ਕਿਲ੍ਹਾ ਰਾਏਪੁਰ ਦੀਆਂ ਪੇਂਡੂ ਓਲੰਪਿਕ ਖੇਡਾਂ ਦਾ ਆਗਾਜ਼
ਸਤਵਿੰਦਰ ਬਸਰਾ/ਮਹੇਸ਼ ਸ਼ਰਮਾ
ਲੁਧਿਆਣਾ/ਮੰਡੀ ਅਹਿਮਦਗੜ੍ਹ, 12 ਫਰਵਰੀ
ਵਿਸ਼ਵ ਵਿੱਚ ਪੇਂਡੂ ਓਲੰਪਿਕ ਦੇ ਨਾਂ ਨਾਲ ਮਸ਼ਹੂਰ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੀ ਅੱਜ ਤੋਂ ਰਸਮੀ ਸ਼ੁਰੂਆਤ ਵਿਧਾਨ ਸਭਾ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਕੀਤੀ ਗਈ। ਇਸ ਵਾਰ ਭਾਵੇਂ ਕਿ ਸੂਬਾ ਸਰਕਾਰ ਨੇ ਇਨ੍ਹਾਂ ਖੇਡਾਂ ਨੂੰ ਜਿਊਂਦੀਆਂ ਰੱਖਣ ਲਈ ਆਪਣੇ ਵੱਲੋਂ ਉਪਰਾਲਾ ਕੀਤਾ ਹੈ ਪਰ ਇਹ ਕਿਲ੍ਹਾ ਰਾਏਪੁਰ ਖੇਡਾਂ ਦੀ ਅਸਲ ਦਿੱਖ ਦੇ ਪਏ ਖੱਪੇ ਨੂੰ ਪੂਰਨ ਵਿੱਚ ਸਫਲ ਨਹੀਂ ਹੋਇਆ। ਪਹਿਲਾਂ ਇਹ ਖੇਡਾਂ ਸ਼ੁੱਕਰਵਾਰ, ਸ਼ਨਿਚਰਵਾਰ ਅਤੇ ਐਤਵਾਰ ਨੂੰ ਕਰਵਾਈਆਂ ਜਾਂਦੀਆਂ ਸਨ। ਇਸ ਵਾਰ ਇਹ ਮੇਲਾ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਦਾ ਰੱਖਿਆ ਗਿਆ ਹੈ। ਤਿੰਨੋਂ ਦਿਨ ਕੰਮਕਾਜ ਵਾਲੇ ਹੋਣ ਕਰ ਕੇ ਦਰਸ਼ਕਾਂ ਦੀ ਗਿਣਤੀ ਘੱਟ ਰਹਿਣ ਦਾ ਖ਼ਦਸ਼ਾ ਹੈ। ਇਨ੍ਹਾਂ ਖੇਡਾਂ ਦੇ ਪਹਿਲੇ ਦਿਨ ਹੋਏ ਹਾਕੀ ਲੜਕੀਆਂ ਦੇ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੋਚਿੰਗ ਸੈਂਟਰ ਨਾਗਪੁਰ ਨੂੰ 9-0 ਨਾਲ, ਕੋਚਿੰਗ ਸੈਂਟਰ ਹਿਸਾਰ ਨੇ ਸ਼ਾਹਬਾਦ ਮਾਰਕੰਡਾ ਨੂੰ 1-0, ਹਾਕੀ ਲੜਕੇ ਵਿੱਚ ਸ਼ਾਹਬਾਦ ਮਾਰਕੰਡਾ ਨੇ ਜਰਖੜ ਅਕੈਡਮੀ ਨੂੰ 3-1, ਕਿਲ੍ਹਾ ਰਾਏਪੁਰ ਨੇ ਨਾਗਪੁਰ ਕੋਚਿੰਗ ਸੈਂਟਰ ਨੂੰ 4-0, ਕਰੂਕਸ਼ੇਤਰਾ ਹਾਕੀ ਅਕੈਡਮੀ ਨੇ ਸਪੋਰਟਸ ਸੈਂਟਰ ਅਮਰਗੜ੍ਹ ਸੈਂਟਰ ਨੂੰ 8-7 ਨਾਲ ਹਰਾਇਆ। 70 ਸਾਲਾਂ ਦੇ ਬਜ਼ੁਰਗਾਂ ਦੀ 100 ਮੀਟਰ ਦੌੜ ਵਿੱਚ ਮੁਹਾਲੀ ਦੇ ਰਘਵੀਰ ਸਿੰਘ, ਲੁਧਿਆਣਾ ਦੇ ਅਜੈਬ ਸਿੰਘ ਅਤੇ ਲੁਧਿਆਣਾ ਦੇ ਹੀ ਨਛੱਤਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। 65 ਸਾਲ ਦੇ ਪੁਰਸ਼ਾਂ ਦੀ 100 ਮੀਟਰ ਦੌੜ ਵਿੱਚ ਰੋਪੜ ਦੇ ਲਖਵੀਰ ਸਿੰਘ ਨੇ ਪਹਿਲਾ, ਲੁਧਿਆਣਾ ਦੇ ਜਰਨੈਲ ਗਰਚਾ ਨੇ ਦੂਜਾ ਅਤੇ ਹੁਸ਼ਿਆਰਪੁਰ ਦੇ ਰਾਮ ਤੀਰਥ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੀ 400 ਮੀਟਰ ਦੌੜ ਵਿੱਚ ਮੋਗਾ ਦਾ ਹਰਪ੍ਰੀਤ ਸਿੰਘ, ਜਲੰਧਰ ਦਾ ਜਗਮੀਤ ਸਿੰਘ ਅਤੇ ਸੰਗਰੂਰ ਦਾ ਲਵਪ੍ਰੀਤ ਸਿੰਘ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ।
ਬਲਦਾਂ ਦੀਆਂ ਦੌੜਾਂ ਵਾਲੇ ਫਿਰ ਹੋਏ ਨਿਰਾਸ਼
ਲੁਧਿਆਣਾ (ਗਗਨਦੀਪ ਅਰੋੜਾ): ਬਲਦ ਦੌੜਾਂ ਲਈ ਮਸ਼ਹੂਰ ਕਿਲ੍ਹਾ ਰਾਏਪੁਰ ਦੇ ਪੇਂਡੂ ਮਿਨੀ ਓਲੰਪਿਕ ਖੇਡ ਮੇਲੇ ਵਿੱਚ ਇਸ ਵਾਰ ਵੀ ਬਲਦਾਂ ਦੀਆਂ ਦੌੜਾਂ ਕਰਵਾਉਣ ਵਾਲੇ ਤੇ ਇਹ ਦੌੜਾਂ ਦੇਖਣ ਵਾਲੇ ਮੇਲੇ ਵਿੱਚ ਪੁੱਜੇ ਲੋਕ ਨਿਰਾਸ਼ ਹੀ ਦਿਖੇ। ਬਲਦਾਂ ਤੇ ਕੁੱਤਿਆਂ ਦੀਆਂ ਦੌੜਾਂ ਨਾ ਹੋਣ ਕਾਰਨ ਵੀ ਦਰਸ਼ਕਾਂ ਦੀ ਗਿਣਤੀ ਘੱਟ ਰਹੀ। ਪਹਿਲੀ ਵਾਰ ਇਸ ਮੇਲੇ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਕੋਲ ਹੈ। ਉਧਰ, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਵਾਰ ਖੇਡ ਮੇਲੇ ਦਾ ਸੱਦਾ ਨਹੀਂ ਮਿਲਿਆ ਤੇ ਤਿਆਰੀਆਂ ’ਚ ਪੁੱਛਿਆ ਤੱਕ ਨਹੀਂ ਗਿਆ ਜਿਸ ਕਾਰਨ ਉਹ ਮੇਲੇ ’ਚ ਨਹੀਂ ਪੁੱਜੇ। ਪਿੰਡ ਵਾਲਿਆਂ ਨੂੰ ਤਾਂ ਛੱਡੋ ਕਮੇਟੀ ਦੇ ਕਈ ਮੈਂਬਰ ਉਦਘਾਟਨੀ ਸਮਾਗਮ ’ਚੋਂ ਵੀ ਗਾਇਬ ਰਹੇ। ਪਿੰਡ ਵਾਲੇ ਆਖ ਰਹੇ ਸਨ ਕਿ ਜੇਕਰ ਬਲਦਾਂ ਦੀਆਂ ਦੌੜਾਂ ਆਉਣ ਵਾਲੇ ਸਮੇਂ ’ਚ ਸ਼ੁਰੂ ਨਾ ਹੋਈਆਂ ਤਾਂ ਇੱਕ ਦਿਨ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦਾ ਨਾਮ ਵੀ ਖਤਮ ਹੋ ਜਾਵੇਗਾ। ਇਸ ਪਿੰਡ ਦੇ ਵਸਨੀਕ ਆਤਮਾ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਆਪਣੇ ਪਿਤਾ ਮੱਖਾ ਸਿੰਘ ਨਾਲ ਮੇਲੇ ਆਉਂਦੇ ਸਨ ਤੇ ਹੁਣ ਆਪਣੇ ਪੋਤੇ ਜੁਗਰਾਜ ਨਾਲ ਆਉਂਦੇ ਹਨ। ਬਲਦਾਂ ਦੀਆਂ ਦੌੜਾਂ ਨਾ ਹੋਣ ਕਾਰਨ ਹੁਣ ਮੈਦਾਨ ’ਚ ਆਉਣ ਦਾ ਚਿੱਤ ਨਹੀਂ ਕਰਦਾ। ਇਹੀ ਗੱਲ ਪਿੰਡ ਦੇ ਸਤਨਾਮ ਸਿੰਘ ਨੇ ਵੀ ਆਖੀ।