ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਂਠੇ ਵਾਲਾ ਆ ਗਿਆ ਪ੍ਰਾਹੁਣਾ...

10:59 AM Sep 30, 2023 IST
ਬਹਾਦਰ ਸਿੰਘ ਗੋਸਲ

ਮਨੁੱਖ ਨੂੰ ਸ਼ੁਰੂਆਤ ਤੋਂ ਹੀ ਖ਼ੁਦ ਨੂੰ ਸ਼ਿੰਗਾਰਨ ਦਾ ਚਾਅ ਰਿਹਾ ਹੈ। ਉਹ ਸ਼ੁਰੂਆਤ ਵਿੱਚ ਤਾਂ ਮਿੱਟੀ ਦੇ ਬਣੇ ਗਹਿਣੇ ਪਹਨਿਦੇ ਸਨ, ਪਰ ਜਦੋਂ ਵੱਖ-ਵੱਖ ਧਾਤਾਂ ਦਾ ਮਨੁੱਖ ਨੂੰ ਗਿਆਨ ਹੋਇਆ ਤਾਂ ਉਸ ਨੇ ਇਨ੍ਹਾਂ ਧਾਤਾਂ ਤੋਂ ਹੀ ਗਹਿਣੇ ਬਣਾਉਣੇ ਸ਼ੁਰੂ ਕਰ ਦਿੱਤੇ। ਮਹਿੰਗੀਆਂ ਧਾਤਾਂ ਦੇ ਗਹਿਣਿਆਂ ਨਾਲ ਸ਼ਿੰਗਾਰ ਕਰਨ ਦੀ ਮਨੁੱਖ ਦੀ ਆਦਤ ਹੀ ਬਣ ਗਈ। ਇਸ ਤਰ੍ਹਾਂ ਮਨੁੱਖ ਦਾ ਗਹਿਣਿਆਂ ਪ੍ਰਤੀ ਪ੍ਰੇਮ ਵਧਦਾ ਗਿਆ। ਇਨਸਾਨ ਨੂੰ ਗਹਿਣਿਆਂ ਤੋਂ ਦੋ ਲਾਭ ਸਾਫ਼ ਨਜ਼ਰ ਆਉਣ ਲੱਗੇ, ਇੱਕ ਤਾਂ ਆਪਣੇ ਤਨ ਨੂੰ ਸ਼ਿੰਗਾਰਨਾ, ਦੂਜੇ ਮਹਿੰਗੀਆਂ ਧਾਤਾਂ ਦਾ ਸੰਗ੍ਰਹਿ ਕਰ ਕੇ ਉਹ ਪੂੰਜੀ ਜੋੜਨ ਲੱਗਿਆ।
ਸਮੇਂ ਦੇ ਨਾਲ ਨਾਲ ਭਾਵੇਂ ਗਹਿਣਿਆਂ ਦਾ ਡਿਜ਼ਾਇਨ, ਪਹਨਿਣ ਦਾ ਤਰੀਕਾ ਅਤੇ ਧਾਤਾਂ ਦਾ ਪ੍ਰਯੋਗ ਬਦਲਦਾ ਗਿਆ, ਪਰ ਫਿਰ ਵੀ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਨੂੰ ਮਨੁੱਖ ਤਰਜੀਹ ਦਿੰਦਾ ਗਿਆ। ਸੋਨਾ-ਚਾਂਦੀ ਬਾਕੀ ਧਾਤਾਂ ਨਾਲੋਂ ਮਹਿੰਗਾ ਹੋਣ ਦੇ ਕਾਰਨ ਹੀ ਉਹ ਘਰਾਂ ਵਿੱਚ ਇਨ੍ਹਾਂ ਨੂੰ ਰੱਖਣ ਲੱਗਿਆ ਅਤੇ ਇਨ੍ਹਾਂ ਨੂੰ ਆਪਣੀ ਜਾਇਦਾਦ ਦਾ ਹਿੱਸਾ ਦੱਸਣ ਲੱਗਿਆ। ਭਾਵੇਂ ਇਹ ਧਾਤਾਂ ਮਹਿੰਗੀਆਂ ਹਨ, ਪਰ ਮਨੁੱਖ ਇਨ੍ਹਾਂ ਦੀ ਵਰਤੋਂ ਖ਼ੁਸ਼ੀ-ਖ਼ੁਸ਼ੀ ਕਰਨ ਲੱਗਿਆ ਅਤੇ ਇਨ੍ਹਾਂ ਗਹਿਣਿਆਂ ਦੀ ਨੁਮਾਇਸ਼ ਵਿਆਹ ਸ਼ਾਦੀਆਂ ਸਮੇਂ ਕੀਤੀ ਜਾਣ ਲੱਗੀ। ਲੋਕ ਆਪਣੀਆਂ ਧੀਆਂ ਦੇ ਵਿਆਹਾਂ ਵਿੱਚ ਸੋਨੇ-ਚਾਂਦੀ ਦੇ ਵੱਧ ਤੋਂ ਵੱਧ ਗਹਿਣੇ ਦੇਣ ਲੱਗੇ ਅਤੇ ਇਸ ਤਰ੍ਹਾਂ ਗਹਿਣੇ ਦੇਣ ਦੀ ਇੱਕ ਹੋੜ ਜਿਹੀ ਲੱਗ ਗਈ ਜਿਸ ਨੇ ਬਾਅਦ ਵਿੱਚ ਦਾਜ ਪ੍ਰਥਾ ਦਾ ਰੂਪ ਲੈ ਲਿਆ। ਇਹ ਕੁਦਰਤੀ ਸੀ ਕਿ ਜਦੋਂ ਕੋਈ ਮਰਦ ਜਾਂ ਔਰਤ ਸੋਨੇ-ਚਾਂਦੀ ਦੇ ਗਹਿਣੇ ਪਾ ਕੇ ਸਮਾਜ ਵਿੱਚ ਵਿਚਰਦਾ ਸੀ ਤਾਂ ਉਸ ਦਾ ਪ੍ਰਭਾਵ ਹਰ ਦੇਖਣ ਵਾਲੇ ’ਤੇ ਪੈਂਦਾ ਸੀ। ਇਸ ਤਰ੍ਹਾਂ ਗਹਿਣੇ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਬਣ ਗਏ।
ਇਹ ਗਹਿਣੇ ਮਰਦਾਂ ਅਤੇ ਔਰਤਾਂ ਲਈ ਵੱਖਰੇ-ਵੱਖਰੇ ਹੁੰਦੇ ਹਨ। ਉਦਾਹਰਨ ਦੇ ਤੌਰ ’ਤੇ ਮਰਦ ਆਪਣੇ ਗਲ਼ ਲਈ ਸੋਨੇ ਦੇ ਕੈਂਠੇ ਜਾਂ ਹੱਥਾਂ ਦੀਆਂ ਉਂਗਲੀਆਂ ਵਿੱਚ ਮੁੰਦਰੀਆਂ ਪਾਉਂਦੇ ਸਨ, ਪਰ ਔਰਤਾਂ ਦੇ ਗਹਿਣਿਆਂ ਵਿੱਚ ਕੰਨ, ਨੱਕ, ਗਲ਼ ਦੇ ਗਹਿਣੇ ਵਧੇਰੇ ਮਸ਼ਹੂਰ ਹੋਏ ਅਤੇ ਔਰਤਾਂ ਦੀਆਂ ਪੈਰਾਂ ਦੀਆਂ ਝਾਂਜਰਾਂ ਨੇ ਤਾਂ ਸਮਾਜ ਨੂੰ ਹਲੂਣ ਕੇ ਹੀ ਰੱਖ ਦਿੱਤਾ। ਇਸ ਤਰ੍ਹਾਂ ਜੇ ਅਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਗਹਿਣੇ ਪੰਜਾਬੀਆਂ ਦੀ ਜਿੰਦ-ਜਾਨ ਰਹੇ ਹਨ। ਹੋਰ ਮੌਕਿਆਂ ’ਤੇ ਜਾਂ ਸਮਾਗਮਾਂ ਵਿੱਚ ਗਹਿਣੇ ਪਹਨਿਣ ਨੂੰ ਮੁੱਖ ਰੱਖਿਆ ਜਾਂਦਾ ਹੈ, ਪਰ ਔਰਤਾਂ ਵੱਲੋਂ ਵਿਆਹ ਸ਼ਾਦੀਆਂ ਵਿੱਚ ਗਹਿਣੇ ਪਹਨਿਣਾ ਜ਼ਰੂਰੀ ਅਤੇ ਮਾਣ ਵਾਲੀ ਗੱਲ ਸਮਝਿਆ ਜਾਂਦਾ ਹੈ। ਵਿਆਹਾਂ ਵਿੱਚ ਔਰਤਾਂ ਖੂਬ ਸ਼ਿੰਗਾਰ ਕਰਕੇ ਗਿੱਧਾ ਪਾਉਂਦੀਆਂ ਤੇ ਨਾਲ ਹੀ ਉਹ ਗਹਿਣਿਆਂ ਦੀ ਨੁਮਾਇਸ਼ ਕਰਨ ਤੋਂ ਨਾ ਝਿਜਕਦੀਆਂ ਜਵਿੇਂ ਇੱਕ ਬੋਲੀ ਵਿੱਚ ਕਿਹਾ ਜਾਂਦਾ ਹੈ:
ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ, ਖਾਂਦੀ ਦੁੱਧ ਮਲਾਈਆਂ
ਤੁਰਦੀ ਦਾ ਲੱਕ ਝੂਟੇ ਖਾਂਦਾ, ਪੈਰੀਂ ਝਾਂਜਰਾਂ ਪਾਈਆਂ
ਗਿੱਧੇ ਵਿੱਚ ਨੱਚਦੀ ਦਾ ਦੇਂਦਾ ਰੂਪ ਦੁਹਾਈਆਂ।
ਇਸੇ ਤਰ੍ਹਾਂ ਪੰਜਾਬੀ ਪੇਂਡੂ ਵਿਆਹਾਂ ਵਿੱਚ ਗਿੱਧਾ ਅਤੇ ਗਹਿਣੇ ਪ੍ਰਮੁੱਖ ਹੁੰਦੇ ਸਨ। ਖ਼ਾਸ ਕਰਕੇ ਨਾਨਕਾ ਮੇਲ ਵਿੱਚ ਆਈਆਂ ਔਰਤਾਂ ਅਤੇ ਮਰਦ ਖੂਬ ਸਜ-ਧਜ ਕੇ ਆਉਂਦੇ ਅਤੇ ਆਪਣੇ-ਆਪਣੇ ਪਾਏ ਗਹਿਣਿਆਂ ਦੀ ਛਹਬਿਰ ਲਾ ਦਿੰਦੇੇੇ। ਅਜਿਹੇ ਵਿਆਹਾਂ ਵਿੱਚ ਨਾਨਕਾ ਮੇਲ ਵਿੱਚ ਆਈਆਂ ਮਾਮੀਆਂ ਤਾਂ ਨੱਚ-ਨੱਚ ਕੇ ਕਮਲੀਆਂ ਹੋ ਜਾਂਦੀਆਂ, ਪਰ ਉਹ ਗਹਿਣੇ ਗੱਟੇ ਪਾਉਣੇ ਕਦੇ ਨਾ ਭੁੱਲਦੀਆਂ, ਤਾਂ ਹੀ ਕਿਹਾ ਜਾਂਦਾ ਸੀ:
ਕੱਲ੍ਹ ਦਾ ਆਇਆ ਮੇਲ ਸੁਣੀਂਦਾ
ਸੁਰਮਾ ਸਭ ਨੇ ਪਾਇਆ
ਗਹਿਣੇ ਗੱਟੇ ਸਭ ਦੇ ਸੋਂਹਦੇ
ਵਿਆਹ ਨੇ ਰੰਗ ਜਮਾਇਆ
ਮੁੰਡੇ ਦੀ ਮਾਮੀ ਨੇ
ਗਿੱਧਾ ਦੱਬ ਕੇ ਪਾਇਆ।
ਪੰਜਾਬੀ ਪੇਂਡੂ ਮਾਹੌਲ ਵਿੱਚ ਔਰਤਾਂ ਹੀ ਨਹੀਂ ਸਗੋਂ ਗੱਭਰੂ ਵੀ ਗਹਿਣਿਆਂ ਦਾ ਸ਼ਿੰਗਾਰ ਕਰਦੇੇ। ਮੁੰਦਰੀਆਂ, ਛੱਲੇ ਅਤੇ ਨੱਤੀਆਂ ਆਦਿ ਤੋਂ ਬਿਨਾ ਉਨ੍ਹਾਂ ਦਾ ਸਭ ਤੋਂ ਪਿਆਰਾ ਗਹਿਣਾ ਹੁੰਦਾ ਸੀ ਕੈਂਠਾ। ਕੈਂਠਾ ਮਰਦ ਆਪਣੇ ਗਲ਼ਾਂ ਵਿੱਚ ਆਪਣੀ ਦਿੱਖ ਬਣਾਉਣ ਲਈ ਪਾਉਂਦੇ, ਦੂਜੇ ਕੈਂਠਾ ਭਾਰੀ ਹੋਣ ਦੇ ਕਾਰਨ ਮਰਦਾਂ ਦੀ ਅਮੀਰੀ ਵੀ ਦਰਸਾਉਂਦਾ ਸੀ। ਜਦੋਂ ਵੀ ਕਦੇ ਕਿਸੇ ਗੱਭਰੂ ਨੇ ਆਪਣੇ ਸਹੁਰੇ ਘਰ ਆਪਣੀ ਘਰਵਾਲੀ ਨੂੰ ਲੈਣ ਜਾਣਾ ਤਾਂ ਉਹ ਚਿੱਟੇ ਕਲੀਆਂ ਵਾਲੇ ਕੁੜਤੇ ਨਾਲ ਚਿੱਟਾ ਚਾਦਰਾ ਬੰਨ੍ਹ ਕੇ ਜਦੋਂ ਗੁਲਾਬੀ ਪੱਗ ਦਾ ਤੁਰਲਾ ਛੱਡ ਗਲ਼ ਵਿੱਚ ਕੈਂਠਾ ਪਾਉਂਦਾ ਤਾਂ ਦੇਖਣ ਵਾਲੇ ਦੇਖਦੇ ਹੀ ਰਹਿ ਜਾਂਦੇ। ਮੁਟਿਆਰਾਂ ਤਾਂ ਅਜਿਹੇ ਗੱਭਰੂ ਦੀ ਤਾਰੀਫ਼ ਕਰਨ ਤੋਂ ਕਦੇ ਨਾ ਰੁਕਦੀਆਂ। ਹਾਂ, ਕਈ ਵਾਰ ਅਮੀਰ ਘਰਾਂ ਦਾ ਗੱਭਰੂ ਕੈਂਠਾਂ ਪਾ ਜਦ ਘੋੜੀ ’ਤੇ ਸਵਾਰ ਹੋ ਕੇ ਸਹੁਰੇ ਘਰ ਵੱਲ ਜਾਂਦਾ ਤਾਂ ਉਸ ਦੀ ਸ਼ਾਨ ਦੇਖਣ ਵਾਲੀ ਹੁੰਦੀ ਸੀ। ਉਹੀ ਗੱਭਰੂ ਜਦੋਂ ਆਪਣੇ ਸਹੁਰੇ ਪਿੰਡ ਪਹੁੰਚਦਾ, ਸਾਰਾ ਪਿੰਡ ਉਸ ਦੀ ਜਵਾਨੀ ਅਤੇ ਸ਼ਿੰਗਾਰ ਤੋਂ ਨਜ਼ਰ ਨਾ ਹਟਾਉਂਦਾ ਅਤੇ ਉਸ ਦੀ ਵਿਆਂਦੜ ਮੁਟਿਆਰ ਦਾ ਤਾਂ ਧਰਤੀ ’ਤੇ ਪੈਰ ਨਾ ਟਿਕਦਾ। ਉਸ ਨੂੰ ਲੈਣ ਆਏ ਗੱਭਰੂ ਨੂੰ ਦੇਖ ਉਸ ਦਾ ਚਾਅ ਠਾਠਾਂ ਮਾਰਦਾ ਅਤੇ ਆਪਣੀ ਮਾਂ ਨੂੰ ਕੁਝ ਇਸ ਤਰ੍ਹਾਂ ਕਹਿੰਦੀ ਸੁਣੀ ਜਾਂਦੀ:
ਦੇਖ! ਕੈਂਠੇ ਵਾਲਾ ਆ ਗਿਆ ਪ੍ਰਾਹੁਣਾ
ਮਾਏ ਨੀਂ ਤੇਰੇ ਕੰਮ ਨਾ ਮੁੱਕੇ।
ਪਰ ਇਹ ਵੀ ਗੱਲ ਸੱਚ ਸੀ ਕਿ ਕੈਂਠਾ ਜਿੱਥੇ ਅਮੀਰੀ ਦੀ ਨਿਸ਼ਾਨੀ ਸੀ, ਉੱਥੇ ਹੀ ਗੱਭਰੂ ਦੀ ਸ਼ਾਨ ਦੀ ਦਿੱਖ ਵੀ ਪੇਸ਼ ਕਰਦਾ ਸੀ। ਗੱਭਰੂ ਭਾਵੇਂ ਕੈਂਠੇ ਦੀ ਠਾਠ ਵਿੱਚ ਮਸਤ ਹੁੰਦਾ ਸੀ, ਪਰ ਮੁਟਿਆਰ ਨੂੰ ਤਾਂ ਸਮਾਜ ਦੀ ਲਾਜ-ਇੱਜ਼ਤ ਦਾ ਵੀ ਧਿਆਨ ਰੱਖਣਾ ਪੈਂਦਾ ਸੀ ਤਾਂ ਹੀ ਉਹ ਕੈਂਠੇ ਵਾਲੇ ਮੁੰਡੇ ਨੂੰ ਦੇਖ ਕਹਿ ਦਿੰਦੀ ਸੀ:
ਸੁਣ ਵੇ ਮੁੰਡਿਆਂ ਕੈਂਠੇ ਵਾਲਿਆ
ਕੈਂਠਾ ਨਾ ਚਮਕਾਈਏ
ਭਰੀ ਕਚਹਿਰੀ ਬਾਬਲ ਬੈਠਾ
ਨੀਵੀਂ ਪਾ ਲੰਘ ਜਾਈਏ
ਧਰਮੀ ਬਾਬਲ ਦੀ
ਕੁਲ ਨੂੰ ਦਾਗ ਨਾ ਲਾਈਏ।
ਜਦੋਂ ਪਿੰਡਾਂ ਦੇ ਵਿਆਹਾਂ ਵਿੱਚ ਬਰਾਤਾਂ ਆਉਂਦੀਆਂ ਤਾਂ ਬਰਾਤੀਆਂ ਦੀ ਟੌਹਰ ਦੇਖਣ ਵਾਲੀ ਹੁੰਦੀ ਸੀ। ਭਾਵੇਂ ਸਾਰੇ ਬਰਾਤੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਸਜਾ ਕੇ ਠਾਠ ਬਣਾ ਕੇ ਆਉਂਦੇ, ਪਰ ਕੁਝ ਨੌਜਵਾਨ ਬਰਾਤੀ ਤਾਂ ਗਲਾਂ ਵਿੱਚ ਕੈਂਠੇ ਪਾ ਬਰਾਤ ਵਿੱਚ ਨਵੀਂ ਹੀ ਦਿੱਖ ਪੈਦਾ ਕਰਦੇ। ਕੁਝ ਨਵੇਂ ਵਿਆਹੇ ਬਰਾਤੀ ਤਾਂ ਆਪਣੇ ਕੈਂਠੇ ਵੀ ਖੂਬ ਚਮਕਾ ਕੇ ਲਿਆਉਂਦੇ, ਪਰ ਅਜਿਹੇ ਨੌਜਵਾਨ ਬਰਾਤ ਪਹੁੰਚਣ ’ਤੇ ਮੁਟਿਆਰਾਂ ਦੀਆਂ ਸਿੱਠਣੀਆਂ ਦਾ ਸ਼ਿਕਾਰ ਹੋ ਜਾਂਦੇ, ਜਨਿ੍ਹਾਂ ਬਾਰੇ ਕੁੜੀਆਂ ਗਾਉਣਾ ਸ਼ੁਰੂ ਕਰ ਦਿੰਦੀਆਂ ਸਨ:
ਸੁਣ ਵੇ ਮੁੰਡਿਆ ਕੈਂਠੇ ਵਾਲਿਆ
ਕੈਂਠਾ ਰੋਗਨ ਕੀਤਾ
ਮੈਂ ਤਾਂ ਖਲੋਤੀ ਤੇਰੇ ਹੌਸਲੇ
ਤੂੰ ਲੰਘਿਆ ਚੁੱਪ ਕੀਤਾ
ਜੋੜੀ ਨਹੀਂ ਨਿਭਦੀ
ਪਾਪ ਜਨਿ੍ਹਾਂ ਨੇ ਕੀਤਾ।
ਇਸੇ ਤਰ੍ਹਾਂ ਵਿਆਹਾਂ ਵਿੱਚ ਆਮ ਵਾਪਰ ਜਾਂਦਾ ਸੀ ਕਿ ਕੋਈ ਗੱਭਰੂ ਕੈਂਠਾ ਪਾ ਕੇ, ਵਧੀਆ ਤੁਰਲੇ ਵਾਲੀ ਪੱਗ ਬੰਨ੍ਹ ਕੇ ਆਪਣੀ ਧਾਕ ਜਮਾਉਣ ਦਾ ਮਾਰਾ ਔਰਤਾਂ ਵੱਲੋਂ ਸਜਾਏ ਗਿੱਧੇ ਦੇ ਪਿੜ ਵਿੱਚ ਜਾ ਵੜਦਾ ਤਾਂ ਕੋਈ ਨਾ ਕੋਈ ਮੁਟਿਆਰ ਉਸ ਦੇ ਕੈਂਠੇ ਨੂੰ ਦੇਖ ਟਕੋਰ ਵੀ ਮਾਰ ਦਿੰਦੀ:
ਤੁਰਲੇ ਵਾਲਾ ਸਾਫਾ ਬੰਨ੍ਹ ਕੇ, ਤੂੰ ਗਿੱਧੇ ਵਿੱਚ ਆਇਆ
ਅੱਖਾਂ ਵਿੱਚ ਤੇਰੇ ਸੁਰਮਾ ਖਿੰਡਿਆ
ਗਲ ਵਿੱਚ ਕੈਂਠਾ ਪਾਇਆ
ਐਡੇ ਸ਼ੌਕੀ ਨੇ ਵਿਆਹ ਕਿਉਂ ਨਹੀਂ ਕਰਵਾਇਆ।
ਪੰਜਾਬੀ ਗੀਤਾਂ, ਬੋਲੀਆਂ, ਸਿੱਠਣੀਆਂ ਅਤੇ ਹਰ ਮੌਕੇ ਗਹਿਣੇ ਪ੍ਰਧਾਨ ਹੁੰਦੇ ਸਨ, ਪਰ ਕੈਂਠਾ ਤਾਂ ਆਪਣੀ ਹੀ ਸ਼ਾਨ ਰੱਖਦਾ ਸੀ। ਭੈਣ-ਭਰਾ ਦੇ ਪਿਆਰ ਅਤੇ ਸਮਾਜਿਕ ਰਸਮਾਂ ਸਮੇਂ ਵੀ ਕੈਂਠਾ ਕਿਸੇ ਨਾ ਕਿਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਰਾਹੀਂ ਆਪਣਾ ਰੰਗ ਦਿਖਾ ਹੀ ਦਿੰਦਾ:
ਵੀਰ ਮੇਰਾ ਅੱਜ ਲੈ ਕੇ ਆਇਆ ਤੀਆਂ ਦਾ ਸੰਧਾਰਾ
ਮਹਿੰਦੀ, ਚੂੜੀਆਂ, ਸੂਟ ਗੁਲਾਬੀ
ਵਿੱਚੋਂ ਲੌਂਗ ਦਾ ਪਿਆ ਲਿਸ਼ਕਾਰਾ
ਸਿੰਘ ਤਬੀਤੀ ਨੇ, ਮੁੰਡਾ ਮੋਹ ਲਿਆ ਕੈਂਠੇ ਵਾਲਾ।
ਪੰਜਾਬੀਆਂ ਦੇ ਹਰ ਘਰ ਪਰਿਵਾਰ ਲਈ ਕੀਮਤੀ ਗਹਿਣੇ ਸਮਾਜਿਕ ਲੋੜ ਹੀ ਬਣ ਚੁੱਕੇ ਸਨ। ਔਰਤਾਂ ਇੱਕ ਨਹੀਂ ਕਈ ਤਰ੍ਹਾਂ ਦੇ ਗਹਿਣੇ ਪਾ ਕੇ ਗਿੱਧੇ ਵਿੱਚ ਭਾਂਬੜ ਮਚਾ ਦਿੰਦੀਆਂ:
ਬਾਹਾਂ ਦੇ ਵਿੱਚ ਛਣ-ਛਣ ਕਰਦਾ
ਰੱਤਾ ਚੂੜਾ ਤੇਰਾ
ਵਿਹੜੇ ਦੇ ਵਿੱਚ ਰੌਣਕ ਲਿਆ ਦੇ
ਦੇ ਮੁਟਿਆਰੇ ਗੇੜਾ
ਲੌਂਗ ਤੇਰਾ ਲਿਸ਼ਕਾਰੇ ਮਾਰੇ
ਜਵਿੇਂ ਧਰੂ ਤਾਰਾ
ਪਰ ਇਹ ਗੱਲ ਫਿਰ ਦੱਸਣਯੋਗ ਹੈ ਕਿ ਪੰਜਾਬੀ ਵਿਆਹਾਂ ਵਿੱਚ ਨਾਨਕਿਆਂ ਦੀ ਖ਼ੂਬ ਸਰਦਾਰੀ ਰਹੀ ਹੈ। ਮਾਮੇ-ਮਾਮੀਆਂ ਨੂੰ ਤਾਂ ਵਿਆਹ ਦਾ ਅਥਾਹ ਚਾਅ ਹੁੰਦਾ ਹੀ ਸੀ, ਪੂਰਾ ਨਾਨਕਾ ਮੇਲ ਹੀ ਵਿਆਹ ਵਿੱਚ ਮਸਤਿਆ ਫਿਰਦਾ ਹੁੰਦਾ ਸੀ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਨਾਨਕੇ ਨਾਨਕ ਛੱਕ ’ਤੇ ਚੰਗਾ ਖਰਚ ਕਰਕੇ ਆਉਂਦੇ ਸਨ ਅਤੇ ਵਿਆਦੜਾਂ ਨੂੰ ਨਵੇਂ ਗਹਿਣੇ ਵੀ ਨਾਨਕ ਛੱਕ ਵਿੱਚ ਦਿੰਦੇ। ਨਾਨਕਾ ਮੇਲ ਵਿੱਚ ਆਈਆਂ ਔਰਤਾਂ ਤਾਂ ਖੂਬ ਸ਼ਿੰਗਾਰ ਕਰਕੇ ਨੱਚਣ ਦੀ ਤਿਆਰੀ ਨਾਲ ਆਈਆਂ ਹੁੰਦੀਆਂ ਸਨ ਤਾਂ ਹੀ ਉਹ ਪੰਜਾਬੀ ਸੱਭਿਆਚਰ ਨੂੰ ਨਵਿੇਕਲਾ ਰੰਗ ਚਾੜ੍ਹ ਦਿੰਦੀਆਂ ਸਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅੱਜ ਭਾਵੇਂ ਸੋਨੇ-ਚਾਂਦੀ ਦੇ ਭਾਅ ਅਸਮਾਨੀ ਚੜ੍ਹ ਗਏ ਹਨ, ਪਰ ਪੰਜਾਬੀ ਔਰਤਾਂ ਦਾ ਅਤੇ ਮਰਦਾਂ ਦਾ ਗਹਿਣਿਆਂ ਅਤੇ ਕੈਂਠਿਆਂ ਤੋਂ ਮਨ ਨਹੀਂ ਭਰਦਾ। ਉਹ ਹਮੇਸ਼ਾਂ ਗਹਿਣਿਆਂ ਦੇ ਸ਼ੌਕੀਨ ਹਨ।
ਸੰਪਰਕ: 98764-52223

Advertisement

Advertisement
Advertisement