ ਦਿਨਾਂ ਵਿਚ ਸੁਖਪਾਲ ਖਹਿਰਾ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਹਲਕੇ ਦੇ ਦਸ ਪਿੰਡਾਂ ਦੇ ਨਾਮ ਲੈ ਕੇ ਦਿਖਾਵੇ। ਆਨੰਦਪੁਰ ਸਾਹਿਬ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਹਾਲਾਂਕਿ ਚੰਦੂਮਾਜਰਾ ਇੱਥੋਂ ਪਹਿਲਾਂ ਇੱਕ ਵਾਰ ਚੋਣ ਜਿੱਤੇ ਚੁੱਕੇ ਹਨ ਪ੍ਰੰਤੂ ਉਨ੍ਹਾਂ ਦੀ ਰਿਹਾਇਸ਼ ਲੋਕ ਸਭਾ ਹਲਕਾ ਪਟਿਆਲਾ ਵਿਚ ਪੈਂਦੀ ਹੈ। ਇਸੇ ਤਰ੍ਹਾਂ ਕਾਂਗਰਸ ਨੇ ਹਲਕਾ ਅਨੰਦਪੁਰ ਸਾਹਿਬ ਤੋਂ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਉਮੀਦਵਾਰ ਬਣਾਇਆ ਹੈ ਜੋ ਹਲਕੇ ਤੋਂ ਬਾਹਰਲੇ ਹਨ। ਹਲਕਾ ਫ਼ਰੀਦਕੋਟ ਵਿਚ ਵੀ ਬਾਹਰਲੇ ਉਮੀਦਵਾਰ ਹਨ। ਭਾਜਪਾ ਨੇ ਹਲਕਾ ਫ਼ਰੀਦਕੋਟ ਤੋਂ ਜਲੰਧਰ ਦੇ ਬਾਸ਼ਿੰਦੇ ਹੰਸ ਰਾਜ ਹੰਸ ਨੂੰ ਉਮੀਦਵਾਰ ਬਣਾਇਆ ਹੈ ਅਤੇ ਆਮ ਆਦਮੀ ਪਾਰਟੀ ਨੇ ਸੰਗਰੂਰ ਜ਼ਿਲ੍ਹੇ ਦੇ ਵਸਨੀਕ ਕਰਮਜੀਤ ਅਨਮੋਲ ਨੂੰ ਫ਼ਰੀਦਕੋਟ ਤੋਂ ਟਿਕਟ ਦਿੱਤੀ ਹੈ।
ਕਰਮਜੀਤ ਅਨਮੋਲ ਹਲਕਾ ਫ਼ਰੀਦਕੋਟ ਨਾਲ ਆਪਣਾ ਨਾਤਾ ਜੋੜਦਾ ਹੈ ਅਤੇ ਹਲਕੇ ਦੇ ਪਿੰਡ ਜਲਾਲ ਦਾ ਦੋਹਤਾ ਹੋਣ ਦੀ ਗੱਲ ਸਟੇਜਾਂ ਤੋਂ ਕਰਦਾ ਹੈ। ਜਦੋਂ ਸਿਆਸੀ ਧਿਰਾਂ ਨੂੰ ਕੋਈ ਉਮੀਦਵਾਰ ਲੱਭਦਾ ਨਹੀਂ ਤਾਂ ਬਾਹਰਲੇ ਉਮੀਦਵਾਰ ਦਾ ਸਹਾਰਾ ਲੈਣਾ ਪੈਂਦਾ ਹੈ। ਸਿਆਸੀ ਮਾਹਿਰ ਆਖਦੇ ਹਨ ਕਿ ਅਗਰ ਹਲਕੇ ਦਾ ਉਮੀਦਵਾਰ ਚੋਣਾਂ ਵਿਚ ਉਤਾਰਿਆ ਜਾਂਦਾ ਹੈ ਤਾਂ ਘੱਟੋ ਘੱਟ ਲੋਕਾਂ ਦੀ ਉਮੀਦਵਾਰ ਤੱਕ ਪਹੁੰਚ ਤਾਂ ਬਣੀ ਰਹਿੰਦੀ ਹੈ ਅਤੇ ਉਮੀਦਵਾਰ ਦਾ ਚੋਣਾਂ ਜਿੱਤਣ ਮਗਰੋਂ ਹਲਕੇ ਨਾਲ ਇੱਕ ਭਾਵੁਕ ਲਗਾਓ ਵੀ ਬਣਿਆ ਰਹਿੰਦਾ ਹੈ। ਬਾਹਰਲੇ ਜੇਤੂ ਰਹੇ ਉਮੀਦਵਾਰਾਂ ਬਾਰੇ ਅਕਸਰ ਇਹੋ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਨੇ ਜਿੱਤਣ ਮਗਰੋਂ ਹਲਕੇ ਵਿਚ ਕਦੇ ਮੂੰਹ ਨਹੀਂ ਦਿਖਾਇਆ।

Advertisement

Advertisement
Advertisement