For the best experience, open
https://m.punjabitribuneonline.com
on your mobile browser.
Advertisement

ਧੁਰ ਪੁਲਾੜ ਦੀ ਥਾਹ

06:18 AM Jan 02, 2024 IST
ਧੁਰ ਪੁਲਾੜ ਦੀ ਥਾਹ
Advertisement

ਆਪਣੇ ਇਤਿਹਾਸਕ ਚੰਦਰਯਾਨ-3 ਮਿਸ਼ਨ ਰਾਹੀਂ ਸਾਲ 2023 ਵਿਚ ਚੰਦ ਉੱਤੇ ਫ਼ਤਹਿ ਦਰਜ ਕਰਨ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ 2024 ਦੀ ਸ਼ੁਰੂਆਤ ਵੀ ਪੁਲਾੜ ਵਿਚ ਇਕ ਹੋਰ ਰੁਮਾਂਚਕ ਯਾਤਰਾ ਨਾਲ ਕੀਤੀ ਹੈ। ਇਸ ਤਹਿਤ ਸੋਮਵਾਰ ਸਵੇਰੇ 9.10 ਵਜੇ ਸਤੀਸ਼ ਧਵਨ ਸਪੇਸ ਸੈਂਟਰ (ਐੱਸਡੀਐੱਸਸੀ) ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼) ਤੋਂ ਇਸਰੋ ਦਾ ਰਾਕੇਟ ਪੀਐੱਸਐਲਵੀ-ਸੀ58 ਦਾਗ਼ਿਆ ਗਿਆ ਜਿਹੜਾ ਆਪਣੇ ਨਾਲ 11 ਸੈਟੇਲਾਈਟ (ਉਪ ਗ੍ਰਹਿ) ਲੈ ਕੇ ਗਿਆ ਹੈ। ਬਹੁਤ ਹੀ ਬਾਰੀਕਬੀਨੀ ਵਾਲੀ ਸੁਚੱਜੀ ਯੋਜਨਾ ਤਹਿਤ 21 ਮਿੰਟਾਂ ਬਾਅਦ ਹੀ ਪੀਐੱਸਐਲਪੀ ਨੇ ਐਕਸਰੇ ਪੋਲਰੀਮੀਟਰ ਸੈਟੇਲਾਈਟ (ਐਕਸਪੋਸੈਟ) ਨੂੰ ਆਰਬਿਟ ਵਿਚ ਪਾ ਦਿੱਤਾ। ਇਹ ਉਪ ਗ੍ਰਹਿ ਬਲੈਕ ਹੋਲਾਂ (black holes) ਵੱਲੋਂ ਪੈਦਾ ਕੀਤੀਆਂ ਜਾਂਦੀਆਂ ਐਕਸ-ਰੇਜ਼ (ਐਕਸ ਤਰੰਗਾਂ) ਦੇ ਮਾਪ ਵਿਚ ਡੂੰਘਾਈ ’ਚ ਜਾ ਕੇ ਇਨ੍ਹਾਂ ਅਸਮਾਨੀ ਬਣਤਰਾਂ ਦੇ ਗੁੱਝੇ ਭੇਤਾਂ ਦਾ ਪਤਾ ਲਾਵੇਗਾ। ਭਾਰਤ ਦੀ ਇਸ ਸੱਜਰੀ ਬ੍ਰਹਿਮੰਡੀ ਪੁਲਾਂਘ ਨਾਲ ਮੁਲਕ ਦੀ ਪੁਲਾੜ ਦੇ ਖੇਤਰ ਵਿਚ ਤਕਨੀਕੀ ਮੁਹਾਰਤ ਪੱਖੋਂ ਸਥਿਤੀ ਹੋਰ ਮਜ਼ਬੂਤ ਹੋਵੇਗੀ ਜਿਸ ਉੱਤੇ ਭਾਰਤ ਦੇ ਨਾਲ ਨਾਲ ਅਮਰੀਕਾ, ਚੀਨ, ਰੂਸ ਆਦਿ ਦੇਸ਼ਾਂ ਦਾ ਕਬਜ਼ਾ ਹੈ।
ਇਸ ਦੇ ਨਾਲ ਹੀ ਇਕ ਵਾਰੀ ਮੁੜ ਹੈਰਾਨੀਜਨਕ ਢੰਗ ਨਾਲ ਐਕਸਪੋਸੈਟ ਉੱਤੇ ਭਾਰਤ ਦੀ ਮਹਿਜ਼ 3 ਕਰੋੜ ਡਾਲਰ (250 ਕਰੋੜ ਰੁਪਏ) ਦੀ ਲਾਗਤ ਆਈ ਹੈ; ਅਮਰੀਕਾ ਨੇ 2021 ਤੋਂ ਅਜਿਹੇ ਹੀ ਮਕਸਦ ਨਾਲ ਪੁਲਾੜ ਵਿਚ ਭੇਜੇ ਆਪਣੇ ਨਾਸਾ ਆਈਐਕਸਪੀਈ ਮਿਸ਼ਨ ਉੱਤੇ 18.8 ਕਰੋੜ ਡਾਲਰ ਖ਼ਰਚੇ ਸਨ। ਇਸ ਤੋਂ ਇਲਾਵਾ ਐਕਸਪੋਸੈਟ ਦੇ ਕੰਮ ਕਰਨ ਦੀ ਉਮਰ ਵੀ ਪੰਜ ਸਾਲ ਰਹਿਣ ਦੀ ਉਮੀਦ ਹੈ; ਅਮਰੀਕਾ ਦੇ ਅਜਿਹੇ ਉਪ ਗ੍ਰਹਿ ਦੀ ਉਮਰ ਦੋ ਸਾਲ ਹੀ ਹੈ। ਉਂਝ ਇਸਰੋ ਲਈ ਅਜਿਹੀਆਂ ਮੱਲਾਂ ਮਾਰਨਾ ਕੋਈ ਨਵੀਂ ਗੱਲ ਨਹੀਂ ਕਿਉਂਕਿ ਇਹ ਅਦਾਰਾ ਪਹਿਲਾਂ ਵੀ ਬਹੁਤ ਘੱਟ ਬਜਟ ਵਿਚ ਕੌਮਾਂਤਰੀ ਪੱਧਰ ਵਾਲੀ ਹੀ ਕਾਰਗੁਜ਼ਾਰੀ ਵਾਲੇ ਅਤੇ ਭਰੋਸੇਮੰਦ ਰਾਕੇਟ ਤੇ ਸੈਟੇਲਾਈਟ ਬਣਾ ਸਕਣ ਦੀ ਆਪਣੀ ਸਮਰੱਥਾ ਰਾਹੀਂ ਦੁਨੀਆ ਨੂੰ ਹੈਰਾਨ ਕਰਦਾ ਰਿਹਾ ਹੈ। ਇਸ ਤੋਂ ਇਹ ਤੱਥ ਸਪੱਸ਼ਟ ਹੁੰਦੇ ਹਨ: ਜਨਤਕ ਖੇਤਰ ਦੇ ਅਦਾਰੇ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਨ; ਉਨ੍ਹਾਂ ਦੀ ਕਾਰਜ ਕੁਸ਼ਲਤਾ ਨਿੱਜੀ ਖੇਤਰ ਤੋਂ ਕਿਤੇ ਵੱਧ ਅਤੇ ਲਾਹੇਵੰਦ ਹੈ; ਤੀਸਰੀ ਦੁਨੀਆ ਦੇ ਦੇਸ਼ਾਂ ਦੇ ਵਿਗਿਆਨਕ ਤੇ ਖੋਜੀ ਹਰ ਖੇਤਰ ਵਿਚ ਵਿਕਸਤ ਦੇਸ਼ਾਂ ਦੇ ਵਿਗਿਆਨਕਾਂ ਜਿਹੀਆਂ ਖੋਜਾਂ ਕਰਨ ਦੇ ਸਮਰੱਥ ਹਨ।
ਇਹ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਆਰਥਿਕ ਪੱਖ ਤੋਂ ਬਹੁਤ ਅਹਿਮ ਸਾਬਤ ਹੋ ਸਕਦੀ ਹੈ। ਸੈਟੇਲਾਈਟ ਬਣਾਉਣ ਦਾ ਕਾਰੋਬਾਰ ਅਸਮਾਨ ਛੂਹ ਰਿਹਾ ਹੈ ਅਤੇ ਇਸਰੋ ਇਸ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰ ਸਕਦੀ ਹੈ। ਇਸਰੋ ਦੇ ਮੁਖੀ ਐੱਸ ਸੋਮਨਾਥ ਦੀ ਇਸ ਸਿਫ਼ਾਰਸ਼ ਵਿਚ ਦਮ ਹੈ ਕਿ ਪੁਲਾੜ ਦੇ ਖੇਤਰ ਵਿਚ ਨਿਯਮਾਂ ਨੂੰ ਆਸਾਨ ਬਣਾਇਆ ਜਾਵੇ ਤਾਂ ਕਿ ਪੁਲਾੜ ਵਿਗਿਆਨ ਦੇ ਵਿਕਾਸ ਦਾ ਰਾਹ ਸੁਖਾਲਾ ਹੋ ਸਕੇ ਅਤੇ ਭਾਰਤ ਉਪਗ੍ਰਹਿ ਨਿਰਮਾਣ ਦੇ ਖੇਤਰ ਦਾ ਕੇਂਦਰ ਬਣ ਸਕੇ। ਪੁਲਾੜ ਖੇਤਰ ਵਿਚ ਖੋਜ ਸੰਚਾਰ, ਮੌਸਮ, ਖੇਤੀ ਤੇ ਹੋਰ ਖੇਤਰਾਂ ਲਈ ਮਹੱਤਵਪੂਰਨ ਹੈ ਅਤੇ ਸਾਡੇ ਦੇਸ਼ ਵਿਚ ਇਸ ਖੇਤਰ ਵਿਚ ਤਰੱਕੀ ਕਰਨ ਦੀ ਪੂਰੀ ਸਮਰੱਥਾ ਹੈ।

Advertisement

Advertisement
Advertisement
Author Image

joginder kumar

View all posts

Advertisement