ਬਾਜ਼ੀਗਰਾਂ ਦੀਆਂ ਬਾਜ਼ੀਆਂ ਨੇ ਲਈ ਨੌਜਵਾਨ ਦੀ ਜਾਨ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 26 ਜੂਨ
ਇੱਥੇ ਬਾਜ਼ੀਗਰਾਂ ਦੀਆਂ ਬਾਜ਼ੀਆਂ ਨੇ ਨੌਜਵਾਨ ਦੀ ਜਾਨ ਲੈ ਲਈ। ਪਿੰਡ ਥਾਂਦੇਵਾਲਾ ਵਿੱਚ ਬਾਜ਼ੀ ਪਾਉਂਦੇ ਸਮੇਂ ਬਾਜ਼ੀਗਰਾਂ ਵੱਲੋਂ ਪਿੰਡ ਦੇ ਮੰਦਬੁੱਧੀ ਜਗਸੀਰ ਸਿੰਘ (28) ਨੂੰ ਕਥਿਤ ਤੌਰ ’ਤੇ ਧਰਤੀ ’ਚ ਦੱਬਣ, ਕੱਚ ਉਪਰ ਨੰਗੇ ਪੈਰੀਂ ਤੋਰਨ, ਜੀਭ ’ਚੋਂ ਸੂਈਆਂ ਆਰ-ਪਾਰ ਕਰਨ, ਗਰਮ ਸੰਗਲ ਹੱਥਾਂ ਨਾਲ ਠੰਢਾ ਕਰਨ ਕਰ ਕੇ ਉਸ ਦੀ ਹਾਲਤ ਗੰਭੀਰ ਹੋ ਗਈ। ਉਸ ਦੀ ਚਾਰ ਦਿਨ ਹਸਪਤਾਲ ਰਹਿਣ ਮਗਰੋਂ ਮੌਤ ਹੋ ਗਈ। ਇਸ ਮਾਮਲੇ ’ਚ ਥਾਣਾ ਸਦਰ ਮੁਕਤਸਰ ਪੁਲੀਸ ਨੇ ਪਿਓ-ਪੁੱਤ ਸਣੇ 4 ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਗੁਰਦੇਵ ਸਿੰਘ ਵਾਸੀ ਥਾਂਦੇਵਾਲਾ ਨੇ ਦੱਸਿਆ ਕਿ ਉਸ ਦੇ ਭਰਾ ਭੱਪ ਸਿੰਘ ਦਾ ਪੁੱਤਰ ਜਗਸੀਰ ਸਿੰਘ ਮੰਦਬੁੱਧੀ ਸੀ। 20 ਜੂਨ ਨੂੰ ਵਿਜੇ ਕੁਮਾਰ, ਸੋਨੂੰ, ਗੁਰਮੀਤ ਸਿੰਘ ਵਾਸੀ ਪਿੰਡ ਥਾਂਦੇਵਾਲਾ ਅਤੇ ਬੰਟੀ ਵਾਸੀ ਪਿੰਡ ਘੜੀਆਣਾ ਜ਼ਿਲ੍ਹਾ ਫਾਜ਼ਿਲਕਾ ਵਿੱਚ ਬਾਜ਼ੀ ਪਾਉਣ ਆਏ ਸਨ। ਉਨ੍ਹਾਂ ਨੇ ਉਸ ਦੇ ਭਤੀਜੇ ਜਗਸੀਰ ਸਿੰਘ ਨੂੰ ਬਾਜ਼ੀ ਪਾਉਂਦੇ ਸਮੇਂ ਜ਼ਮੀਨ ਵਿੱਚ ਦੱਬ ਦਿੱਤਾ, ਫਿਰ ਉਸ ਦੀ ਜੀਭ ’ਚ ਸੂਈਆਂ ਮਾਰ ਕੇ ਆਰ-ਪਾਰ ਕੀਤੀਆਂ, ਨੰਗੇ ਪੈਰੀਂ ਕੱਚ ’ਤੇ ਤੋਰਿਆ ਅਤੇ ਗਰਮ ਸੰਗਲ ਹੱਥਾਂ ਨਾਲ ਠੰਢਾ ਕਰਵਾਇਆ। ਚਾਰੇ ਬਾਜ਼ੀਗਰ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਘਰ ਛੱਡ ਕੇ ਫ਼ਰਾਰ ਹੋ ਗਏ। ਜਗਸੀਰ ਸਿੰਘ ਨੂੰ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ। ਉਸ ਦੀ 24 ਜੂਨ ਨੂੰ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਸਦਰ ਮੁਕਤਸਰ ਪੁਲੀਸ ਨੇ ਮੁਲਜ਼ਮ ਵਿਜੇ ਕੁਮਾਰ, ਸੋਨੂੰ, ਗੁਰਮੀਤ ਸਿੰਘ ਵਾਸੀ ਮੁਕਤਸਰ, ਬੰਟੀ ਵਾਸੀ ਘੜੀਆਣਾ ਜ਼ਿਲ੍ਹਾ ਫ਼ਾਜ਼ਿਲਕਾ ਖਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।