ਪਟਿਆਲਾ ਦੇ ਚਾਰ ਬਲਾਕਾਂ ਵਿੱਚ ਮੁਕਾਬਲਿਆਂ ਦਾ ਆਗਾਜ਼
ਪੱਤਰ ਪ੍ਰੇਰਕ
ਪਟਿਆਲਾ, 2 ਸਤੰਬਰ
‘ਖੇਡਾਂ ਵਤਨ ਪੰਜਾਬ ਦੀਆਂ-2024’ ਸੀਜ਼ਨ-3 ਤਹਿਤ ਪਟਿਆਲਾ ਜ਼ਿਲ੍ਹੇ ਦੇ ਚਾਰ ਬਲਾਕਾਂ ’ਚ ਅੱਜ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਆਗਾਜ਼ ਬਹੁਤ ਉਤਸ਼ਾਹ ਨਾਲ ਹੋਇਆ। ਪਟਿਆਲਾ ਦੇ ਰਾਜਾ ਭਾਲਿੰਦਰ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਂਡ ਵਿੱਚ ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਬਲਤੇਜ ਪੰਨੂ ਤੇ ਨਗਰ ਸੁਧਾਰ ਟਰੱਸਟ ਪਟਿਆਲਾ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਪੁੱਜੇ।
ਇਸ ਮੌਕੇ ਬਲਤੇਜ ਪੰਨੂ ਨੇ ਕਿਹਾ,‘‘ਖੇਡਾਂ ਵਤਨ ਪੰਜਾਬ ਦੀਆਂ ’ਚ ਹਿੱਸਾ ਲੈ ਰਹੇ ਬੱਚਿਆਂ ਤੇ ਖਿਡਾਰੀਆਂ ਦਾ ਉਤਸ਼ਾਹ ਅਤੇ ਅੱਖਾਂ ’ਚ ਚਮਕ ਦੇਖ ਕੇ ਸਪੱਸ਼ਟ ਹੋ ਗਿਆ ਹੈ ਕਿ ਇਹ ਬੱਚੇ, ਨੌਜਵਾਨ, ਖਿਡਾਰੀ ਅਤੇ ਸਾਡਾ ਪੰਜਾਬ ਜ਼ਰੂਰ ਜਿੱਤੇਗਾ।’’ ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਹਰਪਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਪਹਿਲੇ ਪੜਾਅ ਵਿੱਚ ਚਾਰ ਬਲਾਕ ਪਟਿਆਲਾ ਦਿਹਾਤੀ, ਪਟਿਆਲਾ ਸ਼ਹਿਰੀ, ਸ਼ੰਭੂ ਕਲਾਂ ਅਤੇ ਪਾਤੜਾਂ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ, ਇਨ੍ਹਾਂ ਟੂਰਨਾਮੈਂਟ ਵਿੱਚ ਅੱਜ ਪਹਿਲੇ ਦਿਨ 4000 ਦੇ ਲਗਪਗ ਖਿਡਾਰੀਆਂ ਨੇ ਹਿੱਸਾ ਲਿਆ। ਬਲਾਕ ਸ਼ੰਭੂ ਕਲਾਂ ਦੇ ਹੋਏ ਵਾਲੀਬਾਲ (ਅੰਡਰ 14 ਉਮਰ ਵਰਗ) ਟੀਮ (ਲੜਕੇ) ਵਿੱਚ ਹਾਸਮਪੁਰ ਸਕੂਲ ਦੀ ਟੀਮ ਨੇ ਖੇੜੀ ਗੰਡਿਆ ਦੀ ਟੀਮ ਨੂੰ 7- 3 ਦੇ ਫ਼ਰਕ ਨਾਲ ਹਰਾਇਆ। ਲੜਕੀਆਂ ਵਿੱਚ ਹਾਸਮਪੁਰ ਦੀ ਟੀਮ ਨੇ ਤੇਪਲਾ ਦੀ ਟੀਮ ਨੂੰ 8-5 ਦੇ ਫ਼ਰਕ ਨਾਲ ਹਰਾਇਆ। ਬਲਾਕ ਪਟਿਆਲਾ ਦਿਹਾਤੀ ਦੇ ਹੋਏ ਮੁਕਾਬਲਿਆਂ ’ਚ (ਅੰਡਰ 17) (ਲੜਕੇ) ਵਾਲੀਬਾਲ ਵਿੱਚ ਪਹਿਲੇ ਮੈਚ ਵਿੱਚ ਸੰਤ ਬਾਬਾ ਪੂਰਨ ਦਾਸ ਸਕੂਲ ਨੇ ਸਿੱਧੂਵਾਲ ਦੀ ਟੀਮ ਨੂੰ ਹਰਾਇਆ। ਦੂਸਰੇ ਮੈਚ ਵਿੱਚ ਨੰਦਪੁਰ ਕੇਸ਼ੋ ਨੇ ਐਕਸੀਲੈਂਸ ਨੂੰ ਹਰਾਇਆ। ਅੰਡਰ-14 ਅਥਲੈਟਿਕਸ (ਲੜਕੇ) ਵਿੱਚ 60 ਮੀਟਰ ਦੌੜ ਵਿੱਚ ਕਾਵਿਆ ਯਾਦਵ ਪੋਲੋ ਗਰਾਊਂਡ ਪਹਿਲੇ, ਸਮਰਾਟ ਸਿੰਘ ਮਿਲੇਨੀਅਮ ਸਕੂਲ ਦੂਜੇ ਅਤੇ ਪ੍ਰਭਜੋਤ ਸਿੰਘ ਅਕਾਲ ਅਕੈਡਮੀ ਰੀਡਖੇੜੀ ਤੀਜੇ ਸਥਾਨ ’ਤੇ ਰਹੇ। ਲੰਬੀ ਛਾਲ ਵਿੱਚ ਪ੍ਰਭਜੋਤ ਸਿੰਘ ਨੇ ਪਹਿਲਾ, ਸਮਰਾਟ ਸਿੰਘ ਨੇ ਦੂਜਾ ਅਤੇ ਹਰਵਾਰਿਸ਼ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟਪੁੱਟ ਵਿੱਚ ਜਸਪ੍ਰੀਤ ਸਿੰਘ ਪਹਿਲੇ, ਏਮਜੋਤ ਸਿੰਘ ਦੂਜੇ ਅਤੇ ਸਹਿਬਜੋਤ ਸਿੰਘ ਤੀਜੇ ਸਥਾਨ ’ਤੇ ਰਹੇ। ਅੰਡਰ-17 ਅਥਲੈਟਿਕਸ (ਲੜਕੇ) ਵਿੱਚ 100 ਮੀਟਰ ਦੌੜ ਵਿੱਚ ਜਗਬੀਰ ਸਿੰਘ ਨੇ ਪਹਿਲਾ, ਏਕਮਪ੍ਰੀਤ ਨੇ ਦੂਜਾ ਅਤੇ ਰਘਬੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਲਾਕ ਪਟਿਆਲਾ ਸ਼ਹਿਰੀ ਦੇ ਮੁਕਾਬਲਿਆਂ ਵਿੱਚ ਖੋ-ਖੋ (ਲੜਕੇ) ਅੰਡਰ-14 ਵਿੱਚ ਰਾਮਗੜ੍ਹ ਦੀ ਟੀਮ ਨੇ ਵਜ਼ੀਦਪੁਰ ਦੀ ਟੀਮ ਨੂੰ 12-6 ਦੇ ਫ਼ਰਕ ਨਾਲ ਹਰਾਇਆ। ਦੂਸਰੇ ਮੈਚ ਵਿੱਚ ਵਜ਼ੀਦਪੁਰ ਦੀ ਟੀਮ ਨੇ ਡਕਾਲਾ ਦੀ ਟੀਮ ਨੂੰ 8- 3 ਦੇ ਫ਼ਰਕ ਨਾਲ ਹਰਾਇਆ। ਲੜਕੀਆਂ ਵਿੱਚ ਪੋਲੋ ਗਰਾਊਂਡ ਦੀ ਟੀਮ ਨੇ ਓਪੀਐੱਲ ਸਕੂਲ ਦੀ ਟੀਮ ਨੇ 16-02 ਦੇ ਫ਼ਰਕ ਨਾਲ ਹਰਾਇਆ।
ਮਾਲੇਰਕੋਟਲਾ ’ਚ ਵਿਧਾਇਕ ਨੇ ਕਰਵਾਈ ਖੇਡਾਂ ਦੀ ਸ਼ੁਰੂਆਤ
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਵਿਧਾਇਕ ਮਾਲੇਰਕੋਟਲਾ ਡਾ. ਮੁਹੰਮਦ ਜਮੀਲ-ਉਰ-ਰਹਿਮਾਨ ਨੇ ਸਥਾਨਕ ਡਾ. ਜ਼ਾਕਿਰ ਹੁਸੈਨ ਸਟੇਡੀਅਮ ਤੋਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-3 ਦੀਆਂ ਬਲਾਕ ਪੱਧਰੀ ਖੇਡਾਂ ਦੀ ਗ਼ੁਬਾਰੇ ਛੱਡ ਕੇ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਪੰਜਾਬ ਵਿੱਚ ਮੁੜ ਤੋਂ ਖੇਡ ਸਭਿਆਚਾਰ ਪ੍ਰਫੁਲਿਤ ਹੋ ਰਿਹਾ ਹੈ ਹੁਣ ਪੰਜਾਬ ਦੀ ਜਵਾਨੀ ਖੇਡ ਮੈਦਾਨ ਨਾਲ ਜੁੜ ਕੇ ਨਵਾਂ ਇਤਿਹਾਸ ਸਿਰਜਣ ਦਾ ਉਪਰਾਲਾ ਕਰ ਰਹੀ ਹੈ। ਅੱਜ ਪਹਿਲੇ ਦਿਨ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਖਿਡਾਰੀਆਂ ਨੇ ਵਾਲੀਬਾਲ, ਐਥਲੈਟਿਕਸ, ਫੁਟਬਾਲ, ਕਬੱਡੀ, ਖੋ-ਖੋ ਆਦਿ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਦੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਕਰੀਬ ਇੱਕ ਹਜ਼ਾਰ ਖਿਡਾਰੀਆਂ ਨੇ ਹਿੱਸਾ ਲਿਆ।