For the best experience, open
https://m.punjabitribuneonline.com
on your mobile browser.
Advertisement

ਸਭ ਤੋਂ ਵਧੀਆ ਦਵਾਈ ਹਾਸਾ

06:53 AM May 05, 2024 IST
ਸਭ ਤੋਂ ਵਧੀਆ ਦਵਾਈ ਹਾਸਾ
Advertisement

ਲੈਕਚਰਾਰ ਲਲਿਤ ਗੁਪਤਾ

Advertisement

ਕਿਸੇ ਵੀ ਵਿਅਕਤੀ ਦੇ ਚਿਹਰੇ ’ਤੇ ਹਾਸਾ ਉਸ ਵਿਅਕਤੀ ਨੂੰ ਊਰਜਾਵਾਨ ਦਿਖਾਉਂਦਾ ਤੇ ਬਣਾਉਂਦਾ ਹੈ। ਹਰ ਕੰਮ ਖ਼ੁਸ਼ੀ-ਖ਼ੁਸ਼ੀ ਕਰਨ ਨਾਲ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਆਪਣੇ-ਆਪ ਖ਼ਤਮ ਹੋ ਜਾਂਦੀਆਂ ਹਨ ਅਤੇ ਜੀਵਨ ਚੰਗਾ ਲੱਗਣ ਲੱਗਦਾ ਹੈ। ਵਿਸ਼ਵ ਹਾਸਾ ਦਿਵਸ ਦੀ ਸ਼ੁਰੂਆਤ ਭਾਰਤ ਤੋਂ ਹੀ ਹੋਈ ਹੈ। ਵਿਸ਼ਵ ਹਾਸਾ ਦਿਵਸ ਹਰ ਸਾਲ ਮਈ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਪੂਰੀ ਤਰ੍ਹਾਂ ਹੱਸਣ ਅਤੇ ਹਸਾਉਣ ਨੂੰ ਸਮਰਪਿਤ ਹੈ। ਇਸ ਦਿਨ ਦੇਸ਼-ਵਿਦੇਸ਼ ਵਿੱਚ ਵੱਖ-ਵੱਖ ਤਰ੍ਹਾਂ ਦੇ ਕਾਮੇਡੀ ਮੁਕਾਬਲੇ ਅਤੇ ਸ਼ੋਅ ਕਰਵਾਏ ਜਾਂਦੇ ਹਨ। ਹਾਸਾ ਸਾਰੇ ਲੋਕਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਹਾਸਰਸ ਇੱਕ ਵਿਆਪਕ ਰਸ ਹੈ। ਇਸ ਵਿੱਚ ਜਾਤ, ਧਰਮ, ਰੰਗ, ਲਿੰਗ ਦੀ ਪਰਵਾਹ ਕੀਤੇ ਬਿਨਾਂ ਮਨੁੱਖਤਾ ਨੂੰ ਜੋੜਨ ਦੀ ਸਮਰੱਥਾ ਹੈ।
ਕੌਮਾਂਤਰੀ ਹਾਸਾ ਦਿਵਸ 11 ਜਨਵਰੀ 1998 ਨੂੰ ਮੁੰਬਈ ਵਿੱਚ ਸ਼ੁਰੂ ਹੋਇਆ ਸੀ। ਇਸ ਦੀ ਸ਼ੁਰੂਆਤ ਦਾ ਸਿਹਰਾ ਡਾ. ਮਦਨ ਕਟਾਰੀਆ ਨੂੰ ਜਾਂਦਾ ਹੈ। ਉਨ੍ਹਾਂ ਨੇ 11 ਜਨਵਰੀ 1998 ਨੂੰ ਮੁੰਬਈ ਵਿੱਚ ਪਹਿਲੀ ਵਾਰ ਵਿਸ਼ਵ ਹਾਸਾ ਦਿਵਸ ਮਨਾਇਆ ਸੀ। ਇਸ ਨੂੰ ਮਨਾਉਣ ਪਿੱਛੇ ਸਭ ਤੋਂ ਵੱਡਾ ਮਕਸਦ ਸਮਾਜ ਵਿੱਚ ਵਧ ਰਹੇ ਤਣਾਅ ਨੂੰ ਘੱਟ ਕਰਨਾ ਸੀ। ਰੋਜ਼ਾਨਾ ਦੇ ਕੰਮਾਂ ਕਾਰਨ ਲੋਕਾਂ ਦੀ ਜ਼ਿੰਦਗੀ ’ਚ ਹੱਸਣ ਦੀ ਸੰਭਾਵਨਾ ਘਟਦੀ ਜਾ ਰਹੀ ਹੈ। ਅਜਿਹੇ ’ਚ 1998 ਵਿੱਚ ਸੋਚਿਆ ਗਿਆ ਕਿ ਕਿਉਂ ਨਾ ਕੁਝ ਅਜਿਹਾ ਕੀਤਾ ਜਾਵੇ ਜਿਸ ਦੇ ਬਹਾਨੇ ਲੋਕ ਇੱਕ-ਦੂਜੇ ਨਾਲ ਗੱਲ ਕਰ ਸਕਣ ਅਤੇ ਥੋੜ੍ਹੀ ਦੇਰ ਲਈ ਹੱਸ ਸਕਣ। ਵਿਸ਼ਵ ਹਾਸਾ ਦਿਵਸ ਦੀ ਸ਼ੁਰੂਆਤ ਵਿਸ਼ਵ ਵਿੱਚ ਸ਼ਾਂਤੀ ਅਤੇ ਮਨੁੱਖਤਾ ਵਿੱਚ ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀ ਸਥਾਪਨਾ ਦੇ ਉਦੇਸ਼ ਨਾਲ ਕੀਤੀ ਗਈ ਹੈ। ਇਸ ਦਿਨ ਦੀ ਪ੍ਰਸਿੱਧੀ ‘ਹਾਸਾ ਯੋਗਾ ਅੰਦੋਲਨ’ ਦੁਆਰਾ ਪੂਰੀ ਦੁਨੀਆ ਵਿੱਚ ਫੈਲ ਗਈ। ਅੱਜ ਪੂਰੀ ਦੁਨੀਆ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਾਮੇਡੀ ਕਲੱਬ ਹਨ। ਇਸ ਮੌਕੇ ਦੇਸ਼-ਵਿਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਰੈਲੀਆਂ, ਕਾਮੇਡੀ ਮੁਕਾਬਲੇ ਅਤੇ ਕਾਨਫਰੰਸਾਂ ਕਰਵਾਈਆਂ ਜਾਂਦੀਆਂ ਹਨ।
ਜੇ ਵਿਗਿਆਨਕ ਪਹਿਲੂ ਤੋਂ ਗੱਲ ਕਰੀਏ ਤਾਂ ਹਾਸਰਸ ਮਨੁੱਖ ਦੇ ਇਲੈਕਟ੍ਰੋ-ਮੈਗਨੈਟਿਕ ਖੇਤਰ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਵਿਅਕਤੀ ਵਿੱਚ ਸਾਕਾਰਾਤਮਕ ਊਰਜਾ ਦਾ ਸੰਚਾਰ ਕਰਦਾ ਹੈ। ਜਦੋਂ ਕੋਈ ਵਿਅਕਤੀ ਇੱਕ ਸਮੂਹ ਵਿੱਚ ਹੱਸਦਾ ਹੈ ਤਾਂ ਇਹ ਸਾਕਾਰਾਤਮਕ ਊਰਜਾ ਪੂਰੇ ਖੇਤਰ ਵਿੱਚ ਫੈਲ ਜਾਂਦੀ ਹੈ ਅਤੇ ਖੇਤਰ ਵਿੱਚੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਦੀ ਹੈ।
ਇਸ ਦਿਨ ਨੂੰ ਮਨਾਉਣ ਦਾ ਸਪਸ਼ਟ ਮਕਸਦ ਲੋਕਾਂ ਨੂੰ ਹਸਾਉਣਾ ਹੈ, ਮਾਧਿਅਮ ਭਾਵੇਂ ਕੋਈ ਵੀ ਹੋਵੇ। ਜਦੋਂਕਿ ਹੱਸਣਾ ਇੱਕ ਚੰਗੀ ਕਸਰਤ ਹੈ, ਹਸਾਉਣਾ ਇੱਕ ਕਲਾ ਹੈ। ਜਦੋਂ ਤੁਸੀਂ ਹੱਸਦੇ ਹੋ, ਤੁਹਾਡੇ ਆਲੇ ਦੁਆਲੇ ਦੀ ਦੁਨੀਆ ਬਦਲ ਜਾਂਦੀ ਹੈ। ਬਿਨਾਂ ਸ਼ਰਤ ਹੱਸਣ ਨਾਲ ਸਾਨੂੰ ਅੰਦਰੋਂ ਚੰਗਾ ਮਹਿਸੂਸ ਕਰਨ ਦੀ ਸ਼ਕਤੀ ਮਿਲਦੀ ਹੈ। ਜਦੋਂ ਤੁਸੀਂ ਅੰਦਰੋਂ ਚੰਗਾ ਮਹਿਸੂਸ ਕਰਦੇ ਹੋ ਤਾਂ ਇਹ ਬਾਹਰੀ ਦੁਨੀਆ ਦੀ ਪੂਰੀ ਧਾਰਨਾ ਨੂੰ ਬਦਲ ਦਿੰਦਾ ਹੈ। ਹਾਸਾ ਸਰੀਰਕ, ਮਾਨਸਿਕ, ਸਮਾਜਿਕ ਅਤੇ ਅਧਿਆਤਮਿਕ ਤੰਦਰੁਸਤੀ ਦਾ ਸਭ ਤੋਂ ਆਸਾਨ ਉਪਾਅ ਹੈ। ਹਾਸੇ ਦਾ ਕਾਰਨ ਕੀ ਹੈ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਪਰ ਯਕੀਨੀ ਤੌਰ ’ਤੇ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈ। ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਅਤੇ ਵੱਖ-ਵੱਖ ਪਰੇਸ਼ਾਨ ਕਰਨ ਵਾਲੇ ਹਾਲਾਤ ਵਿੱਚ ਹਾਸਾ ਤੁਹਾਡੀ ਚਿੰਤਾ ਦੂਰ ਕਰਦਾ ਹੈ। ਇਸ ਨਾਲ ਤੁਹਾਡੀ ਚਿੰਤਾ ਘੱਟ ਅਤੇ ਕੈਲੋਰੀ ਬਰਨ ਹੁੰਦੀ ਹੈ।
ਹਾਸਾ ਸਭ ਤੋਂ ਵਧੀਆ ਦਵਾਈ ਹੈ ਜੋ ਹਰ ਸਥਿਤੀ ਵਿੱਚ ਕੰਮ ਕਰਦੀ ਹੈ। ਅੱਜਕੱਲ੍ਹ ‘ਲਾਫ ਥੈਰੇਪੀ’ ਭਾਵ ਲਾਫਟਰ ਥੈਰੇਪੀ ਲੋਕਾਂ ਦੇ ਤਣਾਅ ਨੂੰ ਦੂਰ ਕਰਨ ਲਈ ਆਮ ਹੀ ਵਰਤੀ ਜਾਂਦੀ ਹੈ। ਇਸ ਵਿੱਚ ਲੋਕ ਬਿਨਾਂ ਕਿਸੇ ਮਕਸਦ ਦੇ ਸਵੇਰੇ ਕਿਸੇ ਪਾਰਕ ਜਾਂ ਖੁੱਲ੍ਹੀ ਥਾਂ ਵਿੱਚ ਇਕੱਠੇ ਹੋ ਜਾਂਦੇ ਹਨ ਅਤੇ ਉੱਚੀ-ਉੱਚੀ ਹੱਸਦੇ ਹਨ। ਇਸ ਨੂੰ ‘ਲਾਫ ਥੈਰੇਪੀ’ ਕਿਹਾ ਜਾਂਦਾ ਹੈ। ਅਜਿਹਾ ਕਰਨ ਨਾਲ ਡਿਪ੍ਰੈਸ਼ਨ, ਮਾਈਗ੍ਰੇਨ, ਸਿਰ ਦਰਦ, ਤਣਾਅ ਵਰਗੀਆਂ ਬਿਮਾਰੀਆਂ ਤੋਂ ਤੁਰੰਤ ਰਾਹਤ ਮਿਲਦੀ ਹੈ।
ਆਮ ਮਨੁੱਖ ਨੂੰ ਹੱਸਣ ਦੇ ਬਹੁਤ ਸਾਰੇ ਫ਼ਾਇਦੇ ਹਨ, ਜੋ ਇਉਂ ਹਨ:
ਹਾਸਾ ਵਿਅਕਤੀ ਵਿੱਚ ਸਾਕਾਰਾਤਮਕ ਊਰਜਾ ਲਿਆਉਂਦਾ ਹੈ ਅਤੇ ਨਕਾਰਾਤਮਕ ਊਰਜਾ ਨੂੰ ਖ਼ਤਮ ਕਰਦਾ ਹੈ ਜਿਸ ਨਾਲ ਵਿਅਕਤੀ ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕਰ ਸਕਦਾ ਹੈ।
ਕਈ ਬਿਮਾਰੀਆਂ ਵੀ ਹੱਸਣ ਨਾਲ ਆਪਣੇ ਆਪ ਠੀਕ ਹੋ ਜਾਂਦੀਆਂ ਹਨ।
ਮਨੋਵਿਗਿਆਨਕ ਪ੍ਰਯੋਗਾਂ ਤੋਂ ਪਤਾ ਲੱਗਾ ਹੈ ਕਿ ਜੋ ਬੱਚੇ ਜ਼ਿਆਦਾ ਹੱਸਦੇ ਹਨ, ਉਹ ਜ਼ਿਆਦਾ ਬੁੱਧੀਮਾਨ ਹੁੰਦੇ ਹਨ।
ਜਾਪਾਨ ਦੇ ਲੋਕ ਆਪਣੇ ਬੱਚਿਆਂ ਨੂੰ ਜਨਮ ਤੋਂ ਹੀ ਹੱਸਦੇ ਰਹਿਣਾ ਸਿਖਾਉਂਦੇ ਹਨ।
ਹਾਸਰਸ ਤਣਾਅ, ਦਰਦ ਅਤੇ ਸੰਘਰਸ਼ ਦਾ ਇੱਕ ਸ਼ਕਤੀਸ਼ਾਲੀ ਤੋੜ ਹੈ। ਹਾਸਰਸ ਬੋਝ ਨੂੰ ਹਲਕਾ ਕਰਦਾ ਹੈ, ਉਮੀਦ ਨੂੰ ਪ੍ਰੇਰਿਤ ਕਰਦਾ ਹੈ, ਸਾਨੂੰ ਦੂਜਿਆਂ ਨਾਲ ਜੋੜਦਾ ਹੈ ਅਤੇ ਇਹ ਸਾਨੂੰ ਫੋਕਸ ਕਰਨ ਤੇ ਸੁਚੇਤ ਰਹਿਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਸਾਨੂੰ ਹੋਰ ਤੇਜ਼ੀ ਅਤੇ ਊਰਜਾ ਨਾਲ ਕੰਮ ਕਰਨ ਵਿੱਚ ਵੀ ਮਦਦ ਕਰਦਾ ਹੈ।
ਜਦੋਂ ਇੱਕ ਅਧਿਆਪਕ ਜਮਾਤ ਵਿੱਚ ਮੁਸਕਰਾਉਂਦੇ ਚਿਹਰੇ ਨਾਲ ਪ੍ਰਵੇਸ਼ ਕਰਦਾ ਹੈ ਤਾਂ ਬੱਚਿਆਂ ਦੇ ਚਿਹਰੇ ’ਤੇ ਰੌਣਕ ਆ ਜਾਂਦੀ ਹੈ।
ਜਦੋਂ ਇੱਕ ਡਾਕਟਰ ਕਿਸੇ ਮਰੀਜ਼ ਨਾਲ ਹੱਸ ਕੇ ਗੱਲ ਕਰ ਲਵੇ ਤਾਂ ਮਰੀਜ਼ ਅੱਧਾ ਕੁ ਤਾਂ ਵੈਸੇ ਹੀ ਠੀਕ ਹੋ ਜਾਂਦਾ ਹੈ।
ਮਨੁੱਖੀ ਸਰੀਰ ਵਿੱਚ ਪੇਟ ਅਤੇ ਛਾਤੀ ਦੇ ਵਿਚਕਾਰ ਇੱਕ ਡਾਇਆਫ੍ਰਾਮ ਹੁੰਦਾ ਹੈ ਜੋ ਹੱਸਣ ਵੇਲੇ ਸੁੰਗੜਨ ਦਾ ਕੰਮ ਕਰਦਾ ਹੈ। ਨਤੀਜੇ ਵਜੋਂ ਹੱਸਣ ਨਾਲ ਪੇਟ, ਫੇਫੜਿਆਂ ਅਤੇ ਜਿਗਰ ਦੀ ਮਾਲਸ਼ ਹੋ ਜਾਂਦੀ ਹੈ।
ਹਾਸਾ ਸਰੀਰ ਵਿੱਚ ਨਵੀਂ ਊਰਜਾ ਲਿਆਉਂਦਾ ਹੈ। ਹੱਸਣ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ। ਹੱਸਣ ਵੇਲੇ ਅਸੀਂ ਗੱਲ ਕਰਨ ਨਾਲੋਂ ਛੇ ਗੁਣਾ ਜ਼ਿਆਦਾ ਆਕਸੀਜਨ ਲੈਂਦੇ ਹਾਂ। ਇਸ ਤਰ੍ਹਾਂ ਸਰੀਰ ਨੂੰ ਆਕਸੀਜਨ ਦੀ ਚੰਗੀ ਮਾਤਰਾ ਮਿਲਦੀ ਹੈ। ਮਨੋਵਿਗਿਆਨੀ ਵੀ ਤਣਾਅ ਤੋਂ ਪੀੜਤ ਲੋਕਾਂ ਨੂੰ ਹੱਸਦੇ ਰਹਿਣ ਦੀ ਸਲਾਹ ਦਿੰਦੇ ਹਨ। ਜਦੋਂ ਤੁਸੀਂ ਹੱਸਣ ਲੱਗਦੇ ਹੋ ਤਾਂ ਸਰੀਰ ਵਿੱਚ ਖ਼ੂਨ ਦਾ ਸੰਚਾਰ ਤੇਜ਼ ਹੋ ਜਾਂਦਾ ਹੈ। ਰੋਜ਼ਾਨਾ ਖੁੱਲ੍ਹ ਕੇ ਹੱਸਣ ਨਾਲ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਮਿਲਦੀ ਹੈ।
ਹੱਸਣ ਨਾਲ ਆਕਸੀਜਨ ਦਾ ਸੰਚਾਰ ਬਹੁਤ ਤੇਜ਼ ਹੋ ਜਾਂਦਾ ਹੈ ਜਿਸ ਕਾਰਨ ਦੂਸ਼ਿਤ ਹਵਾ ਕਾਫ਼ੀ ਮਾਤਰਾ ’ਚ ਬਾਹਰ ਨਿਕਲਦੀ ਹੈ। ਨਿਯਮਿਤ ਤੌਰ ’ਤੇ ਖੁੱਲ੍ਹ ਕੇ ਹੱਸਣ ਨਾਲ ਸਰੀਰ ਦੇ ਸਾਰੇ ਹਿੱਸਿਆਂ ਨੂੰ ਮਜ਼ਬੂਤੀ ਮਿਲਦੀ, ਸਰੀਰ ਵਿੱਚ ਖ਼ੂਨ ਸੰਚਾਰ ਦੀ ਰਫ਼ਤਾਰ ਵਧਦੀ ਅਤੇ ਪਾਚਨ ਤੰਤਰ ਵਧੇਰੇ ਕੁਸ਼ਲਤਾ ਨਾਲ ਕੰਮ ਕਰਦਾ ਹੈ। ਉੱਚੀ-ਉੱਚੀ ਹੱਸਣ ਨਾਲ ਪੂਰੇ ਸਰੀਰ ਦੇ ਹਰ ਅੰਗ ਨੂੰ ਹਿਲਜੁਲ ਮਿਲਦੀ ਹੈ। ਇਸ ਦੇ ਨਤੀਜੇ ਵਜੋਂ ਸਰੀਰ ਵਿੱਚ ਮੌਜੂਦ ਐਂਡਰੋਫਿਨ ਗਲੈਂਡ (ਹਾਰਮੋਨ ਡੋਨਰ ਸਿਸਟਮ) ਨਿਰਵਿਘਨ ਚੱਲਣ ਲੱਗਦਾ ਹੈ ਜੋ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਵਿੱਚ ਮਦਦਗਾਰ ਹੁੰਦਾ ਹੈ।
ਇਹ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ’ਚ ਵੀ ਮਦਦਗਾਰ ਹੈ।
ਹਾਸਾ ਦਿਲ ਦੀ ਰੱਖਿਆ ਕਰਦਾ ਅਤੇ ਖ਼ੂਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ ਜੋ ਸਾਨੂੰ ਦਿਲ ਦੇ ਦੌਰੇ ਅਤੇ ਦਿਲ ਨਾਲ ਸਬੰਧਿਤ ਹੋਰ ਸਮੱਸਿਆਵਾਂ ਤੋਂ ਬਚਾ ਸਕਦਾ ਹੈ। ਇਹ ਕੈਲੋਰੀ ਬਰਨ ਕਰਦਾ ਹੈ। ਦਿਨ ਵਿੱਚ 10 ਤੋਂ 15 ਮਿੰਟ ਹੱਸਣ ਨਾਲ ਲਗਭਗ 40 ਕੈਲੋਰੀਆਂ ਬਰਨ ਹੋ ਸਕਦੀਆਂ ਹਨ। ਇਹ ਗੁੱਸੇ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਹ ਤੁਹਾਡੀ ਨੀਂਦ ਵਿੱਚ ਮਦਦਗਾਰ ਹੈ। ਜੇਕਰ ਤੁਸੀਂ ਸੌਣ ਤੋਂ ਪਹਿਲਾਂ ਹੱਸਦੇ ਹੋ ਤਾਂ ਇਹ ਤੁਹਾਨੂੰ ਡੂੰਘੀ ਨੀਂਦ ਵੱਲ ਲੈ ਜਾਂਦਾ ਹੈ।
ਸਮੇਂ ਨਾਲ ਸਾਡੀ ਯਾਦਦਾਸ਼ਤ ਵਿਗੜ ਜਾਂਦੀ ਹੈ। ਇਸ ਨੂੰ ਸੁਧਾਰਨ ਦਾ ਇੱਕ ਤਰੀਕਾ ਹਾਸਾ ਹੈ। ਇਸ ਨਾਲ ਸਾਡਾ ਦਿਮਾਗ਼ ਮਜ਼ਬੂਤ ਰਹਿੰਦਾ ਹੈ ਅਤੇ ਯਾਦਦਾਸ਼ਤ ਵੀ ਚੰਗੀ ਰਹਿੰਦੀ ਹੈ। ਅੰਦਰੂਨੀ ਲਾਭਾਂ ਤੋਂ ਇਲਾਵਾ, ਹਾਸਾ ਸਾਡੇ ਸਰੀਰ ਦੀਆਂ ਵੱਖ-ਵੱਖ ਮਾਸਪੇਸ਼ੀਆਂ ਦੀ ਕਸਰਤ ਕਰਨ ਵਿੱਚ ਵੀ ਮਦਦਗਾਰ ਹੁੰਦਾ ਹੈ। ਇਸ ਕਾਰਨ ਚਿਹਰੇ ਦੀਆਂ ਮਾਸਪੇਸ਼ੀਆਂ ਦੀ ਵੀ ਕਸਰਤ ਹੁੰਦੀ ਹੈ। ਹਾਸੇ ਦੇ ਮਾਨਸਿਕ ਸਿਹਤ ਲਈ ਵੀ ਲਾਭ ਹੁੰਦੇ ਹਨ ਕਿਉਂਕਿ ਇਹ ਸਾਡੇ ਜੀਵਨ ਵਿੱਚ ਆਨੰਦ ਅਤੇ ਉਤਸ਼ਾਹ ਨੂੰ ਕਾਇਮ ਰੱਖਦਾ, ਤਣਾਅ ਤੋਂ ਰਾਹਤ ਦਿੰਦਾ ਅਤੇ ਮੂਡ ਨੂੰ ਸੁਧਾਰਦਾ ਹੈ। ਮਸ਼ਹੂਰ ਮਨੋਵਿਗਿਆਨੀ ਡਾ. ਥਾਇਟਨ ਨੇ ਕਿਹਾ ਹੈ ਕਿ ਚਿਹਰੇ ਦੀਆਂ ਝੁਰੜੀਆਂ ਨੂੰ ਦੂਰ ਕਰਨ ਦੀ ਸਭ ਤੋਂ ਵਧੀਆ ਦਵਾਈ ਹੱਸਣਾ ਹੈ।
ਸ਼ੇਕਸਪੀਅਰ ਵਰਗੇ ਮਹਾਨ ਚਿੰਤਕਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਖੁਸ਼ਹਾਲ ਅਤੇ ਵੱਧ ਹੱਸਣ ਵਾਲਾ ਵਿਅਕਤੀ ਜ਼ਿਆਦਾ ਜਿਉਂਦਾ ਹੈ। ਇਸ ਲਈ ਤੁਸੀਂ ਵੀ ਹੱਸਣ ਨੂੰ ਆਪਣੀਆਂ ਆਦਤਾਂ ਵਿੱਚ ਸ਼ਾਮਲ ਕਰੋ ਅਤੇ ਫਿਰ ਦੇਖੋ ਕਿ ਤਣਾਅ ਵੀ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ ਤੇ ਤੁਹਾਡੀ ਸਿਹਤ ਵੀ ਚੰਗੀ ਰਹੇਗੀ।
ਡਾਕਟਰਾਂ ਮੁਤਾਬਿਕ ਸਿਹਤਮੰਦ ਰਹਿਣ ਲਈ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ- ਸੰਤੁਲਿਤ ਖੁਰਾਕ, ਮਨ ਦੀ ਸ਼ਾਂਤੀ ਅਤੇ ਖੁੱਲ੍ਹ ਕੇ ਹੱਸਣਾ। ਇਸ ਲਈ ਹੱਸਣ ਦਾ ਕੋਈ ਮੌਕਾ ਨਾ ਛੱਡੋ। ਸ਼ਾਇਦ ਇਸੇ ਲਈ ਇੱਕ ਕਹਾਵਤ ਹੈ ਕਿ ‘‘ਹਾਸਾ ਸਭ ਤੋਂ ਵਧੀਆ ਦਵਾਈ ਹੈ’’। ਹੁਣ ਤੁਸੀਂ ਖ਼ੁਦ ਹੀ ਦੇਖ ਲਉ ਕਿ ਹੱਸਣਾ ਕਿੰਨਾ ਜ਼ਰੂਰੀ ਹੈ। ਤੁਹਾਨੂੰ ਰੋਜ਼ਾਨਾ ਕਿਸੇ ਨਾ ਕਿਸੇ ਚੀਜ਼ ’ਤੇ ਹੱਸਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਤੁਹਾਡੀ ਸਿਹਤ ਵਧੀਆ ਰਹੇ।
ਸੰਪਰਕ: 97815-90500

Advertisement

Advertisement
Author Image

Advertisement