ਸੱਚੀ ਖ਼ੁਸ਼ੀ ਦਾ ਆਧਾਰ ਸਕਾਰਾਤਮਕ ਸੋਚ
ਬਰਜਿੰਦਰ ਕੌਰ ਬਿਸਰਾਓ
ਅੱਜ ਦੇ ਤਣਾਅ ਭਰਪੂਰ ਸਮੇਂ ਵਿੱਚ ਮਨੁੱਖ ਦੇ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਉਪਜੀਆਂ ਹਨ। ਇਹ ਸਮੱਸਿਆਵਾਂ ਕਿਸੇ ਦੁਆਰਾ ਪੈਦਾ ਕੀਤੀਆਂ ਨਹੀਂ ਬਲਕਿ ਮਨੁੱਖ ਦੁਆਰਾ ਖ਼ੁਦ ਪੈਦਾ ਕੀਤੀਆਂ ਜਾਂਦੀਆਂ ਹਨ। ਹਰ ਖੇਤਰ ਵਿੱਚ ਦੂਜਿਆਂ ਤੋਂ ਅੱਗੇ ਲੰਘਣ ਦੀ ਦੌੜ ਵਿੱਚ ਮਨੁੱਖ ਆਪਣੀਆਂ ਸਦਾਚਾਰਕ ਕਦਰਾਂ-ਕੀਮਤਾਂ ਭੁੱਲਦਾ ਜਾ ਰਿਹਾ ਹੈ। ਜਿੱਥੇ ਸਦਾਚਾਰਕ ਜੀਵਨ ਜਿਊਣ ਦੀ ਥਾਂ ਮਨੁੱਖ ਹਰ ਸਮੇਂ ਅੱਖਾਂ ਵਿੱਚ ਬਣਾਉਟੀ ਆਸ਼ਿਆਨੇ ਲੈ ਕੇ ਘੁੰਮ ਰਿਹਾ ਹੋਵੇ, ਉੱਥੇ ਮਨ ਨੂੰ ਸਕੂਨ ਕਿੱਥੇ ਮਿਲ ਸਕਦਾ ਹੈ? ਬਿਲਕੁਲ ਉਸੇ ਤਰ੍ਹਾਂ ਜਿਵੇਂ ਗੁਲਾਬ ਦੇ ਅਸਲੀ ਫੁੱਲ ਦੀ ਮਹਿਕ ਲੈਂਦਿਆਂ ਚਿਹਰੇ ’ਤੇ ਮੁਸਕਰਾਹਟ ਅਤੇ ਕਾਗਜ਼ੀ ਫੁੱਲ ਨੂੰ ਸੁੰਘਿਆਂ ਮੱਥੇ ’ਤੇ ਤਿਉੜੀ ਉੱਭਰ ਆਉਂਦੀ ਹੈ।
ਪੁਰਾਣੇ ਲੋਕ ਅਮੀਰ ਨਹੀਂ ਪਰ ਅਸਲੀ ਜ਼ਿੰਦਗੀ ਜਿਊਂਦੇ ਸਨ ਤੇ ਉਨ੍ਹਾਂ ਦੇ ਚਿਹਰੇ ਹਰ ਸਮੇਂ ਖਿੜੇ ਰਹਿੰਦੇ ਸਨ। ਇਸ ਤੋਂ ਉਲਟ ਅੱਜ ਦੀ ਬਣਾਉਟੀ ਸੁਪਨਿਆਂ ਦੀ ਦੁਨੀਆ ਨੇ ਮਨੁੱਖ ਦੇ ਮੱਥੇ ’ਤੇ ਤਿਉੜੀ ਹੀ ਉੱਕਰ ਦਿੱਤੀ ਹੈ। ਇਹ ਤਿਉੜੀ ਮਨੁੱਖ ਨੂੰ ਸਕੂਨ ਨਹੀਂ ਲੈਣ ਦਿੰਦੀ, ਜਿਸ ਨਾਲ ਉਸ ਦੇ ਅੰਦਰੋਂ-ਅੰਦਰ ਨਕਾਰਾਤਮਕਤਾ ਦਾ ਕੀੜਾ ਘੁਣ ਵਾਂਗ ਲੱਗ ਜਾਂਦਾ ਹੈ ਜੋ ਸਮਾਂ ਪੈਣ ’ਤੇ ਡੂੰਘੀ ਨਿਰਾਸ਼ਤਾ ਅਤੇ ਬਿਮਾਰੀਆਂ ਵੱਲ ਧੱਕਦਾ ਤੁਰਿਆ ਜਾਂਦਾ ਹੈ। ਇਹੋ ਜਿਹੀ ਸਥਿਤੀ ਤੋਂ ਬਚਣ ਲਈ ਮਨੁੱਖ ਨੂੰ ਆਪਣੇ ਅੰਦਰ ਸਕਾਰਾਤਮਕ ਸੋਚ ਪੈਦਾ ਕਰਨ ਦੀ ਲੋੜ ਹੈ।
ਅਸਲ ਵਿੱਚ ਸਕਾਰਾਤਮਕ ਸੋਚ ਕੀ ਹੁੰਦੀ ਹੈ? ਇਸ ਬਾਰੇ ਜਾਣਨਾ ਵੀ ਜ਼ਰੂਰੀ ਹੈ। ਸਕਾਰਾਤਮਕ ਭਾਵ ਸਾਕਾਰ ਆਤਮਕ। ਸਾਕਾਰ ਦਾ ਅਰਥ ਅਸਲੀ ਹੁੰਦਾ ਹੈ ਅਤੇ ਆਤਮਿਕ ਦਾ ਅਰਥ ਆਤਮਾ ਨਾਲ ਸਬੰਧਤ। ਇਸ ਦਾ ਸਹੀ ਅਰਥ ਇਹ ਹੋਇਆ ਕਿ ਸਾਡਾ ਮਨ ਭਾਵ ਆਤਮਾ ਅਸਲੀ ਸੋਚ ਧਾਰਨ ਕਰੇ। ਫਿਰ ਮਨੁੱਖ ਜੋ ਸਾਰਾ ਦਿਨ ਇੱਕ ਸੋਚਾਂ ਦੀ ਪੰਡ ਦਿਮਾਗ਼ ਵਿੱਚ ਚੁੱਕੀ ਫਿਰਦਾ ਹੈ, ਕੀ ਉਹ ਅਸਲੀ ਸੋਚ ਨਹੀਂ ਹੁੰਦੀ? ਨਹੀਂ ,ਉਹ ਅਸਲੀ ਸੋਚ ਬਿਲਕੁਲ ਨਹੀਂ ਹੁੰਦੀ ਕਿਉਂਕਿ ਜੋ ਮਨੁੱਖ ਆਪਣੇ ਆਲੇ-ਦੁਆਲੇ ਦੇਖਦਾ, ਸੁਣਦਾ ਹੈ, ਹਰ ਸੋਚ ਉਸੇ ਦੇ ਆਧਾਰ ’ਤੇ ਉਪਜੀ ਹੋਈ ਹੁੰਦੀ ਹੈ। ਉਸ ਵਿੱਚੋਂ ਗੁੱਸਾ, ਪਿਆਰ, ਨਫ਼ਰਤ, ਖਿੱਝਣਾ, ਜਵਾਬ, ਸਵਾਲ ਉਪਜਦੇ ਹਨ। ਇਸ ਦੇ ਨਾਲ-ਨਾਲ ਹੀ ਉਸ ਦੇ ਚਿਹਰੇ ਦੇ ਹਾਵ-ਭਾਵ ਬਦਲਦੇ ਰਹਿੰਦੇ ਹਨ।
ਸਕਾਰਾਤਮਕ ਸੋਚ ਪੈਦਾ ਕਰਨ ਲਈ ਵਿਅਕਤੀ ਨੂੰ ਆਪਣੀ ਮਾਨਸਿਕਤਾ ਨੂੰ ਤੰਦਰੁਸਤ ਬਣਾਉਣਾ ਪਵੇਗਾ, ਦਿਮਾਗ਼ ਅੰਦਰ ਵਗ ਰਹੇ ਸੋਚਾਂ ਦੇ ਵਾਵਰੋਲਿਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ। ਇਹ ਤਾਂ ਹੀ ਸੰਭਵ ਹੈ ਜੇਕਰ ਮਾਨਵ ਹਰ ਵਾਪਰ ਰਹੀ ਘਟਨਾ ਨੂੰ ਜ਼ਿਹਨ ਵਿੱਚ ਬਿਠਾਉਣ ਦੀ ਥਾਂ ਉਸ ਦੀ ਅਸਲੀਅਤ ਨੂੰ ਸਮਝਣ ਦਾ ਜੇਰਾ ਰੱਖਣ ਲੱਗ ਪਵੇਗਾ। ਜ਼ਿੰਦਗੀ ਵਿੱਚ ਕਿਸੇ ਛੋਟੀ ਜਿਹੀ ਮੁਸ਼ਕਲ ਨੂੰ ਵੱਡੀ ਮੁਸੀਬਤ ਸਮਝ ਲੈਣਾ ਤੇ ਢੇਰੀ ਢਾਹ ਕੇ ਬਹਿ ਜਾਣਾ ਜਾਂ ਫਿਰ ਉਸੇ ਮੁਸ਼ਕਿਲ ਦਾ ਹੱਲ ਕੱਢਣ ਵਿੱਚ ਜੁਟ ਜਾਣਾ ਅਤੇ ਹੋਰ ਤਕੜੇ ਹੋ ਜਾਣਾ, ਇਹ ਮਨੁੱਖ ਦੀ ਨਿਰੋਲ ਆਪਣੀ ਸੋਚ ਉੱਤੇ ਨਿਰਭਰ ਕਰਦਾ ਹੈ। ਇੱਥੋਂ ਹੀ ਉਸ ਦੇ ਅੰਦਰ ਨਕਾਰਾਤਮਕ ਜਾਂ ਸਕਾਰਾਤਮਕ ਸੋਚ ਪੈਦਾ ਹੁੰਦੀ ਹੈ।
ਕਈ ਲੋਕਾਂ ਦਾ ਮੰਨਣਾ ਹੈ ਕਿ ਦੁਨੀਆ ਵਿੱਚ ਨਕਾਰਾਤਮਕ ਚੀਜ਼ਾਂ ਜਾਂ ਘਟਨਾਵਾਂ ਤੋਂ ਬਚ ਕੇ ਨਿਕਲਣ ਨੂੰ ਜਾਂ ਕਿਸੇ ਵਿਗੜੇ ਹੋਏ ਸਿਸਟਮ ਨੂੰ ਬਣਾਉਟੀ ਪਰਤ ਨਾਲ ਸ਼ਿੰਗਾਰ ਕੇ ਵੇਖਣ ਨੂੰ ਹੀ ਸਕਾਰਾਤਮਕ ਵਿਕਾਸ ਕਿਹਾ ਜਾਂਦਾ ਹੈ। ਨਹੀਂ, ਇਸ ਤਰ੍ਹਾਂ ਬਿਲਕੁਲ ਨਹੀਂ ਹੈ। ਅਸਲ ਵਿੱਚ ਸਕਾਰਾਤਮਕ ਸੋਚ ਦਾ ਅਰਥ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਦਲੇਰੀ ਅਤੇ ਖਿੜੇ ਮੱਥੇ ਸਾਹਮਣਾ ਕਰਨਾ ਹੁੰਦਾ ਹੈ। ਸਕਾਰਾਤਮਕ ਸੋਚ ਪੈਦਾ ਕਰਨ ਲਈ ਆਸ਼ਾਵਾਦੀ ਬਣਨਾ ਪੈਂਦਾ ਹੈ, ਚੜ੍ਹਦੀ ਕਲਾ ਵਿੱਚ ਰਹਿਣਾ ਪੈਂਦਾ ਹੈ ਅਤੇ ਅੰਦਰੋਂ ਦਲੇਰ ਬਣਨਾ ਪੈਂਦਾ ਹੈ। ਉਸ ਵਿੱਚ ਘਬਰਾਹਟ ਨਹੀਂ ਹੁੰਦੀ, ਉਸ ਵਿੱਚ ਢਹਿੰਦੀ ਕਲਾ ਨਹੀਂ ਹੁੰਦੀ, ਉਸ ਵਿੱਚ ਭੈਅ ਨਹੀਂ ਹੁੰਦਾ।
ਉਦਾਹਰਨ ਦੇ ਤੌਰ ’ਤੇ ਸਾਡੇ ਸਮਾਜ ਵਿੱਚ ਜਦ ਕਦੇ ਕੁੱਤੇ ਦੇ ਉੱਚੀ ਉੱਚੀ ਰੋਣ ਦੀ ਆਵਾਜ਼ ਆਵੇ ਤਾਂ ਬਹੁਤੇ ਲੋਕ ਘਰਾਂ ਵਿੱਚੋਂ ਬਾਹਰ ਨਿਕਲ ਕੇ ਉਸ ਦੇ ਪੱਥਰ ਮਾਰਨੇ ਸ਼ੁਰੂ ਕਰ ਦਿੰਦੇ ਹਨ। ਉਸ ਨੂੰ ਕੀ ਤਕਲੀਫ਼ ਹੈ? ਉਸ ਨੂੰ ਭੁੱਖ ਲੱਗੀ ਹੋਈ ਹੋ ਸਕਦੀ ਹੈ, ਉਹ ਬਿਮਾਰ ਹੋ ਸਕਦਾ ਹੈ, ਉਸ ਨੂੰ ਠੰਢ ਲੱਗਦੀ ਹੈ। ਇਹ ਸਭ ਸੋਚੇ ਬਿਨਾਂ ਉਸ ਨੂੰ ਭਜਾਉਣ ਦੇ ਚੱਕਰ ਵਿੱਚ ਪੱਥਰ ਮਾਰਨ ਲੱਗਦੇ ਹਨ ਤੇ ਉਸ ਨੂੰ ਹੋਰ ਤਕਲੀਫ਼ ਵਿੱਚ ਪਾ ਦਿੰਦੇ ਹਨ ਜਿਸ ਕਰਕੇ ਉਹ ਵਾਰ-ਵਾਰ ਰੋਂਦਾ ਹੈ। ਫਿਰ ਇਹ ਨਕਾਰਾਤਮਕ ਧਾਰਨਾ ਲੋਕਾਂ ਅੰਦਰ ਜਨਮ ਲੈਂਦੀ ਹੈ ਕਿ ਹੁਣ ਕੁਝ ਮਾੜਾ ਵਾਪਰਨ ਵਾਲਾ ਹੈ ਜਿਹੜਾ ਇਹ ਵਾਰ-ਵਾਰ ਰੋ ਰਿਹਾ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ ਉਸ ਨੂੰ ਵੀ ਤਕਲੀਫ਼ ਵਿੱਚ ਪਹੁੰਚਾ ਰਹੇ ਹੁੰਦੇ ਹੋ ਅਤੇ ਡਰ ਤੇ ਸਹਿਮ ਵਾਲਾ ਵਾਤਾਵਰਨ ਵੀ ਸਿਰਜ ਰਹੇ ਹੁੰਦੇ ਹੋ। ਇਸ ਤੋਂ ਉਲਟ ਜੇਕਰ ਤੁਸੀਂ ਸਕਾਰਾਤਮਕ ਸੋਚ ਰੱਖਦੇ ਹੋ ਤਾਂ ਉਸ ਨੂੰ ਮਾਰਨ ਦੀ ਬਜਾਏ ਉਸ ਦਾ ਹਲ ਕੱਢ ਕੇ, ਉਸ ਦਾ ਇਲਾਜ ਕਰਵਾ ਕੇ ਉਸ ਦਾ ਦਰਦ ਘੱਟ ਕਰਨ ਦੀ ਕੋਸ਼ਿਸ਼ ਕਰੋਗੇ। ਇਸ ਨਾਲ ਤੁਹਾਡੇ ਅੰਦਰ ਵੀ ਸੱਚੀ ਖ਼ੁਸ਼ੀ ਪੈਦਾ ਹੋਵੇਗੀ ਅਤੇ ਆਲੇ-ਦੁਆਲੇ ਦਾ ਮਾਹੌਲ ਵੀ ਖ਼ੁਸ਼ਗਵਾਰ ਬਣਾਉਣ ਵਿੱਚ ਕਾਮਯਾਬ ਹੋਵੋਗੇ।
ਸਕਾਰਾਤਮਕ ਸੋਚ ਦਾ ਬੀਜ ਆਪਣੇ ਅੰਦਰ ਪੈਦਾ ਕਰਨਾ ਪੈਂਦਾ ਹੈ। ਇਸ ਨੂੰ ਖ਼ੁਸ਼ੀ, ਪਿਆਰ, ਸੱਚ ਅਤੇ ਸਤਿਕਾਰ ਆਦਿ ਭਾਵਨਾਵਾਂ ਨਾਲ ਸਿੰਜਿਆ ਜਾਂਦਾ ਹੈ। ਸਕਾਰਾਤਮਕ ਬਣਨਾ ਹੈ ਤਾਂ ਚਿੱਕੜ ਵਿੱਚ ਉੱਗੇ ਫੁੱਲ ਦੀ ਖ਼ੂਬਸੂਰਤੀ ਅਤੇ ਮਹਿਕ ਵੱਲ ਧਿਆਨ ਦੇਣਾ ਪਵੇਗਾ, ਨਾ ਕਿ ਚਿੱਕੜ ਦੀ ਗੰਦਗੀ ਵੱਲ ਵੇਖੋਗੇ। ਅੱਧੇ ਭਰੇ ਗਲਾਸ ਨੂੰ ਦੇਖੋ ਨਾ ਕਿ ਅੱਧੇ ਖਾਲੀ ਗਲਾਸ ਵੱਲ। ਸਕਾਰਾਤਮਕ ਸੋਚ ਦ੍ਰਿੜ ਇਰਾਦੇ ਅਤੇ ਫੌਲਾਦੀ ਜਿਗਰੇ ਵਾਲੇ ਲੋਕ ਹੀ ਆਪਣੇ ਅੰਦਰ ਪੈਦਾ ਕਰ ਸਕਦੇ ਹਨ।
ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਇੱਛਾਵਾਂ ਦੀ ਪੂਰਤੀ ਕਰਨ ਲਈ ਮਾਇਆ ਦੀ ਦੌੜ ਜਿੱਤਣ ਦੀ ਚਾਹਤ ਵਿੱਚ ਇਨਸਾਨ ਐਨਾ ਮਤਲਬਪ੍ਰਸਤ ਹੋ ਗਿਆ ਹੈ ਕਿ ਉਸ ਨੂੰ ਸਵੈ ਤੋਂ ਉੱਪਰ ਕੁਝ ਦਿਖਾਈ ਨਹੀਂ ਦਿੰਦਾ। ਸਿਰਫ਼ ਆਪਣੇ ਆਪ ਨੂੰ ਅੱਗੇ ਦੇਖਣ ਵਾਲਾ ਵਿਅਕਤੀ ਬਲਹੀਣ ਹੋ ਜਾਂਦਾ ਹੈ, ਆਪਣਿਆਂ ਤੋਂ ਦੂਰ ਹੋ ਜਾਂਦਾ ਹੈ ਅਤੇ ਦੁਨਿਆਵੀ ਦੌੜ ਵਿੱਚ ਪਿੱਛੇ ਰਹਿ ਜਾਂਦਾ ਹੈ। ਤੰਗਦਿਲੀ ਤਿਆਗ ਕੇ ਹਿਰਦਿਆਂ ਨੂੰ ਵਿਸ਼ਾਲ ਬਣਾਉਣਾ ਚਾਹੀਦਾ ਹੈ, ਉਦਾਸੀ ਨੂੰ ਦੂਰ ਕਰਕੇ ਚਿਹਰੇ ’ਤੇ ਮੁਸਕਰਾਹਟਾਂ ਲਿਆਇਆਂ ਹੀ ਖ਼ੁਸ਼ੀਆਂ ਮਿਲਦੀਆਂ ਹਨ। ਮਨੁੱਖ ਨੂੰ ਬਣਾਉਟੀਪਣ ਦੀ ਜ਼ਿੰਦਗੀ ਅਪਣਾਉਣ ਦੀ ਥਾਂ ਅਸਲੀ ਜ਼ਿੰਦਗੀ ਜਿਊਂਦੇ ਹੋਏ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਸਦਾਚਾਰਕ ਕਦਰਾਂ-ਕੀਮਤਾਂ ਅਪਣਾਇਆਂ ਹੀ ਇੱਜ਼ਤ ਵਧਦੀ ਹੈ ਅਤੇ ਅਸਲੀ ਖ਼ੁਸ਼ੀ ਮਿਲਦੀ ਹੈ। ਇਹੀ ਮਨੁੱਖ ਦਾ ਅਸਲੀ ਮਨੋਰਥ ਹੋਣਾ ਚਾਹੀਦਾ ਹੈ।
ਸੰਪਰਕ: 99889-01324