ਬਰਿਕਸ ਦੀ ਮੂਲ ਭਾਵਨਾ
ਜੋਹੈੱਨਸਬਰਗ ਵਿਚ ਬੀਤੇ ਹਫ਼ਤੇ ਹੋਏ ਆਪਣੇ ਸਿਖ਼ਰ ਸੰਮੇਲਨ ਦੌਰਾਨ ਪੰਜ ਮੁਲਕੀ ਗਰੁੱਪ ਬਰਿਕਸ (BRICS) ਨੇ ਆਪਣੇ ਮੈਂਬਰਾਂ ਦੀ ਗਿਣਤੀ ਦੁੱਗਣੀ ਤੋਂ ਵੱਧ ਵਧਾ ਕੇ 11 ਕਰਨ ਦਾ ਫ਼ੈਸਲਾ ਕੀਤਾ ਹੈ। ਸੰਮੇਲਨ ਦੌਰਾਨ ਬਰਿਕਸ ਦਾ ਘੇਰਾ ਵਧਾਉਣ ਦੀ ਬਹਿਸ ਏਜੰਡੇ ਦੇ ਸਿਖ਼ਰ ’ਤੇ ਰਹੀ ਜੋ ਇਸ ਸੋਚ ਨੂੰ ਜ਼ਾਹਿਰ ਕਰਦੀ ਹੈ ਕਿ ਗਰੁੱਪ ਨੂੰ ਕਾਇਆ-ਕਲਪ ਅਤੇ ਆਧੁਨਿਕੀਕਰਨ ਦੀ ਸਖ਼ਤ ਜ਼ਰੂਰਤ ਸੀ। ਦੇਸ਼ਾਂ ਦੀ ਗਿਣਤੀ ਵਧਾਉਣ ਦੇ ਨਾਲ ਨਾਲ ਬਰਿਕਸ ਨੂੰ ਨਿਊ ਡਿਵੈਲਪਮੈਂਟ ਬੈਂਕ (ਐੱਨਡੀਬੀ) ਦੀ ਸਫ਼ਲਤਾ ਤੋਂ ਅਗਾਂਹ ਵਧਣ ਦੀ ਲੋੜ ਹੈ। ਇਹ ਬੈਂਕ 2015 ਵਿਚ ਸਥਾਪਿਤ ਕੀਤਾ ਗਿਆ ਅਤੇ ਇਸ ਦਾ ਹੈੱਡਕੁਆਰਟਰ ਸ਼ੰਘਾਈ ਵਿਚ ਹੈ। ਭਾਰਤ ਦੇ ਕੇਵੀ ਥਾਮਸ ਇਸ ਬੈਂਕ ਦੇ ਪਹਿਲੇ ਪ੍ਰਧਾਨ ਸਨ। ਬ੍ਰਾਜ਼ੀਲ ਦੇ ਮੌਜੂਦਾ ਰਾਸ਼ਟਰਪਤੀ ਲੂਲਾ ਡੀ ਸਿਲਵਾ ਵੀ ਇਸ ਦੇ ਪ੍ਰਧਾਨ ਰਹਿ ਚੁੱਕੇ ਹਨ। ਇਸ ਬੈਂਕ ਨੇ ਮੈਂਬਰ ਦੇਸ਼ਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਵੱਡੇ ਨਿਵੇਸ਼ ਕੀਤੇ ਹਨ। ਮੰਨਣਾ ਪਵੇਗਾ ਕਿ ਇਹ ਬੈਂਕ ਆਪਣੇ ਮੈਂਬਰ ਮੁਲਕਾਂ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਚੁਣੌਤੀ ਦਾ ਟਾਕਰਾ ਵਧੀਆ ਢੰਗ ਨਾਲ ਕਰ ਰਿਹਾ ਹੈ ਤੇ ਉਹ ਵੀ ਲੈਣਦਾਰਾਂ ਉੱਤੇ ਕੌਮਾਂਤਰੀ ਮੁਦਰਾ ਕੋਸ਼, ਸੰਸਾਰ ਬੈਂਕ ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਵਰਗੀਆਂ ਸਖ਼ਤ ਸ਼ਰਤਾਂ ਤੋਂ ਠੋਸਣ ਤੋਂ ਬਿਨਾ। ਇਨ੍ਹਾਂ ਕੌਮਾਂਤਰੀ ਅਦਾਰਿਆਂ ਵੱਲੋਂ ਅਜਿਹੀਆਂ ਸ਼ਰਤਾਂ ਮੁੱਖ ਤੌਰ ’ਤੇ ਅਮਰੀਕਾ ਅਤੇ ਯੂਰੋਪ ਦੇਸ਼ਾਂ ਦੇ ਏਜੰਡੇ ਨੂੰ ਪੂਰਾ ਕਰਨ ਲਈ ਲਾਈਆਂ ਜਾਂਦੀਆਂ ਹਨ।
ਬਰਿਕਸ ਦਾ ਇਹ ਵਿਸਤਾਰ ਐੱਨਡੀਬੀ ਨਾਲ ਮਜ਼ਬੂਤ ਮਾਲੀ ਹਾਲਤ ਵਾਲੇ ਮੁਲਕਾਂ ਨੂੰ ਤਾਂ ਜੋੜੇਗਾ ਹੀ, ਨਾਲ ਹੀ ਉਨ੍ਹਾਂ ਮੁਲਕਾਂ ਨੂੰ ਵੀ ਜੋੜੇਗਾ ਜਿਹੜੇ ਅਫ਼ਰੀਕਾ ਤੇ ਲਾਤੀਨੀ ਅਮਰੀਕਾ ਵਿਚ ਵਪਾਰ ਦੇ ਮੁੱਖ ਦਰਵਾਜ਼ੇ ਹਨ ਜਿਸ ਨਾਲ ਉਨ੍ਹਾਂ ਦੇਸ਼ਾਂ ਦੀਆਂ ਆਪੋ-ਆਪਣੀਆਂ ਕੌਮੀ ਕਰੰਸੀਆਂ ਵਿਚ ਵਪਾਰ ਨੂੰ ਹੁਲਾਰਾ ਮਿਲੇਗਾ। ਗਰੁੱਪ ਦੇ ਵਿਸਤਾਰ ਤੋਂ ਬਾਅਦ ਵੀ ਇਸ ਉੱਤੇ ਚੀਨ ਦੇ ਵਧਦੇ ਪ੍ਰਭਾਵ ਵਰਗੀ ਗੱਲ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਦੇ ਨਵੇਂ ਛੇ ਮੈਂਬਰ ਅਰਜਨਟੀਨਾ, ਮਿਸਰ, ਇਰਾਨ, ਇਥੋਪੀਆ, ਸਾਊਦੀ ਅਰਬ ਅਤੇ ਯੂਏਈ (ਸੰਯੁਕਤ ਅਰਬ ਅਮੀਰਾਤ) ਆਪਣੀਆਂ ਮੱਧ ਮਾਰਗੀ ਵਿਦੇਸ਼ ਨੀਤੀਆਂ ਉੱਤੇ ਮਾਣ ਮਹਿਸੂਸ ਕਰਦੇ ਹਨ। ਅਰਬ ਮੁਲਕਾਂ ਵਿਚੋਂ ਮਿਸਰ, ਸਾਊਦੀ ਅਰਬ ਅਤੇ ਯੂਏਈ ਭਾਰਤ ਦੇ ਮੁੱਖ ਵਪਾਰਕ ਭਾਈਵਾਲ ਹਨ। ਇੱਥੇ ਦੇਸ਼ਾਂ ਦੀ ਗਿਣਤੀ ਵਧਾਉਣ ਦੇ ਨਾਲ ਨਾਲ ਨਿਊ ਡਿਵੈਲਪਮੈਂਟ ਬੈਂਕ ਦੀ ਕਾਰਗੁਜ਼ਾਰੀ ਨੂੰ ਵਧਾਉਣਾ ਵੀ ਓਨਾ ਹੀ ਮਹੱਤਵਪੂਰਨ ਹੈ।
ਬਰਿਕਸ 1955 ਵਾਲੀ ਗੁੱਟ ਨਿਰਲੇਪ ਲਹਿਰ ਵਾਲੀ ਭਾਵਨਾ ਮੁੜ ਪੈਦਾ ਨਹੀਂ ਕਰ ਸਕਦਾ ਕਿਉਂਕਿ ਅੱਜ ਸੰਸਾਰ ਤੇ ਇਸ ਦੇ ਆਗੂ ਬਹੁਤ ਵਿਹਾਰਕ ਤੇ ਮੌਕਾਪ੍ਰਸਤ ਹਨ। ਉਸ ਸਮੇਂ ਲਹਿਰ ’ਚ ਜਵਾਹਰ ਲਾਲ ਨਹਿਰੂ, ਜੋਸਫ ਟੀਟੋ, ਜਮਾਲ ਨਾਸਰ ਤੇ ਸੁਕਾਰਨੋ ਜਿਹੇ ਆਗੂ ਸਨ। ਇਸ ਦੇ ਬਾਵਜੂਦ ਪੱਛਮ ਵੱਲੋਂ ਨਜ਼ਰਅੰਦਾਜ਼ ਕੀਤੇ ਅਤੇ ਹਾਸ਼ੀਏ ’ਤੇ ਧੱਕੇ ਮੁਲਕਾਂ ਲਈ ਇਹ ਮੌਕਾ ਹੈ ਕਿ ਉਹ ਮੌਜੂਦਾ ਕੌਮਾਂਤਰੀ ਬਣਤਰ ਨੂੰ ਬਦਲ ਕੇ ਆਪਣੇ ਪੱਖ ਵਿਚ ਕਰ ਸਕਣ। ਬਰਿਕਸ ਵੱਲੋਂ ਆਪਣੀਆਂ ਕਰੰਸੀਆਂ ਵਿਚ ਵਪਾਰ ਕਰਨ ਦੇ ਕੀਤੇ ਅਹਿਦ ਨੂੰ ਮਜ਼ਬੂਤ ਕਰਨ ਲਈ ਅਦਾਰਿਆਂ ਦੀ ਸਥਾਪਨਾ ਕਰਨੀ ਹੋਵੇਗੀ। ਇਸ ਮੋਰਚੇ ਉੱਤੇ ਹੋਣ ਵਾਲੀ ਕਾਮਯਾਬੀ ਸ਼ੱਕੀਆਂ ਨੂੰ ਭਰੋਸਾ ਦਿਵਾਏਗੀ ਕਿ ਬਰਿਕਸ ਵਿਚ ਪੱਛਮ ਵਿਰੋਧੀ ਭਾਵਨਾ ਤੋਂ ਅਗਾਂਹ ਵੀ ਜ਼ਿੰਦਗੀ ਹੈ।