ਦੋ ਵਿਅਕਤੀਆਂ ਦੇ ਅਗਵਾ ਦੀ ਝੂਠੀ ਕਹਾਣੀ ਰਚਣ ਵਾਲੇ ਦੀ ਜ਼ਮਾਨਤ ਅਰਜ਼ੀ ਰੱਦ
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 23 ਜੂਨ
ਇੱਥੋਂ ਦੇ ਵਧੀਕ ਸ਼ੈਸ਼ਨ ਜੱਜ ਰਾਜੀਵ ਕਾਲੜਾ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਵਾਸੀ ਦੀਪ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਦੀ ਦੋ ਵਿਅਕਤੀਆਂ ਨੂੰ ਅਗਵਾ ਕਰਨ ਦੀ ਝੂਠੀ ਕਹਾਣੀ ਰਚਣ ਦੇ ਮਾਮਲੇ ਵਿੱਚ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਫ਼ਰੀਦਕੋਟ ਪੁਲੀਸ ਨੇ ਜਸਵੰਤ ਸਿੰਘ ਨੂੰ ਇਸ ਕੇਸ ਵਿੱਚ 25 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਮੁਲਜ਼ਮ ਖ਼ਿਲਾਫ਼ ਲੱਗੇ ਦੋਸ਼ ਗੰਭੀਰ ਹਨ ਅਤੇ ਉਹ ਜਾਂਚ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਸਵੰਤ ਸਿੰਘ ਨੇ ਕਥਿਤ ਤੌਰ ‘ਤੇ ਆਪਣੇ ਸਾਥੀ ਸੁਖਦੇਵ ਸਿੰਘ ਰਾਹੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਰਜਨ ਪੁਲੀਸ ਅਧਿਕਾਰੀਆਂ ਖ਼ਿਲਾਫ਼ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਸੀ ਕਿ ਡੀਐੱਸਪੀ ਜਸਪਾਲ ਸਿੰਘ ਨੇ ਹਰਮਨਜੀਤ ਸਿੰਘ ਅਤੇ ਗੁਲਜ਼ਾਰ ਸਿੰਘ ਨੂੰ ਕਥਿਤ ਤੌਰ ‘ਤੇ ਅਗਵਾ ਕੀਤਾ ਹੋਇਆ ਹੈ। ਇਸ ਮਾਮਲੇ ਵਿੱਚ ਹਾਈ ਕੋਰਟ ਦੀ ਹਦਾਇਤ ‘ਤੇ ਡੀਜੀਪੀ ਪੰਜਾਬ ਨੇ 14 ਮਾਰਚ ਨੂੰ ਜਾਂਚ ਟੀਮ ਕਾਇਮ ਕੀਤੀ ਸੀ। ਜਾਂਚ ਟੀਮ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਅਸਲ ਵਿੱਚ ਗੁਲਜ਼ਾਰ ਸਿੰਘ ਅਤੇ ਹਰਮਨਜੀਤ ਸਿੰਘ ਜਸਵੰਤ ਸਿੰਘ ਦੇ ਹੀ ਸਾਥੀ ਹਨ। ਇਨ੍ਹਾਂ ਦਾ ਨਾਮ ਵਰਤ ਕੇ ਜਸਵੰਤ ਸਿੰਘ ਪਹਿਲਾਂ ਹੀ ਬੇਸ਼ੁਮਾਰ ਕੀਮਤੀ ਜ਼ਮੀਨਾਂ ਦੇ ਕਾਗਜ਼ਾਤ ਆਪਣੇ ਨਾਮ ‘ਤੇ ਬਣਾ ਚੁੱਕਿਆ ਹੈ ਅਤੇ ਹੁਣ ਉਸ ਨੇ ਝੂਠੀ ਕਹਾਣੀ ਰਚ ਕੇ ਅਤੇ ਆਪਣੇ ਵਿਰੋਧੀਆਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਮਕਸਦ ਨਾਲ ਹਾਈ ਕੋਰਟ ਵਿੱਚ ਰਿੱਟ ਦਾਇਰ ਕਰ ਦਿੱਤੀ। ਜਾਂਚ ਟੀਮ ਸਾਹਮਣੇ ਸੁਖਦੇਵ ਸਿੰਘ ਨੇ ਮੰਨਿਆ ਕਿ ਉਸ ਨੇ ਹਾਈ ਕੋਰਟ ਵਿੱਚ ਰਿੱਟ ਜਸਵੰਤ ਸਿੰਘ ਦੇ ਕਹਿਣ ‘ਤੇ ਹੀ ਦਾਇਰ ਕੀਤੀ ਸੀ।