ਬੀਏ ਦੀ ਵਿਦਿਆਰਥਣ ਨੇ ਸਰਪੰਚ ਬਣ ਕੇ ਧੀਆਂ ਲਈ ਮਿਸਾਲ ਕਾਇਮ ਕੀਤੀ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 13 ਨਵੰਬਰ
ਇਥੋਂ ਦੇ ਪਿੰਡ ਮੀਰਾਂਪੁਰ ਦੀ ਇੱਕ ਨੌਜਵਾਨ ਲੜਕੀ ਖੁਸ਼ਪਿੰਦਰ ਕੌਰ ਪੁੱਤਰੀ ਸੁਖਦੇਵ ਸਿੰਘ ਨੇ ਪਿੰਡ ਦੀ ਸਰਪੰਚ ਬਣ ਕੇ ਪੜ੍ਹਾਈ ਕਰਦੇ ਅਤੇ ਪੜ੍ਹੇ ਲਿਖੇ ਨੌਜਵਾਨਾਂ ਲਈ ਮਿਸਾਲ ਕਾਇਮ ਕੀਤੀ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹੋਈ ਪੰਚਾਇਤੀ ਚੋਣ ਖੁਸ਼ਪਿੰਦਰ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ 65 ਵੋਟਾਂ ਨਾਲ ਹਰਾ ਕੇ ਜਿੱਤੀ।
ਖੁਸ਼ਪਿੰਦਰ ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿੱਚ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਹੈ। ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਇੰਚਾਰਜ ਡਾ. ਮਨਪ੍ਰੀਤ ਕੌਰ ਸੋਢੀ ਨੇ ਖੁਸ਼ਪਿੰਦਰ ਕੌਰ ਨੂੰ ਸਰਪੰਚ ਬਣਨ ਉਪਰੰਤ ਕਾਲਜ ਪਹੁੰਚਣ ਤੇ ਉਸਦਾ ਦਾ ਮੂੰਹ ਮਿੱਠਾ ਕਰਵਾਇਆ ਅਤੇ ਮੁਬਾਰਕਬਾਦ ਦਿੱਤੀ। ਇਸ ਦੌਰਾਨ ਡਾ. ਮਨਪ੍ਰੀਤ ਕੌਰ ਸੋਢੀ ਨੇ ਕਿਹਾ ਕਿ ਕਾਲਜ ਦੇ ਸਮੂਹ ਸਟਾਫ ਅਤੇ ਇਲਾਕਾ ਨਿਵਾਸੀਆਂ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਕਾਲਜ ਦੀ ਹੋਣਹਾਰ ਵਿਦਿਆਰਥਣ ਖੁਸ਼ਪਿੰਦਰ ਕੌਰ ਨੇ ਪਿੰਡ ਮੀਰਾਂਪੁਰ ਦੇ ਸਰਪੰਚ ਦੀ ਚੋਣ ਵਿੱਚ ਹਿੱਸਾ ਲਿਆ ਅਤੇ ਇਕ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਡਾ. ਸੋਢੀ ਨੇ ਆਸ ਪ੍ਰਗਟ ਕੀਤੀ ਕਿ ਖੁਸ਼ਪਿੰਦਰ ਕੌਰ ਆਪਣੇ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਵੱਧ ਚੜ੍ਹ ਕੇ ਸਾਰਥਕ ਯੋਗਦਾਨ ਪਾਏਗੀ। ਉਨ੍ਹਾਂ ਕਿਹਾ ਜਿੱਥੇ ਲਿੰਗ ਅਨੁਪਾਤ ਵਿਚ ਪੰਜਾਬ ਬਾਕੀ ਸੂਬਿਆਂ ਤੋਂ ਪੱਛੜ ਰਿਹਾ ਹੈ, ਉਥੇ ਖੁਸ਼ਪਿੰਦਰ ਵਰਗੀਆਂ ਵਿਦਿਆਰਥਣਾਂ ਅਜਿਹੇ ਮੁਕਾਮ ਹਾਸਲ ਕਰਕੇ ਔਰਤਾਂ ਦੇ ਸਮਾਜ ਵਿਚ ਰੁਤਬੇ ਨੂੰ ਉੱਚਾ ਥਾਂ ਦਵਾਉਣ ਵਿਚ ਵੱਡਮੁੱਲਾ ਯੋਗਦਾਨ ਪਾ ਰਹੀਆਂ ਹਨ। ਅਜੋਕੇ ਦੌਰ ਵਿਚ ਨਵੀਂ ਪੀੜ੍ਹੀ ਦਾ ਸਿਆਸਤ ਵਿੱਚ ਅੱਗੇ ਆਉਣਾ ਸਮੇਂ ਦੀ ਮੁੱਖ ਮੰਗ ਹੈ, ਜਿਸ ਵਿਚ ਖਾਸ ਤੌਰ ’ਤੇ ਲੜਕੀਆਂ ਦੀ ਸ਼ਮੂਲੀਅਤ ਬਹੁਤ ਲਾਜ਼ਮੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਸਮੇਂ ਔਰਤਾਂ ਜਿੱਥੇ ਆਪਣੇ ਘਰ ਪਰਿਵਾਰ ਨੂੰ ਚੰਗੀ ਤਰ੍ਹਾਂ ਸਾਂਭ ਰਹੀਆਂ ਹਨ, ਉੱਥੇ ਨਾਲ ਹੀ ਉਹ ਸਿਆਸਤ, ਧਰਮ, ਸਿੱਖਿਆ, ਆਰਥਿਕ, ਸਮਾਜਿਕ ਆਦਿ ਹਰੇਕ ਖੇਤਰ ਵਿਚ ਨਾਮਣਾ ਖੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੁਸ਼ਪਿੰਦਰ ਦਾ ਸਿਆਸਤ ਵਿਚ ਅੱਗੇ ਆਉਣਾ ਹੋਰ ਲੜਕੀਆਂ ਲਈ ਰਾਹ ਦਸੇਰਾ ਸਿੱਧ ਹੋਵੇਗਾ। ਇਸ ਮੌਕੇ ਸਰਪੰਚ ਖੁਸ਼ਪਿੰਦਰ ਕੌਰ ਨੇ ਕਾਲਜ ਇੰਚਾਰਜ ਡਾ. ਮਨਪ੍ਰੀਤ ਕੌਰ ਸੋਢੀ ਅਤੇ ਸਮੂਹ ਸਟਾਫ਼ ਦਾ ਹੌਸਲਾ-ਅਫਜ਼ਾਈ ਕਰਨ ’ਤੇ ਧੰਨਵਾਦ ਕੀਤਾ। ਉਸ ਨੇ ਵਿਸ਼ਵਾਸ ਦੁਆਇਆ ਕਿ ਪਿੰਡ ਦੇ ਵਿਕਾਸ ਨੂੰ ਲੈ ਕੇ ਕੋਈ ਕਸਰ ਛੱਡੀ ਨਹੀਂ ਜਾਵੇਗੀ ਅਤੇ ਪਿੰਡ ਨੂੰ ਪੰਜਾਬ ਦਾ ਮੋਹਰੀ ਪਿੰਡ ਬਣਾਇਆ ਜਾਵੇਗਾ। ਇਸ ਮੌਕੇ ਡਾ. ਮਨੀ ਇੰਦਰਪਾਲ ਸਿੰਘ, ਪ੍ਰੋ. ਗੁਰਵਿੰਦਰ ਕੌਰ, ਡਾ. ਰਾਕੇਸ਼ ਕੁਮਾਰ, ਡਾ. ਹਰਜੀਤ ਕੌਰ, ਡਾ. ਤੇਜਿੰਦਰ ਪਾਲ ਸਿੰਘ, ਡਾ. ਨਰੇਸ਼ ਸਿੰਘ ਬਾਤਿਸ਼, ਡਾ. ਰਜਿੰਦਰ ਸਿੰਘ ਸੋਹਲ ਅਤੇ ਬਾਪੂ ਜਰਨੈਲ ਸਿੰਘ ਮੀਰਾਂਪੁਰ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।