For the best experience, open
https://m.punjabitribuneonline.com
on your mobile browser.
Advertisement

ਭਿਖਾਰੀ

08:34 AM Aug 08, 2024 IST
ਭਿਖਾਰੀ
Advertisement

ਡਾ. ਜਸਵਿੰਦਰ ਸਿੰਘ ਬਰਾੜ

ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਮੈਂ ਆਪਣਾ ਅਸਲਾ ਜਮ੍ਹਾਂ ਕਰਵਾਉਣ ਲਈ ਜਿਉਂ ਹੀ ਥਾਣੇ ਦੇ ਬਾਹਰ ਜਾ ਕੇ ਕਾਰ ਰੋਕੀ ਤਾਂ ਤੀਹ ਪੈਂਤੀ ਸਾਲ ਦੀ ਇੱਕ ਔਰਤ, ਜਿਸ ਨੇ ਕੁੱਛੜ ਦੋ-ਤਿੰਨ ਸਾਲ ਦੀ ਕੁੜੀ ਚੁੱਕੀ ਹੋਈ ਸੀ, ਮੇਰੀ ਕਾਰ ਦੀ ਤਾਕੀ ਕੋਲ ਆ ਕੇ ਲੇਲ੍ਹੜੀਆਂ ਜਿਹੀਆਂ ਕੱਢਦੀ ਹੋਈ ਬੋਲੀ, ‘‘ਏ ਸਰਦਾਰ ਜੀ, 10 ਰੁਪਏ ਦੇ ਦੇ... ਮੇਰੀ ਆਹ ਬੱਚੀ ਕੱਲ੍ਹ ਦੀ ਭੁੱਖੀ ਐ।’’ ਮੈਨੂੰ ਮੰਗਤਿਆਂ ’ਤੇ ਬਹੁਤ ਖਿੱਝ ਆਉਂਦੀ ਹੈ ਕਿਉਂਕਿ ਇਹ ਲੋਕ ਕੰਮ ਕਰਨ ਤੋਂ ਭੱਜਦੇ ਅਤੇ ਮੰਗ ਕੇ ਖਾਣ ਨੂੰ ਤਰਜੀਹ ਦਿੰਦੇ ਹਨ। ਮੈਂ ਮਨ ਵਿੱਚ ਹਜ਼ਾਰ ਗਾਲ੍ਹ ਇਸ ਔਰਤ ਨੂੰ ਵੀ ਕੱਢੀ ਅਤੇ ਬਿਨਾਂ ਉਸ ਦੀ ਗੱਲ ਸੁਣਿਆਂ ਕਾਰ ਨੂੰ ਲੌਕ ਲਗਾ ਅਸਲਾ ਚੁੱਕ ਕੇ ਸਿੱਧਾ ਥਾਣੇ ਵੱਲ ਤੁਰ ਪਿਆ। ਉਹ ਔਰਤ ਮੈਨੂੰ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ ਪਰ ਉਸ ਦਾ ਮੇਰੇ ਤੋਂ ਉਮੀਦ ਕਰਨਾ ਬਿਲਕੁਲ ਫਾਲਤੂ ਸੀ। ਮੈਂ ਥਾਣੇ ਪਹੁੰਚਿਆ ਤੇ ਸਾਹਮਣੇ ਕੁਰਸੀ ’ਤੇ ਬੈਠੇ ਮੁਨਸ਼ੀ ਨੂੰ ਦੋਵੇਂ ਹੱਥ ਜੋੜ ਕੇ ਫਤਹਿ ਬੁਲਾਈ ਪਰ ਉਸ ਨੇ ਮੇਰੀ ਫਤਹਿ ਦਾ ਕੋਈ ਉਚੇਚਾ ਉੱਤਰ ਨਹੀਂ ਸੀ ਦਿੱਤਾ, ਐਵੇਂ ਸਰਸਰੀ ਜਿਹੀ ਧੌਣ ਹਿਲਾ ਦਿੱਤੀ ਤੇ ਆਪਣੇ ਕੰਮ ਵਿੱਚ ਰੁੱਝਿਆ ਰਿਹਾ। ਮੈਂ ਅਸਲਾ ਫੜੀ ਲਗਭਗ ਪਿਛਲੇ ਅੱਧੇ ਘੰਟੇ ਤੋਂ ਉਸ ਦੇ ਪਿਆਰ ਭਰੇ ਰਵੱਈਏ ਦਾ ਇੰਤਜ਼ਾਰ ਕਰ ਰਿਹਾ ਸੀ, ਪਰ ਉਸ ਨੇ ਅੱਧੇ ਘੰਟੇ ਬਾਅਦ ਵੀ ਖਰਵੀ ਆਵਾਜ਼ ਵਿੱਚ ਕਿਹਾ, ‘‘ਲਾਇਸੈਂਸ ਦਿਓ ਆਪਣਾ।’’ ਮੈਂ ਝੱਟ ਆਪਣਾ ਲਾਇਸੈਂਸ ਕੱਢ ਕੇ ਫੜਾ ਦਿੱਤਾ। ਉਸ ਨੇ ਲਿਖਤ ਪੜ੍ਹਤ ਕੀਤੀ ਤੇ ਬੰਦੂਕ ਫੜਾਉਣ ਲਈ ਇਸ਼ਾਰਾ ਕੀਤਾ। ਮੈਂ ਝੱਟ ਬੰਦੂਕ ਫੜਾ ਦਿੱਤੀ। ਫਿਰ ਉਸ ਨੇ ਪਿਛਲੇ ਪੌਣੇ ਘੰਟੇ ਵਿੱਚ ਦੂਜੀ ਵਾਰ ਬੋਲਦਿਆਂ ਮੇਜ਼ ’ਤੇ ਪਈ ਟੇਪਰੋਲ ਵੱਲ ਇਸ਼ਾਰਾ ਕਰਦਿਆਂ ਕਿਹਾ, ‘‘ਆਹ ਚੇਪੀ (ਟੇਪ ਰੋਲ) ਖ਼ਤਮ ਹੋ ਗਈ ਜਾਂ ਤਾਂ ਬਾਹਰੋਂ ਚੇਪੀ ਲਿਆ ਦਿਓ ਜਾਂ 100 ਰੁਪਏ ਦੇ ਦਿਓ ਅਸੀਂ ਆਪੇ ਮੰਗਵਾ ਲਵਾਂਗੇ।’’ ਮੇਰੇ ਲਈ ਇਹ ਖ਼ੁਸ਼ੀ ਵਾਲੀ ਗੱਲ ਸੀ ਕਿ ਸਰਕਾਰ ਨੇ ਮੇਰੇ ’ਤੇ ਭਰੋਸਾ ਕਰ ਕੇ ਸਿੱਧੇ ਹੀ ਮੈਥੋਂ ਪੈਸੇ ਮੰਗ ਲਏ ਸੀ। ਇਹ ਸੀ ਭਾਵੇਂ ਰਿਸ਼ਵਤ ਹੀ, ਮੈਂ ਝੱਟ ਸੌ ਦਾ ਨੋਟ ਕੱਢ ਕੇ ਫੜਾ ਦਿੱਤਾ ਤੇ ਨਾਲੇ ਉਨ੍ਹਾਂ ਤੋਂ ਭਵਿੱਖ ਵਿੱਚ ਚੰਗੇ ਵਤੀਰੇ ਦੀ ਆਸ ਵਿੱਚ ਲਗਾਤਾਰ ਤਿੰਨ-ਚਾਰ ਵਾਰ ਇੱਕੋ ਸਾਹ ਵਿੱਚ ‘ਸ਼ੁਕਰੀਆ ਜੀ ਸ਼ੁਕਰੀਆ ਜੀ’ ਕਹਿ ਦਿੱਤਾ। ਮੈਂ ਅਸਲਾ ਜਮ੍ਹਾਂ ਕਰਵਾਏ ਦੀ ਰਸੀਦ ਲੈ ਕੇ ਜਦੋਂ ਆਪਣੀ ਕਾਰ ਕੋਲ ਆਇਆ ਤਾਂ ਮੇਰੀ ਨਿਗ੍ਹਾ ਸਾਹਮਣੇ ਬੈਠੀ ਉਸ ਮੰਗਤੀ ’ਤੇ ਪਈ ਜੋ ਮੈਥੋਂ ਭੀਖ ਮੰਗਣ ਆਈ ਸੀ। ਮੈਂ ਸੋਚ ਰਿਹਾ ਸੀ ਕਿ ਅਸਲ ਭਿਖਾਰੀ ਕੌਣ ਹੈ?
ਸੰਪਰਕ: 98776-61770
* * *

Advertisement

ਪਲ

ਸੰਦੀਪ ਕੌਰ

ਰੂਪ ਦੀ ਪੜ੍ਹਾਈ ਖ਼ਤਮ ਹੁੰਦੇ ਸਾਰ ਘਰ ਵਿੱਚ ਉਸ ਦੇ ਰਿਸ਼ਤੇ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਰੂਪ ਨੇ ਵੀ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਲੈ ਕੇ ਸੁਪਨੇ ਸਜਾਉਣੇ ਸ਼ੁਰੂ ਕਰ ਦਿੱਤੇ। ਇੱਕ ਦਿਨ ਰੂਪ ਦੇ ਪਾਪਾ ਨੇ ਉਸ ਦੀ ਮਾਂ ਨੂੰ ਦੱਸਿਆ ਕਿ ਰੂਪ ਲਈ ਰਿਸ਼ਤਾ ਆਇਆ ਹੈ, ਮੁੰਡਾ ਪੜ੍ਹਿਆ ਲਿਖਿਆ, ਪਰਿਵਾਰ ਵੀ ਵਧੀਆ ਹੈ, ਬਾਕੀ ਰੂਪ ਨਾਲ ਗੱਲ ਕਰ ਲਉ ਕਿ ਉਸ ਦੀ ਕੀ ਮਰਜ਼ੀ ਹੈ। ਜਦੋਂ ਮਾਂ ਨੇ ਰੂਪ ਨਾਲ ਗੱਲ ਕੀਤੀ ਤੇ ਮੁੰਡੇ ਦੀ ਫੋਟੋ ਦਿਖਾਈ ਤਾਂ ਫੋਟੋ ਦੇਖ ਕੇ ਰੂਪ ਨੂੰ ਇੰਝ ਲੱਗਾ ਜਿਵੇਂ ਉਸ ਨੂੰ ਆਪਣੇ ਸੁਪਨਿਆਂ ਦਾ ਰਾਜਕੁਮਾਰ ਮਿਲ ਗਿਆ ਹੋਵੇ। ਉਸ ਨੇ ਸੰਗਦੀ ਨੇ ਮਾਂ ਨੂੰ ਕਿਹਾ, ‘‘ਦੇਖ ਲਉ ਜਿਵੇਂ ਤੁਹਾਨੂੰ ਠੀਕ ਲੱਗਦਾ।’’ ਮਾਂ ਰੂਪ ਦੀ ਗੱਲ ਸਮਝ ਗਈ ਸੀ ਕਿ ਮੁੰਡਾ ਰੂਪ ਨੂੰ ਪਸੰਦ ਹੈ। ਕੁਝ ਕੁ ਮਹੀਨਿਆਂ ਬਾਅਦ ਰੂਪ ਦਾ ਵਿਆਹ ਪਰਮ ਨਾਲ ਹੋ ਗਿਆ। ਪਰਮ ਵਧੀਆ ਮੁੰਡਾ ਸੀ ਪਰ ਉਹੋ ਜਿਹਾ ਨਹੀਂ ਸੀ ਜਿਹੋ ਜਿਹਾ ਰੂਪ ਨੇ ਸੋਚਿਆ ਸੀ। ਉਹ ਹਮੇਸ਼ਾ ਆਪਣੇ ਕੰਮ ਵਿੱਚ ਰੁੱਝਿਆ ਰਹਿੰਦਾ। ਕਈ ਵਾਰ ਰੂਪ ਦੀ ਗੱਲ ਵੀ ਪੂਰੀ ਨਾ ਸੁਣਦਾ। ਕਈ ਵਾਰ ਕਈ ਗੱਲਾਂ ਅਣਗੌਲਿਆਂ ਹੀ ਕਰ ਦਿੰਦਾ। ਬਹੁਤ ਵਾਰ ਤਾਂ ਰੂਪ ਨੂੰ ਬੁਰਾ ਵੀ ਲੱਗਦਾ। ਫਿਰ ਉਹ ਸੋਚਦੀ ਕਿ ਕੰਮ ਵੀ ਤਾਂ ਜ਼ਰੂਰੀ ਹੈ। ਫਿਰ ਵੀ ਉਹ ਹਮੇਸ਼ਾ ਉਸ ਪਲ ਦਾ ਇੰਤਜ਼ਾਰ ਕਰਦੀ ਕਿ ਪਰਮ ਉਸ ਨਾਲ ਆਪਣੇ ਦਿਲ ਦੀਆਂ ਗੱਲਾਂ ਕਰੇ, ਪਰ ਉਹ ਕੰਮ ਵਿੱਚ ਰੁੱਝਿਆ ਹੋਣ ਕਾਰਨ ਬਹੁਤ ਘੱਟ ਸਮਾਂ ਉਸ ਨਾਲ ਗੁਜ਼ਾਰਦਾ ਸੀ। ਰੂਪ ਨੂੰ ਭਾਵੇਂ ਇਹ ਗੱਲ ਵਧੀਆ ਨਹੀਂ ਲੱਗਦੀ ਸੀ, ਪਰ ਉਸ ਨੇ ਕਦੇ ਪਰਮ ਨੂੰ ਸ਼ਿਕਾਇਤ ਨਹੀਂ ਕੀਤੀ ਤੇ ਨਾ ਕਦੇ ਗੁੱਸਾ ਜਤਾਇਆ। ਬਸ ਉਹ ਹਮੇਸ਼ਾ ਉਸ ਪਲ ਦਾ ਇੰਤਜ਼ਾਰ ਕਰਦੀ ਰਹੀ। ਵਿਆਹ ਨੂੰ ਸੱਤ ਸਾਲ ਲੰਘ ਗਏ। ਪਰਮ ਕੰਮ ਵਿੱਚ ਹੋਰ ਵੀ ਜ਼ਿਆਦਾ ਰੁੱਝ ਗਿਆ। ਰੂਪ ਨੂੰ ਵੀ ਹੁਣ ਇੰਨਾ ਇਕੱਲਾਪਣ ਨਹੀਂ ਸੀ ਲੱਗਦਾ ਕਿਉਂਕਿ ਉਹ ਵੀ ਆਪਣੇ ਬੱਚਿਆਂ ਵਿੱਚ ਰੁੱਝੀ ਰਹਿਣ ਲੱਗੀ। ਪਰਮ ਹੁਣ ਦੂਸਰੇ ਕਮਰੇ ਵਿੱਚ ਬੈਠ ਕੇ ਘੰਟਿਆਂਬੱਧੀ ਕੰਮ ਕਰਦਾ ਰਹਿੰਦਾ। ਕਈ ਵਾਰ ਰੂਪ ਤੇ ਬੱਚੇ ਸੌਂ ਵੀ ਜਾਂਦੇ ਜਦੋਂ ਉਹ ਕੰਮ ਮੁਕਾ ਕੇ ਆਉਂਦਾ। ਸਮਾਂ ਆਪਣੀ ਚਾਲ ਚੱਲਦਾ ਗਿਆ। ਬੱਚਿਆਂ ਦੇ ਵਿਆਹ ਹੋ ਗਏ। ਧੀ ਦਾ ਵਿਆਹ ਵਿਦੇਸ਼ ਵਿੱਚ ਹੋ ਗਿਆ ਅਤੇ ਪੁੱਤ ਨੇ ਪਰਮ ਵਾਲਾ ਬਿਜ਼ਨਸ ਸੰਭਾਲ ਲਿਆ। ਇੰਨੇ ਸਾਲਾਂ ਬਾਅਦ ਇੱਕ ਗੱਲ ਵਧੀਆ ਹੋਈ ਕਿ ਰੂਪ ਤੇ ਪਰਮ ਸਵੇਰ ਦੀ ਸੈਰ ਕਰਨ ਇਕੱਠੇ ਜਾਂਦੇ। ਰੂਪ ਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੁੰਦੀ। ਇੱਕ ਸਵੇਰ ਜਦੋਂ ਪਰਮ ਨੇ ਸਵੇਰ ਦੀ ਸੈਰ ’ਤੇ ਜਾਣ ਲਈ ਰੂਪ ਨੂੰ ਜਗਾਇਆ ਤਾਂ ਉਸ ਨੇ ਸਿਹਤ ਠੀਕ ਨਾ ਹੋਣ ਕਰਕੇ ਮਨ੍ਹਾਂ ਕਰ ਦਿੱਤਾ। ਉਸ ਦਿਨ ਰੂਪ ਤੇ ਪਰਮ ਦੇ ਵਿਆਹ ਦੀ ਵਰ੍ਹੇਗੰਢ ਸੀ। ਰੂਪ ਨੂੰ ਤਾਂ ਯਾਦ ਸੀ। ਉਸ ਨੇ ਸੋਚਿਆ ਕਿ ਪਰਮ ਹਮੇਸ਼ਾ ਦੀ ਤਰ੍ਹਾਂ ਸ਼ਾਇਦ ਭੁੱਲ ਗਿਆ ਹੋਵੇ। ਸੈਰ ਤੋਂ ਵਾਪਸ ਆਉਂਦਿਆਂ ਹੀ ਪਰਮ ਨੇ ਰੂਪ ਕੋਲ ਜਾ ਕੇ ਉਸ ਦੀ ਸਿਹਤ ਬਾਰੇ ਪੁੱਛਿਆ ਅਤੇ ਉਸ ਨੂੰ ਦੁਪਹਿਰ ਨੂੰ ਤਿਆਰ ਰਹਿਣ ਲਈ ਕਿਹਾ। ਪਹਿਲਾਂ ਤਾਂ ਰੂਪ ਦਾ ਮਨ੍ਹਾਂ ਕਰਨ ਨੂੰ ਦਿਲ ਕੀਤਾ, ਫਿਰ ਉਸ ਨੇ ਪਤਾ ਨਹੀਂ ਕੀ ਸੋਚ ਕੇ ਹਾਂ ਵਿੱਚ ਸਿਰ ਹਿਲਾ ਦਿੱਤਾ। ਰੂਪ ਤਿਆਰ ਹੋ ਕੇ ਪਰਮ ਦਾ ਇੰਤਜ਼ਾਰ ਕਰ ਰਹੀ ਸੀ ਕਿ ਗੇਟ ਅੱਗੇ ਗੱਡੀ ਰੁਕਣ ਦੀ ਆਵਾਜ਼ ਆਈ। ਉਸ ਨੇ ਦੇਖਿਆ ਤਾਂ ਪਰਮ ਸੀ ਜਿਸ ਨੇ ਇਸ਼ਾਰੇ ਨਾਲ ਰੂਪ ਨੂੰ ਬਾਹਰ ਆਉਣ ਲਈ ਕਿਹਾ। ਗੱਡੀ ਇੱਕ ਰੈਸਤਰਾਂ ਕੋਲ ਜਾ ਕੇ ਰੁਕੀ। ਰੂਪ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਪਰਮ ਨੂੰ ਕੀ ਕਹੇ ਜਾਂ ਪੁੱਛੇ ਉਹ ਚੁੱਪਚਾਪ ਗੱਡੀ ਵਿੱਚੋਂ ਉਤਰ ਕੇ ਉਸ ਦੇ ਪਿੱਛੇ ਤੁਰ ਪਈ। ਅੰਦਰ ਦਾ ਮਾਹੌਲ ਬਹੁਤ ਹੀ ਵਧੀਆ ਸੀ। ਰੂਪ ਨੂੰ ਇੰਨੀ ਜ਼ਿਆਦਾ ਖ਼ੁਸ਼ੀ ਸ਼ਾਇਦ ਕਦੇ ਨਾ ਹੋਈ ਹੋਵੇ ਜਿੰਨੀ ਖ਼ੁਸ਼ ਉਹ ਅੱਜ ਸੀ। ਪਰਮ ਨੇ ਬੈਰੇ ਨੂੰ ਕੇਕ ਲਿਆਉਣ ਲਈ ਕਿਹਾ। ਕੇਕ ਆਉਣ ਤੱਕ ਉਹ ਰੂਪ ਨਾਲ ਗੱਲਾਂ ਕਰਦਾ ਰਿਹਾ ਕਿ ਮੈਂ ਹਮੇਸ਼ਾ ਕੰਮ ਵਿੱਚ ਰੁੱਝਿਆ ਰਹਿਣ ਕਰਕੇ ਤੇਰੇ ਲਈ ਸਮਾਂ ਨਾ ਕੱਢ ਸਕਿਆ, ਮੈਂ ਬਹੁਤ ਕੀਮਤੀ ਪਲ ਛੱਡ ਦਿੱਤੇ ਜੋ ਮੈਨੂੰ ਸਿਰਫ਼ ਤੇਰੇ ਨਾਲ ਬਿਤਾਉਣੇ ਚਾਹੀਦੇ ਸੀ। ਸ਼ਾਇਦ ਉਹ ਸਮਾਂ ਤਾਂ ਮੈਂ ਵਾਪਸ ਨਹੀਂ ਲਿਆ ਸਕਦਾ ਪਰ ਹੁਣ ਆਪਣੀ ਜ਼ਿੰਦਗੀ ਦਾ ਹਰ ਪਲ ਤੇਰੇ ਨਾਲ ਗੁਜ਼ਾਰਨ ਦਾ ਵਾਅਦਾ ਕਰਦਾ ਹਾਂ। ਰੂਪ ਸਭ ਕੁਝ ਸੁਣ ਰਹੀ ਸੀ ਪਰ ਬੋਲ ਕੁਝ ਨਹੀਂ ਰਹੀ ਸੀ। ਇੰਨੇ ਨੂੰ ਕੇਕ ਆ ਗਿਆ। ਪਰਮ ਨੇ ਕੇਕ ਦਾ ਇੱਕ ਟੁਕੜਾ ਕੱਟ ਕੇ ਰੂਪ ਵੱਲ ਵਧਾਉਂਦਿਆਂ ਕਿਹਾ, ‘‘ਵਿਆਹ ਦੀ ਵਰ੍ਹੇਗੰਢ ਮੁਬਾਰਕ ਮੇਰੀ ਪਿਆਰੀ। ਤੇਰਾ ਮੇਰੀ ਜ਼ਿੰਦਗੀ ਵਿੱਚ ਆਉਣ ਲਈ ਧੰਨਵਾਦ।’’ ਰੂਪ ਦੇ ਚਿਹਰੇ ’ਤੇ ਅਲੱਗ ਜਿਹੀ ਮੁਸਕਾਨ ਸੀ ਪਰ ਉਸ ਦਾ ਸਰੀਰ ਕੋਈ ਹਿਲਜੁਲ ਨਹੀਂ ਕਰ ਰਿਹਾ ਸੀ। ਸ਼ਾਇਦ ਉਹ ਇਸੇ ਪਲ ਦੇ ਇੰਤਜ਼ਾਰ ਵਿੱਚ ਜ਼ਿੰਦਗੀ ਜੀਅ ਰਹੀ ਸੀ।
ਸੰਪਰਕ: 88476-65912
* * *

ਢਿੱਡ ਦੀ ਅੱਗ

ਡਾ. ਇਕਬਾਲ ਸਿੰਘ ਸਕਰੌਦੀ

ਵੀਰਾਂ ਵਾਲੀ ਦੇ ਘਰਵਾਲੇ ਹੇਮ ਰਾਜ ਗੋਇਲ ਨੇ ਪਿਛਲੇ ਸਾਲ ਸ਼ਹਿਰ ਦੀ ਇਸ ਨਵੀਂ ਕਲੋਨੀ ਵਿੱਚ ਬਣੀ ਬਣਾਈ ਦੋ ਮੰਜ਼ਿਲਾ ਕੋਠੀ ਖ਼ਰੀਦੀ ਸੀ। ਇੱਕ ਮਹੀਨੇ ਬਾਅਦ ਹੀ ਉੱਪਰਲਾ ਹਿੱਸਾ ਉਨ੍ਹਾਂ ਨੇ ਬੈਂਕ ਦੇ ਇੱਕ ਅਫਸਰ ਨੂੰ ਕਿਰਾਏ ਉੱਤੇ ਦੇ ਦਿੱਤਾ ਸੀ। ਇਸ ਨਾਲ ਇੱਕ ਤਾਂ ਬੱਝਵੀਂ ਰਕਮ ਚੜ੍ਹੇ ਮਹੀਨੇ ਘਰ ਆਉਣ ਲੱਗ ਪਈ ਸੀ। ਦੂਜਾ, ਕਿਸੇ ਦੁੱਖ-ਸੁੱਖ ਮੌਕੇ ਦੋ ਦਿਨ ਘਰੋਂ ਬਾਹਰ ਜਾਣ ’ਤੇ ਘਰ ਸੁੰਨਾ ਨਹੀਂ ਸੀ ਰਹਿੰਦਾ।
ਉਨ੍ਹਾਂ ਦੀ ਕੋਠੀ ਦੇ ਐਨ ਸਾਹਮਣੇ ਬਸੰਤ ਸਿੰਘ ਬਰਾੜ ਦੀ ਮਹਿਲਨੁਮਾ ਵੱਡੀ ਕੋਠੀ ਸੀ। ਬਰਾੜ ਅਤੇ ਉਸ ਦੀ ਪਤਨੀ ਧਰਮਜੀਤ ਕੌਰ ਸੱਚਮੁੱਚ ਧਰਮ ਅਤੇ ਨੇਕੀ ਦੇ ਕਾਜ ਕਰਨ ਵਿੱਚ ਹਮੇਸ਼ਾ ਮੋਹਰੀ ਹੁੰਦੇ।
ਮਿਉਂਸਪਲ ਕੌਂਸਲ ਦਾ ਸਫ਼ਾਈ ਕਰਮਚਾਰੀ ਰਾਜੂ ਕਲੋਨੀ ਵਿੱਚ ਝਾੜੂ ਪੂਰੀ ਰੀਝ ਨਾਲ ਲਾਉਂਦਾ ਸੀ। ਇਸ ਦੇ ਨਾਲ ਹੀ ਉਹ ’ਕੱਲੇ ’ਕੱਲੇ ਘਰ ਤੋਂ ਕੂੜਾ ਕਰਕਟ ਵੀ ਬਿਨਾਂ ਨਾਗਾ ਆਵਾਜ਼ ਮਾਰ ਕੇ ਲੈ ਕੇ ਜਾਂਦਾ ਸੀ।
ਉਹ ਸੁਭਾਅ ਦਾ ਇੰਨਾ ਨਿੱਘਾ ਸੀ ਕਿ ਮੁਹੱਲੇ ਦਾ ਕੋਈ ਵੀ ਜੀਅ ਉਸ ਨੂੰ ਮਿਲ ਜਾਂਦਾ, ਝੱਟ ਨਮਸਤੇ, ਸਤਿ ਸ੍ਰੀ ਅਕਾਲ ਬੁਲਾਉਣਾ ਉਸ ਦੀ ਪੱਕੀ ਆਦਤ ਸੀ। ਮੀਹਾਂ ਵੇਲੇ ਕਾਲੋਨੀ ਵਿੱਚ ਕਿਤੇ-ਕਿਤੇ ਘਾਹ ਉੱਗ ਆਉਂਦਾ ਤਾਂ ਉਹ ਕਹੀ ਲੈ ਕੇ ਸਾਰੀ ਕਾਲੋਨੀ ਸਾਫ਼ ਕਰ ਦਿੰਦਾ। ਉਂਝ ਚਾਹ ਤਾਂ ਉਸ ਨੂੰ ਹੋਰ ਵੀ ਕਈ ਵਾਰ ਪਿਲਾ ਦਿੰਦੇ ਸਨ, ਪਰ ਬਹੁਤਾ ਕਰਕੇ ਉਸ ਨੂੰ ਬਰਾੜ ਸਾਹਿਬ ਦੀ ਕੋਠੀ ਦੇ ਬਾਹਰ ਚਾਹ ਪੀਂਦਿਆਂ ਜਾਂ ਰੋਟੀ ਖਾਂਦਿਆਂ ਦੇਖਿਆ ਜਾਂਦਾ ਸੀ।
ਉਂਝ ਤਾਂ ਕਾਲੋਨੀ ਦੇ ਸਾਰੇ ਵਸਨੀਕ ਉਸ ਨੂੰ ਬਹੁਤ ਪਿਆਰ ਕਰਦੇ ਸਨ, ਪਰ ਸਾਹਮਣੇ ਮੋੜ ’ਤੇ ਰਹਿੰਦਾ ਮਾਸਟਰ ਜਰਨੈਲ ਸਿੰਘ ਉਸ ਨੂੰ ਕੋਈ ਨਾ ਕੋਈ ਟੋਕਾ-ਟਾਕੀ ਕਰਦਾ ਰਹਿੰਦਾ। ਫਿਰ ਵੀ ਉਹ ਆਪਣੇ ਨਿੱਘੇ ਸੁਭਾਅ ਕਾਰਨ ਮਾਸਟਰ ਦੀਆਂ ਗੱਲਾਂ ਸੁਣ ਕੇ ਚੁੱਪ ਕਰ ਜਾਂਦਾ ਸਗੋਂ ਮਾਸਟਰ ਨੂੰ ਮੁਸਕੁਰਾ ਕੇ ਆਖਦਾ, ‘‘ਠੀਕ ਹੈ ਮਾਸਟਰ ਜੀ! ਮੈਂ ਹੁਣੇ ਕਰ ਦਿੰਦਾ ਹਾਂ ਜੀ। ਤੁਹਾਨੂੰ ਅੱਗੇ ਤੋਂ ਸ਼ਿਕਾਇਤ ਦਾ ਮੌਕਾ ਨਹੀਂ ਦਿਆਂਗਾ।’’ ਇਸ ਪ੍ਰਕਾਰ ਕਾਲੋਨੀ ਵਿੱਚ ਜਦੋਂ ਤੋਂ ਰਾਜੂ ਦੀ ਡਿਊਟੀ ਲੱਗੀ ਸੀ, ਪੂਰੀ ਕਾਲੋਨੀ ਸਾਫ਼ ਸੁਥਰੀ ਦਿਸਦੀ ਸੀ।
ਰਾਜੂ ਪੂਰਾ ਇੱਕ ਮਹੀਨਾ ਕਾਲੋਨੀ ਵਾਸੀਆਂ ਦੇ ਘਰਾਂ ਦਾ ਕੂੜਾ ਕਚਰਾ ਲਿਜਾਣ ਉਪਰੰਤ ਪਹਿਲੀ ਤਾਰੀਖ਼ ਨੂੰ ਦੁਪਹਿਰ ਤੋਂ ਬਾਅਦ ਆਪਣਾ ਬਣਦਾ ਮਿਹਨਤਾਨਾ ਲੈਣ ਲਈ ਆ ਜਾਂਦਾ। ਬਹੁਤ ਸਾਰੇ ਘਰ ਤਾਂ ਖਿੜੇ ਮੱਥੇ ਉਸ ਨੂੰ ਨਵਾਂ ਨੋਟ ਦਿੰਦੇ ਤਾਂ ਜੋ ਕਿਰਤੀ ਨੂੰ ਆਪਣੀ ਮਜ਼ਦੂਰੀ ਨਵੇਂ ਨੋਟ ਵਿੱਚ ਮਿਲੀ ਵੇਖ ਕੇ ਵਧੇਰੇ ਖ਼ੁਸ਼ੀ ਮਿਲੇ।
ਪਰ ਕਈ ਘਰ ਟਾਲ-ਮਟੋਲ ਕਰਦੇ ਹੋਏ ਕਈ ਦਿਨਾਂ ਬਾਅਦ ਉਸ ਦੇ ਪੈਸੇ ਦਿੰਦੇ। ਵੀਰਾਂ ਵਾਲੀ ਵੀ ਪੈਸੇ ਕੱਢਣ ਨੂੰ ਸਿਰੇ ਦੀ ਕੰਜੂਸ ਸੀ। ਜਦੋਂ ਵੀ ਰਾਜੂ ਪੈਸੇ ਮੰਗਦਾ, ਉਸ ਦੇ ਸਿਰ ਵਿੱਚ ਸੌ ਘੜਾ ਪਾਣੀ ਦਾ ਪੈ ਜਾਂਦਾ।
ਅੱਜ ਬਾਅਦ ਦੁਪਹਿਰ ਵੀਰਾਂ ਵਾਲੀ ਦੀ ਵੱਡੀ ਕੋਠੀ ਵਿੱਚ ਕੀਰਤਨ ਰੱਖਿਆ ਹੋਇਆ ਸੀ ਜਿਸ ਵਿੱਚ ਕਾਲੋਨੀ ਦੀਆਂ ਕੇਵਲ ਕੁੜੀਆਂ ਅਤੇ ਸੁਆਣੀਆਂ ਨੂੰ ਹੀ ਬੁਲਾਇਆ ਗਿਆ ਸੀ। ਕੀਰਤਨ ਦੀ ਸਮਾਪਤੀ ਉੱਤੇ ਇਕੱਤਰ ਹੋਈਆਂ ਸਾਰੀਆਂ ਔਰਤਾਂ ਅਤੇ ਕੁੜੀਆਂ ਨੇ ਪਹਿਲਾਂ ਗਰਮ-ਗਰਮ ਪਕੌੜੇ ਅਤੇ ਬਰਫ਼ੀ ਦਾ ਆਨੰਦ ਮਾਣਿਆ। ਫਿਰ ਸਾਰੀਆਂ ਨੇ ਰਲ਼ ਕੇ ਚਾਹ ਪੀਤੀ। ਇੰਨੇ ਲੋਕਾਂ ਦੇ ਖਾਣ ਪੀਣ ਨਾਲ ਕਚਰੇ ਦਾ ਵੱਡਾ ਟੱਬ ਭਰ ਗਿਆ ਸੀ। ਉਸੇ ਵੇਲੇ ਸਫ਼ਾਈ ਕਰਮਚਾਰੀ ਰਾਜੂ ਆਪਣਾ ਇੱਕ ਮਹੀਨੇ ਦਾ ਮਿਹਨਤਾਨਾ ਲੈਣ ਲਈ ਆ ਗਿਆ। ਉਸ ਨੂੰ ਵੇਖਦਿਆਂ ਹੀ ਵੀਰਾਂ ਵਾਲੀ ਦੇ ਮੱਥੇ ਵਟ ਪੈ ਗਏ। ਕੋਲ ਹੀ ਖੜ੍ਹੀ ਧਰਮਜੀਤ ਨੂੰ ਦੇਖ ਕੇ ਉਹ ਬੋਲੀ, ‘‘ਭੈਣ ਜੀ! ਮੈਂ ਤਾਂ ਏਸ ਕੂੜੇ ਆਲੇ ਮੁੰਡੇ ਤੋਂ ਬੜੀ ਸਤੀ ਪਈ ਆਂ। ਪਹਿਲੀ ਤਰੀਕ ਨਹੀਂ ਹੋਣ ਦਿੰਦਾ, ਝੱਟ ਪੈਸੇ ਮੰਗਣ ਆ ਖੜ੍ਹਦੈ!’’
ਸੱਚਮੁੱਚ ਧਰਮ ਨਾਲ ਜੁੜੀ ਧਰਮਜੀਤ ਨੇ ਕਿਹਾ, ‘‘ਭੈਣੇ! ਸਾਨੂੰ ਸ਼ੁਕਰ ਕਰਨਾ ਚਾਹੀਦਾ ਹੈ ਕਿ ਇਹ ਮੁੰਡਾ ਪੂਰਾ ਇੱਕ ਮਹੀਨਾ ਸਾਡੇ ਘਰ ਦਾ ਕੂੜਾ ਕਰਕਟ ਚੁੱਕ ਕੇ ਲੈ ਜਾਂਦੈ। ਜੇ ਕਿਤੇ ਇਹ ਬਿਮਾਰੀ ਠਮਾਰੀ ਵਿੱਚ ਇੱਕ ਦਿਨ ਨਾ ਆਵੇ ਤਾਂ ਆਪਣੇ ਹੀ ਘਰ ਦਾ ਕੂੜਾ ਘਰ ਵਿੱਚ ਰੱਖਣਾ ਦੁੱਭਰ ਹੋ ਜਾਂਦੈ। ਸ਼ੁਕਰ ਕਰੋ! ਇਨ੍ਹਾਂ ਥੋੜ੍ਹੇ ਜਿਹੇ ਪੈਸਿਆਂ ਨਾਲ ਸਾਡੇ ਘਰਾਂ ਵਿੱਚ ਸਫ਼ਾਈ ਹੋ ਜਾਂਦੀ ਐ! ਨਾਲੇ ਭੈਣ, ਆਹ ਢਿੱਡ ਦੀ ਅੱਗ ਬੁਝਾਉਣ ਲਈ ਹੀ ਇਹ ਲੋਕ ਇਹੋ ਜਿਹੇ ਕੰਮ ਕਰਨ ਲਈ ਮਜਬੂਰ ਹੁੰਦੇ ਹਨ। ਨਹੀਂ ਤਾਂ ਕੀਹਦਾ ਜੀਅ ਕਰਦਾ ਹੈ, ਦੂਜਿਆਂ ਦੇ ਘਰਾਂ ਦੀ ਗੰਦਗੀ ਚੁੱਕਣ ਨੂੰ।’’
ਗੁਆਂਢਣ ਦੀਆਂ ਗੱਲਾਂ ਸੁਣ ਕੇ ਵੀਰਾਂ ਵਾਲੀ ਦੀਆਂ ਅੱਖਾਂ ਖੁੱਲ੍ਹ ਗਈਆਂ। ਉਸ ਨੇ ਉਸੇ ਵੇਲੇ ਇੱਕ ਲਿਫ਼ਾਫ਼ੇ ਵਿੱਚ ਪਕੌੜੇ ਅਤੇ ਬਰਫ਼ੀ ਪਾਈ। ਲਿਫ਼ਾਫ਼ਾ ਅਤੇ ਸੌ ਰੁਪਈਆ ਰਾਜੂ ਦੇ ਹੱਥ ਫੜਾ ਦਿੱਤੇ।
ਸੰਪਰਕ: 84276-85020
* * *

ਭਾਨੋ

ਰੇਖਾ ਸ਼ਾਹ ਆਰਬੀ

ਮੁਹੱਲੇ ਦੀਆਂ ਸਾਰੀਆਂ ਔਰਤਾਂ ਦੋ ਦਿਨ ਪਹਿਲਾਂ ਵਿਆਹ ਕੇ ਆਈ ਸੁਨੀਤੀ ਦੇ ਦਾਜ ਦਾ ਸਾਮਾਨ ਦੇਖਣ ਲਈ ਜੁੜੀਆਂ ਸਨ। ਸੁਨੀਤੀ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਹ ਉਨ੍ਹਾਂ ਨੂੰ ਦਿਖਾਉਣ ਲਈ ਕੀ ਲੈ ਕੇ ਜਾਵੇ। ਉਹ ਤਾਂ ਮਾਪਿਆਂ ਤੋਂ ਸਿਰਫ਼ ਦੋ ਸੂਟਕੇਸ ਲੈ ਕੇ ਆਈ ਸੀ। ਉਸ ਦੇ ਮਾਪਿਆਂ ਦੀ ਇੰਨੀ ਹੀ ਸਮਰੱਥਾ ਸੀ। ਉਨ੍ਹਾਂ ਵਿੱਚੋਂ ਇੱਕ ਸੂਟਕੇਸ ਵਿੱਚ ਉਸ ਦੇ ਕੱਪੜੇ ਅਤੇ ਇੱਕ ਵਿੱਚ ਘਰ ਦੀ ਸਾਜ-ਸਜਾਵਟ ਦਾ ਸਾਮਾਨ ਸੀ।
ਇੰਨੇ ਨੂੰ ਉਸ ਦੀ ਸੱਸ ਮਾਂ ਕੌਸ਼ਲਿਆ ਆਈ ਅਤੇ ਬੋਲੀ, ‘‘ਸੁਨੀਤੀ ਬੇਟਾ... ਬੈਠੀ ਕਿਉਂ ਏਂ, ਇੱਕ ਸੂਟਕੇਸ ਤੂੰ ਲੈ ਕੇ ਚੱਲ ਤੇ ਇੱਕ ਮੈਂ ਲੈ ਚਲਦੀ ਹਾਂ।’’
ਸੱਸ ਮਾਂ ਦੀ ਗੱਲ ਸੁਣ ਕੇ ਉਹ ਡਰੇ ਮਨ ਨਾਲ ਸੂਟਕੇਸ ਲੈ ਕੇ ਹਾਲ ਵਿੱਚ ਆ ਗਈ।
‘‘ਹਾਏ!! ਦਾਜ ਦੇ ਨਾਂ ’ਤੇ ਸਿਰਫ਼ ਦੋ ਸੂਟਕੇਸ?’’ ਪੰਮੀ ਆਂਟੀ ਬੋਲ ਪਈ।
‘‘ਭੈਣ ਜੀ, ਸਿਰਫ਼ ਦੋ ਸੂਟਕੇਸ ਥੋੜ੍ਹਾ ਨੇ, ਨਾਲ ਅਨਮੋਲ ਹੀਰੇ ਵਰਗੀ ਇੱਕ ਨੂੰਹ ਵੀਹ ਲਿਆਈ ਹਾਂ... ਅਤੇ ਇਸ ਨਾਲੋਂ ਵੱਧ ਦਾਜ ਲਈ ਮੈਂ ਆਪ ਹੀ ਮਨ੍ਹਾਂ ਕਰ ਦਿੱਤਾ ਸੀ।’’
ਔਰਤਾਂ ਦੇ ਜਾਣ ਮਗਰੋਂ ਜਿਉਂ ਹੀ ਸੁਨੀਤੀ ਨੇ ਆਪਣੀ ਸੱਸ ਮਾਂ ਦਾ ਧੰਨਵਾਦ ਕਰਨਾ ਚਾਹਿਆ, ਇਸ ਤੋਂ ਪਹਿਲਾਂ ਹੀ ਕੌਸ਼ਲਿਆ ਬੋਲ ਪਈ, ‘‘ਦੇਖ ਧੀਏ, ਧੰਨਵਾਦ ਕਰਨ ਦੀ ਲੋੜ ਨਹੀਂ... ਮੈਨੂੰ ਇੱਕ ਸੰਸਕਾਰੀ ਨੂੰਹ ਦੀ ਲੋੜ ਸੀ, ਉਹ ਮੈਨੂੰ ਮਿਲ ਗਈ ਏ। ... ਤੇ ਰਹੀ ਦਾਜ ਦੀ ਗੱਲ ਤਾਂ ਮੈਂ ਦਾਜ ਕਰਕੇ ਆਪਣੇ ਵਿਆਹ ਮਗਰੋਂ ਆਪਣੇ ਸਹੁਰਿਆਂ ਤੋਂ ਬਥੇਰੇ ਮਿਹਣੇ ਜਰੇ ਨੇ... ਮੈਂ ਨਹੀਂ ਚਾਹੁੰਦੀ ਕਿ ਉਹੋ ਜਿਹੇ ਮਿਹਣੇ ਮੇਰੀ ਨੂੰਹ ਦੇ ਹਿੱਸੇ ਵੀ ਆਉਣ।’’
- ਪੰਜਾਬੀ ਰੂਪ: ਐਚ.ਐਚ. ਸਪਰਾ
ਸੰਪਰਕ: 94647-58523

Advertisement
Author Image

joginder kumar

View all posts

Advertisement