ਰਾਜ ਸਭਾ ਵਿੱਚ ਬੀਬੀਐੱਮਬੀ ਹਸਪਤਾਲ ਦਾ ਮੁੱਦਾ ਗੂੰਜਿਆ
ਪੱਤਰ ਪ੍ਰੇਰਕ
ਮੁਕੇਰੀਆਂ, 28 ਜੁਲਾਈ
‘ਆਪ’ ਦੇ ਸੰਸਦ ਮੈਂਬਰ ਹਰਭਜਨ ਸਿੰਘ ਨੇ ਰਾਜ ਸਭਾ ਵਿੱਚ ਬੀਬੀਐੱਮਬੀ ਹਸਪਤਾਲ ’ਚ ਮਾਹਿਰ ਡਾਕਟਰਾਂ ਅਤੇ ਲੋੜੀਂਦੀ ਮਸ਼ੀਨਰੀ ਸਣੇ ਹੋਰ ਸਹੂਲਤਾਂ ਦੀ ਘਾਟ ਦਾ ਮੁੱਦਾ ਚੁੱਕਿਆ, ਇਸ ਨਾਲ ਲੋਕਾਂ ਨੂੰ ਬਿਹਤਰ ਇਲਾਜ ਮਿਲਣ ਦੀ ਆਸ ਬੱਝੀ ਹੈ। ਬੀਬੀਐੱਮਬੀ ਤਲਵਾੜਾ ਦੇ ਹਸਪਤਾਲ ਦੀ ਇਮਾਰਤ ਦੀ ਹਾਲ ਹੀ ਵਿੱਚ ਮੁਰੰਮਤ ਕਰਵਾਈ ਗਈ ਹੈ ਪਰ ਇੱਥੇ ਮਾਹਿਰ ਡਾਕਟਰਾਂ ਦੀ ਘਾਟ ਕਾਰਨ ਸਭ ਬੇਅਰਥ ਸਾਬਤ ਹੋ ਰਿਹਾ ਹੈ।
ਦੱਸਣਯੋਗ ਹੈ ਕਿ ‘ਆਪ’ ਸੰਸਦ ਮੈਂਬਰ ਤੋਂ ਪਹਿਲਾਂ ਬੀਬੀਐਮਬੀ ਹਸਪਤਾਲ ਅੰਦਰ ਮਾਹਿਰ ਡਾਕਟਰਾਂ ਅਤੇ ਲੋੜੀਂਦੇ ਸਾਜ਼ੋ ਸਮਾਨ ਦੀ ਮੰਗ ਲਈ ਹਿਊਮਨ ਰਾਈਟਸ ਪ੍ਰੋਟੈਕਸ਼ਨ ਫਰੰਟ ਦੇ ਕੌਮੀ ਉੱਪ ਪ੍ਰਧਾਨ ਸ਼ਿਵਮ ਸ਼ਰਮਾ ਨੇ ਤਲਵਾੜਾ ਵਿੱਚ ਮੈਡੀਕਲ ਕਾਲਜ ਜਾਂ ਪੀਜੀਆਈ ਸੈਟੇਲਾਈਟ ਖੋਲ੍ਹਣ ਦੀ ਮੰਗ ਲਈ 135 ਦਿਨ ਦੀ ਭੁੱਖ ਹੜਤਾਲ ਵੀ ਕੀਤੀ ਸੀ। ਇਸੇ ਦੌਰਾਨ ਹਾਈ ਕੋਰਟ ਵਿੱਚ ਪਾਈ ਜਨਹਿੱਤ ਪਟੀਸ਼ਨ ਸਬੰਧੀ ਹੁਕਮਾਂ ਉਪਰੰਤ ਬੀਬੀਐੱਮਬੀ ਨੇ 10 ਆਰਜ਼ੀ ਡਾਕਟਰਾਂ ਦਾ ਇਸ਼ਤਿਹਾਰ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਕੁਝ ਮਾਹਿਰਾਂ ਦੀ ਇੱਥੇ ਤਾਇਨਾਤੀ ਹੋਈ ਸੀ।
ਬੀਬੀਐੱਮਬੀ ਹਸਪਤਾਲ ਦੇ ਐੱਸਐੱਮਓ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ 100 ਬਿਸਤਰਿਆਂ ਦੇ ਹਸਪਤਾਲ ਅੰਦਰ ਮਾਹਿਰ ਡਾਕਟਰਾਂ ਸਣੇ ਲੋੜੀਂਦੇ ਸਾਜ਼ੋ-ਸਾਮਾਨ ਦੀ ਵੱਡੀ ਘਾਟ ਹੈ। ਹਸਪਤਾਲ ’ਚ ਲੋੜੀਂਦੀ ਸਕੈਨਿੰਗ ਮਸ਼ੀਨ ਵੀ ਨਹੀਂ ਹੈ, ਜਦੋਂ ਔਰਤਾਂ ਦੀ ਮਾਹਿਰ ਡਾਕਟਰ ਦੀ ਤਾਇਨਾਤੀ ਵੀ ਆਰਜ਼ੀ ਤੌਰ ’ਤੇ ਕੁਝ ਘੰਟਿਆਂ ਦੀਆਂ ਸੇਵਾਵਾਂ ਲਈ ਕੀਤੀ ਗਈ ਹੈ। ਹਸਪਤਾਲ ਵਿੱਚ ਕੁੱਲ 16 ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਮਨਜ਼ੂਰ ਹਨ ਪਰ ਇੱਥੇ ਇੱਕ ਪੀਐੱਮਓ ਸਣੇ ਚਾਰ ਹੋਰ ਡਾਕਟਰ ਹੀ ਮੌਜੂਦ ਹਨ ਅਤੇ ਇਹ ਸਾਰੇ ਹੀ ਪੰਜਾਬ ਦੇ ਕੋਟੇ ਵਾਲੇ ਹਨ। ਬੀਬੀਐੱਮਬੀ ਦੇ ਹਿੱਸੇਦਾਰ ਹਰਿਆਣਾ ਤੇ ਰਾਜਸਥਾਨ ਦੇ ਕੋਟੇ ਦਾ ਕੋਈ ਮਾਹਿਰ ਡਾਕਟਰ ਨਹੀਂ ਹੈ, ਜਦੋਂ ਕਿ ਹਿਮਾਚਲ ਸਰਕਾਰ ਨੇ ਇੱਥੋਂ ਆਪਣੀ ਤਾਇਨਾਤੀ ਵਾਪਸ ਲੈ ਲਈ ਹੈ। ਡਾਕਟਰ ਕੇਵਲ ਐਮਰਜੈਂਸੀ ਹੀ ਸੰਭਾਲ ਰਹੇ ਹਨ, ਓਪੀਡੀ ਅਤੇ ਰੈਗੂਲਰ ਇਲਾਜ ਨਾਲ ਸਬੰਧਿਤ ਸੇਵਾਵਾਂ ਲਗਭਗ ਠੱਪ ਹਨ ਕਿਉਂਕਿ ਜਿਹੜਾ ਡਾਕਟਰ ਰਾਤ ਨੂੰ ਐਮਰਜੈਂਸੀ ਡਿਊਟੀ ਕਰੇਗਾ, ਉਹ ਦਿਨ ਵੇਲੇ ਓਪੀਡੀ ਅਟੈਂਡ ਨਹੀਂ ਕਰ ਸਕਦਾ। ਡਾ. ਅਮਰਜੀਤ ਸਿੰਘ ਨੇ ਕਿਹਾ ਕਿ 2000 ਦੇ ਦਹਾਕੇ ਅੰਦਰ ਇਸ ਹਸਪਤਾਲ ਵਿੱਚੋਂ ਮਾਹਿਰ ਡਾਕਟਰਾਂ ਅਤੇ ਲੋੜੀਂਦੇ ਸਟਾਫ ਦੀ ਘਾਟ ਪੈਦਾ ਹੋਣੀ ਸ਼ੁਰੂ ਹੋਈ ਸੀ, ਜਿਹੜੀ ਕਿ ਅੱਜ ਤੱਕ ਬਰਕਰਾਰ ਹੈ।
ਹਿਮਾਚਲ ਤੇ ਜੰਮੂ ਕਸ਼ਮੀਰ ਦੇ ਲੋਕਾਂ ਲਈ ਵੀ ਲਾਹੇਵੰਦ ਹੋ ਸਕਦਾ ਹੈ ਹਸਪਤਾਲ: ਐੱਸਐੱਮਓ
ਐੱਸਐੱਮਓ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਕੰਢੀ ਖੇਤਰ ਦੇ ਬਹੁ-ਗਿਣਤੀ ਲੋਕਾਂ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਠਾਨਕੋਟ ਜਾਂ ਦਿੱਲੀ ਵਰਗੇ ਵੱਡੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ, ਜਿਹੜਾ ਕਿ ਮਹਿੰਗਾ ਹੋਣ ਦੇ ਨਾਲ-ਨਾਲ ਮੁਸ਼ਕਲਾਂ ਭਰਿਆ ਵੀ ਹੈ। ਉਨ੍ਹਾਂ ਸੰਭਾਵਨਾ ਜਤਾਈ ਕਿ ਜੇਕਰ ਇੱਥੇ ਏਮਜ਼ ਜਾਂ ਪੀਜੀਆਈ ਸੈਟੇਲਾਈਟ ਵਰਗੀ ਸਹੂਲਤ ਮਿਲਦੀ ਹੈ ਤਾਂ ਇਸ ਲਈ ਬੀਬੀਐੱਮਬੀ ਦੀ ਖਾਲੀ ਪਈ ਜ਼ਮੀਨ ਅਤੇ ਖੰਡਰ ਹੁੰਦੇ ਜਾ ਰਹੇ ਕੁਆਰਟਰਾਂ ਨੂੰ ਵੀ ਵਰਤੋਂ ਵਿੱਚ ਲਿਆਂਦਾ ਜਾ ਸਕੇਗਾ। ਇਹ ਪੰਜਾਬ ਦੇ ਕੰਢੀ ਖੇਤਰ ਸਮੇਤ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਲੋਕਾਂ ਲਈ ਵੀ ਲਾਹੇਵੰਦ ਹੋਵੇਗਾ।