ਆਦਮਪੁਰ ਦਾ ਪ੍ਰੀਤਮ ਕਬਾੜੀਆ ਬਣਿਆ ਕਰੋੜਪਤੀ
ਪੱਤਰ ਪ੍ਰੇਰਕ
ਜਲੰਧਰ, 26 ਅਗਸਤ
ਆਦਮਪੁਰ ਦੇ ਗਰੀਬ ਪਰਿਵਾਰ ਦੇ ਪ੍ਰੀਤਮ ਲਾਲ ਜੱਗੀ (ਉਰਫ ਪ੍ਰੀਤਮ ਕਬਾੜੀਆ) ਪੁੱਤਰ ਚਰਨ ਦਾਸ ਜੱਗੀ ਦਾ ਰੱਖੜੀ ਬੰਪਰ ਦਾ ਪਹਿਲਾ ਇਨਾਮ 2.5 ਕਰੋੜ ਰੁਪਏ ਨਿਕਲਿਆ ਹੈ। ਪ੍ਰੀਤਮ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਆਦਮਪੁਰ ਵਿੱਚ ਕਬਾੜੀਏ ਦਾ ਕੰਮ ਕਰਦਾ ਆ ਰਿਹਾ ਹੈ। ਇਸ ਕੰਮ ਤੋਂ ਅੱਜ ਤੱਕ ਉਹ ਆਪਣਾ ਮਕਾਨ ਅਤੇ ਦੁਕਾਨ ਨਹੀਂ ਬਣਾ ਸਕਿਆ ਪਰ ਪਰਿਵਾਰ ਦਾ ਗੁਜ਼ਾਰਾ ਵਧੀਆ ਹੋ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਪਿਛਲੇ 50 ਸਾਲਾਂ ਤੋਂ ਜਦੋਂ ਪੰਜਾਬ ਸਰਕਾਰ ਦੀ ਲਾਟਰੀ ਦੀ ਟਿਕਟ ਇੱਕ ਰੁਪਏ ਦੀ ਹੁੰਦੀ ਸੀ, ਪਾਉਂਦਾ ਆ ਰਿਹਾ ਹੈ। ਉਸ ਨੇ ਕਿਹਾ ਕਿ ਪਿਛਲੇ ਹਫ਼ਤੇ ਜਲੰਧਰ ਤੋਂ ਲਾਟਰੀ ਵੇਚਣ ਆਏ ਸੇਵਕ ਨਾਮ ਦੇ ਏਜੰਟ ਕੋਲੋਂ ਉਸ ਅਤੇ ਉਸ ਦੀ ਪਤਨੀ ਅਨੀਤਾ ਜੱਗੀ (ਉਰਫ ਬਬਲੀ) ਨੇ ਦੋਹਾਂ ਦੇ ਨਾਮ ’ਤੇ ਪੰਜਾਬ ਸਰਕਾਰ ਦਾ ਰੱਖੜੀ ਬੰਪਰ 2024 ਦਾ ਟਿਕਟ ਨੰਬਰ 452749 ਖਰੀਦਿਆ ਜੋ ਕਿ ਲੂਥਰਾ ਲਾਟਰੀ ਏਜੰਸੀ ਜਲੰਧਰ ਵੱਲੋਂ ਵੇਚਿਆ ਗਿਆ ਸੀ। ਉਸ ਨੇ ਦੱਸਿਆ ਕਿ ਐਤਵਾਰ ਸਵੇਰੇ ਅਖ਼ਬਾਰ ਵਿੱਚ ਲਾਟਰੀ ਦਾ ਨਤੀਜਾ ਦੇਖਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਪਹਿਲਾ ਇਨਾਮ ਟਿਕਟ ਨੰਬਰ 452749 ਦਾ ਹੈ ਜੋ ਕਿ ਉਸ ਕੋਲ ਸੀ। ਮਗਰੋਂ ਉਸ ਨੂੰ ਜਲੰਧਰ ਤੋਂ ਲਾਟਰੀ ਵਾਲਿਆਂ ਦਾ ਇਸ ਸਬੰਧੀ ਫੋਨ ਆਇਆ। ਉਸ ਨੇ ਕਿਹਾ ਕਿ ਜਦੋਂ ਇਹ ਪੈਸੇ ਮਿਲ ਜਾਣਗੇ ਤਾਂ ਉਹ ਇਸ ਵਿਚੋਂ 25 ਫ਼ੀਸਦ ਸਮਾਜ ਸੇਵਾ ਦੇ ਕੰਮਾਂ ਤੇ ਗਰੀਬਾਂ ਲਈ ਖਰਚ ਕਰੇਗਾ। ਉਸ ਨੇ ਕਿਹਾ ਕਿ ਉਸ ਨੂੰ ਭਰੋਸਾ ਨਹੀਂ ਹੋ ਰਿਹਾ ਕਿ ਉਸ ਦੀ ਲਾਟਰੀ ਨਿਕਲ ਆਈ ਹੈ ਅਤੇ ਉਹ ਕਰੋੜਪਤੀ ਬਣ ਗਿਆ ਹੈ।