ਪੰਨੂ ਮਾਮਲੇ ’ਚ ਭਾਰਤ ਵੱਲੋਂ ਕੀਤੀ ਕਾਰਵਾਈ ਤੋਂ ਬਾਇਡਨ ਪ੍ਰਸ਼ਾਸਨ ਸੰਤੁਸ਼ਟ
ਵਾਸ਼ਿੰਗਟਨ, 10 ਮਈ
ਭਾਰਤ ਵਿਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਨੇ ਅਮਰੀਕੀ ਸਰਜ਼ਮੀਨ ਉੱਤੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਵਿਚ ਭਾਰਤੀ ਅਧਿਕਾਰੀਆਂ ਦੀ ਸ਼ਮੂਲੀਅਤ ਸਬੰਧੀ ਦੋਸ਼ਾਂ ਨੂੰ ਲੈ ਕੇ ਭਾਰਤ ਤੋਂ ਜਿਸ ਜਵਾਬਦੇਹੀ ਦੀ ਉਮੀਦ ਕੀਤੀ ਸੀ, ਉਹ ਉਸ ਬਾਰੇ ਹੁਣ ਤੱਕ ਚੁੱਕੇ ਕਦਮਾਂ ਤੋਂ ਸੰਤੁਸ਼ਟ ਹੈ। ਅਮਰੀਕਾ ਦੇ ਸੰਘੀ ਵਕੀਲਾਂ ਨੇ ਪਿਛਲੇ ਸਾਲ ਨਵੰਬਰ ਵਿਚ ਭਾਰਤੀ ਨਾਗਰਿਕ ਨਿਖਿਲ ਗੁਪਤਾ ’ਤੇ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਵਿਚ ਭਾਰਤ ਸਰਕਾਰ ਦੇ ਇਕ ਮੁਲਾਜ਼ਮ ਨਾਲ ਮਿਲ ਕੇ ਕੰਮ ਕਰਨ ਦਾ ਦੋਸ਼ ਲਾਇਆ ਸੀ। ਅਤਿਵਾਦ ਦੇ ਦੋਸ਼ਾਂ ਤਹਿਤ ਭਾਰਤ ਵਿਚ ਲੋੜੀਂਦੇ ਪੰਨੂ ਕੋਲ ਅਮਰੀਕਾ ਤੇ ਕੈਨੇਡਾ ਦੀ ਦੋਹਰੀ ਨਾਗਰਿਕਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂਏਪੀਏ) ਤਹਿਤ ਪੰਨੂ ਨੂੰ ਦਹਿਸ਼ਤਗਰਦ ਮਨੋਨੀਤ ਕੀਤਾ ਹੋਇਆ ਹੈ। ਅਮਰੀਕੀ ਰਾਜਦੂਤ ਗਾਰਸੇਟੀ ਨੇ ਸਿਖਰਲੇ ਅਮਰੀਕੀ ਥਿੰਕ ਟੈਂਕ ‘ਵਿਦੇਸ਼ ਮਾਮਲਿਆਂ ਕੌਂਸਲ’ (ਸੀਐੱਫਆਰ) ਵੱਲੋਂ ਵੀਰਵਾਰ ਨੂੰ ਕਰਵਾਏ ਸਮਾਗਮ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘‘ਕਿਸੇ ਵੀ ਰਿਸ਼ਤੇ ਵਿਚ ਉਤਰਾਅ-ਚੜ੍ਹਾਅ ਆ ਸਕਦੇ ਹਨ ਅਤੇ ਇਸ ਮਾਮਲੇ ਵਿਚ ਇਹ ਰਿਸ਼ਤਿਆਂ ਵਿਚ ਪਹਿਲੀ ਵੱਡੀ ਲੜਾਈ ਹੋ ਸਕਦੀ ਸੀ ਅਤੇ ਸ਼ੁਕਰ ਹੈ ਕਿ ਅਸੀਂ ਜਿਹੋ ਜਿਹੀ ਜਵਾਬਦੇਹੀ ਦੀ ਉਮੀਦ ਕਰ ਰਹੇ ਸੀ, ਬਾਇਡਨ ਪ੍ਰਸ਼ਾਸਨ ਹੁਣ ਤੱਕ ਉਸ ਤੋਂ ਸੰਤੁਸ਼ਟ ਹੈ, ਕਿਉਂਕਿ ਅਮਰੀਕਾ ਤੇ ਸਾਡੇ ਨਾਗਰਿਕਾਂ ਲਈ ਇਹ ਅਸਵੀਕਾਰਯੋਗ ਹੈ।’’ ਉਨ੍ਹਾਂ ਕਿਹਾ, ‘‘ਇਹ ਇਕ ਅਪਰਾਧਿਕ ਮਾਮਲਾ ਹੈ, ਜਿਸ ਵਿਚ ਮੁਕੱਦਮਾ ਚਲਾਇਆ ਗਿਆ ਹੈ। ਜੇਕਰ ਇਸ ਵਿਚ ਸਰਕਾਰੀ ਅਨਸਰ ਸ਼ਾਮਲ ਹਨ, ਤਾਂ ਜਵਾਬਦੇਹੀ ਹੋਣੀ ਚਾਹੀਦੀ ਹੈ। ਅਸੀਂ ਨਾ ਸਿਰਫ਼ ਖ਼ੁਦ ਤੋਂ, ਬਲਕਿ ਭਾਰਤ ਤੋਂ ਵੀ ਇਸ ਜਵਾਬਦੇਹੀ ਦੀ ਆਸ ਰੱਖਦੇ ਹਾਂ।’’ ਗਾਰਸੇਟੀ ਨੇ ਕਿਹਾ, ‘‘ਭਾਰਤ ਨੇ ਇਕ ਜਾਂਚ ਕਮਿਸ਼ਨ ਬਣਾਇਆ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਨੇ ਹੁਣ ਤੱਕ ਜਿਹੜੇ ਕਦਮ ਚੁੱਕੇ ਹਨ, ਉਸ ਤੋਂ ਉਹ ਸੰਤੁਸ਼ਟ ਹਨ। ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਸੰਤੁਸ਼ਟ ਹੈ, ਪਰ ਅਸੀਂ ਅਜੇ ਵੀ ਕਈ ਕਦਮ ਚੁੱਕਣੇ ਹਨ।’’ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਸ਼ਾਸਨ ਵਿਚ ਅਮਰੀਕੀ ਵਪਾਰ ਪ੍ਰਤੀਨਿਧ ਰਹੇ ਮਾਈਕਲ ਫ੍ਰੋਮੈਨ ਵੀ ਗਾਰਸੇਟੀ ਨਾਲ ਇਸ ਵਿਚਾਰ ਚਰਚਾ ਵਿਚ ਸ਼ਾਮਲ ਹੋਏ।
ਫ੍ਰੋਮੈਨ ਨੇ ਕਿਹਾ ਕਿ ਹਰ ਕੋਈ ਇਹ ਮੰਨ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੜ ਚੁਣੇ ਜਾਣਗੇ। ਕਾਬਿਲੇਗੌਰ ਹੈ ਕਿ ‘ਵਾਸ਼ਿੰਗਟਨ ਪੋਸਟ’ ਨੇ ਅਣਪਛਾਤੇ ਸਰੋਤਾਂ ਦੇ ਹਵਾਲੇ ਨਾਲ ਪਿਛਲੇ ਸਾਲ ਅਮਰੀਕੀ ਧਰਤੀ ’ਤੇ ਪੰਨੂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਵਿਚ ਭਾਰਤ ਦੀ ਖੁਫੀਆ ਏਜੰਸੀ ‘ਰਾਅ’ ਦੇ ਇਕ ਅਧਿਕਾਰੀ ਦੀ ਸ਼ਮੂਲੀਅਤ ਸਬੰਧੀ ਦੋਸ਼ ਲਾਏ ਸਨ। ਭਾਰਤ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ ਸੀ ਕਿ ਰਿਪੋਰਟ ਵਿਚ ਇਕ ਗੰਭੀਰ ਮਾਮਲੇ ’ਤੇ ‘ਗੈਰਵਾਜਬ ਤੇ ਬੇਬੁਨਿਆਦ’ ਦੇਸ਼ ਲਗਾਏ ਗਏ ਹਨ ਤੇ ਮਾਮਲੇ ਦੀ ਜਾਂਚ ਜਾਰੀ ਹੈ। -ਪੀਟੀਆਈ
ਭਾਰਤ ਵਿਚ ਜਮਹੂਰੀਅਤ ਸਬੰਧੀ ਫ਼ਿਕਰਾਂ ਨੂੰ ਖਾਰਜ ਕੀਤਾ
ਵਾਸ਼ਿੰਗਟਨ: ਗਾਰਸੇਟੀ ਨੇ ਕੁਝ ਤਬਕਿਆਂ ਵੱਲੋਂ ਭਾਰਤ ਵਿਚ ਜਮਹੂਰੀਅਤ ਸਬੰਧੀ ਜ਼ਾਹਿਰ ਕੀਤੇ ਫ਼ਿਕਰਾਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਇਸ ਗੱਲ ਨੂੰ ਲੈ ਕੇ ‘ਸੌ ਫੀਸਦ’ ਵਿਸ਼ਵਾਸ ਜਤਾਇਆ ਕਿ ਵਾਸ਼ਿੰਟਨ, ਨਵੀਂ ਦਿੱਲੀ ਨਾਲ ਆਪਣੇ ਸਬੰਧਾਂ ’ਤੇ ਭਰੋਸਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਸਬੰਧ 21ਵੀਂ ਸਦੀ ਦੇ ਫੈਸਲਾਕੁਨ ਸਬੰਧਾਂ ਵਿਚੋਂ ਇਕ ਹੋਣਗੇ। ਗਾਰਸੇਟੀ ਨੇ ਕਿਹਾ, ‘‘ਸੁਤੰਤਰ ਤੇ ਨਿਰਪੱਖ ਚੋਣਾਂ ਦੇ ਮਾਮਲੇ ਵਿਚ ਭਾਰਤ ਅਗਲੇ ਦਸ ਸਾਲਾਂ ਵਿਚ ਇਕ ਮਕਬੂਲ ਜਮਹੂਰੀਅਤ ਬਣਨ ਜਾ ਰਿਹਾ ਹੈ, ਜੋ ਕਿ ਉਹ ਅੱਜ ਵੀ ਹੈ।’’ ਇਕ ਸਵਾਲ ਦੇ ਜਵਾਬ ਵਿਚ ਗਾਰਸੇਟੀ ਨੇ ਕਿਹਾ, ‘‘ਕੁਝ ਚੀਜ਼ਾਂ ਖਰਾਬ ਤੇ ਕੁਝ ਚੀਜ਼ਾਂ ਬਿਹਤਰ ਹਨ। ਉਨ੍ਹਾਂ ਦਾ ਕਾਨੂੰਨ ਹੈ ਕਿ ਤੁਹਾਨੂੰ ਵੋਟ ਦੇਣ ਲਈ ਦੋ ਕਿਲੋਮੀਟਰ ਤੋਂ ਵਧ ਦੂਰ ਨਹੀਂ ਜਾਣਾ ਪਏਗਾ। ਦੂਰ-ਦਰਾਜ ਪਹਾੜਾਂ ਵਿਚ ਰਹਿਣ ਵਾਲਾ ਇਕ ਵਿਅਕਤੀ ਜੋ ਵੋਟ ਦੇਣ ਨਹੀਂ ਆ ਸਕਦਾ, ਉਸ ਦੇ ਵੋਟ ਲਈ ਵੋਟਿੰਗ ਮਸ਼ੀਨ ਨੂੰ ਉਸ ਦੇ ਕੋਲ ਲਿਜਾਇਆ ਜਾਂਦਾ ਹੈ, ਚਾਹੇ ਉਸ ਲਈ ਦੋ ਦਿਨ ਪੈਦਲ ਹੀ ਕਿਉਂ ਨਾ ਚੱਲਣਾ ਪਏ।’’ ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਵਾਹਨਾਂ ਦੀ ਤਲਾਸ਼ੀ ਲੈ ਕੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਕੋਈ ਵਧੇਰੇ ਨਗ਼ਦੀ ਤਾਂ ਨਹੀਂ ਲਿਜਾ ਰਿਹਾ। -ਪੀਟੀਆਈ