ਪੰਚਾਇਤ ਵਿਭਾਗ ਦੀ ਜਾਗਰੂਕਤਾ ਮੁਹਿੰਮ ਰੰਗ ਲਿਆਉਣ ਲੱਗੀ
ਕਰਮਜੀਤ ਸਿੰਘ ਚਿੱਲਾ
ਬਨੂੜ, 27 ਅਕਤੂਬਰ
ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ, ਖੇਤੀਬਾੜੀ ਵਿਭਾਗ ਅਤੇ ਪੁਲੀਸ ਦੇ ਨਾਲ ਨਾਲ ਪੰਚਾਇਤ ਵਿਭਾਗ ਵੱਲੋਂ ਵੀ ਪਿੰਡ ਪੱਧਰ ਉੱਤੇ ਲਾਮਬੰਦੀ ਵਿੱਢੀ ਹੋਈ ਹੈ।
ਬਨੂੜ ਖੇਤਰ ਵਿੱਚ ਪਿਛਲੇ ਸਾਲਾਂ ਨਾਲੋਂ ਝੋਨੇ ਦੇ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀ ਗਿਣਤੀ ਵਿੱਚ ਇਸ ਵਾਰ ਰਿਕਾਰਡ ਘਾਟਾ ਹੋਇਆ ਹੈ। ਕਿਸਾਨਾਂ ਵੱਲੋਂ ਰਹਿੰਦ-ਖੂੰਹਦ ਨੂੰ ਮਜ਼ਦੂਰਾਂ ਰਾਹੀਂ ਖੇਤਾਂ ਵਿੱਚੋਂ ਬਾਹਰ ਕਢਾ ਕੇ ਢੇਰੀਆਂ ਲਗਾਈਆਂ ਜਾ ਰਹੀਆਂ ਹਨ। ਬੇਲਰ ਮਸ਼ੀਨਾਂ ਰਾਹੀਂ ਪਰਾਲੀ ਦੀਆਂ ਗੰਢਾਂ ਵੀ ਬਣਾਈਆਂ ਜਾ ਰਹੀਆਂ ਹਨ।
ਬੀਡੀਪੀਓ ਰਾਜਪੁਰਾ ਬਨਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਖ਼ਿਜ਼ਰਗੜ੍ਹ, ਕਰਾਲਾ, ਅਜ਼ੀਜ਼ਪੁਰ, ਰਾਮਪੁਰ ਕਲਾਂ, ਮਾਣਕਪੁਰ, ਖੇੜਾ ਗੱਜੂ, ਭਟੀਰਸ, ਹੁਲਕਾ, ਨੰਡਿਆਲੀ, ਤਸੌਲੀ, ਅਬਰਾਵਾਂ, ਮਨੌਲੀ ਸੂਰਤ ਆਦਿ ਵਿਖੇ ਪਿੰਡਾਂ ਵਿੱਚ ਕੈਂਪ ਲਗਾਏ ਗਏ। ਬੀਡੀਪੀਓ ਨੇ ਦੱਸਿਆ ਕਿ ਪਿੰਡਾਂ ਵਿਖੇ ਪੰਚਾਇਤੀ ਮਤੇ ਪਾ ਕੇ ਕਿਸਾਨਾਂ ਤੋਂ ਅੱਗ ਨਾ ਲਗਾਏ ਜਾਣ ਸਬੰਧੀ ਸਹਿਮਤੀ ਵੀ ਦਿੱਤੀ ਗਈ ਹੈ।
ਪੰਚਾਇਤ ਸਕੱਤਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਲਗਾਤਾਰ ਕਿਸਾਨਾਂ ਨਾਲ ਰਾਬਤਾ ਰੱਖ ਰਹੇ ਹਨ। ਜਿਨ੍ਹਾਂ ਕਿਸਾਨਾਂ ਵੱਲੋਂ ਝੋਨਾ ਕਟਵਾਇਆ ਲਿਆ ਗਿਆ ਹੈ, ਉਨ੍ਹਾਂ ਨੂੰ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪਿੰਡਾਂ ਦੇ ਕਈ ਕਿਸਾਨਾਂ ਨੇ ਦੱਸਿਆ ਕਿ ਭਾਵੇਂ ਪਰਾਲੀ ਸਾਂਭਣ ਲਈ ਵੱਧ ਖ਼ਰਚਾ ਆ ਰਿਹਾ ਹੈ, ਲੋੜੀਂਦੀਆਂ ਬੇਲਰ ਮਸ਼ੀਨਾਂ ਵੀ ਨਹੀਂ ਆ ਰਹੀਆਂ ਪਰ ਇਸ ਦੇ ਬਾਵਜੂਦ ਉਹ ਪ੍ਰਸ਼ਾਸਨ ਅਤੇ ਪੰਚਾਇਤ ਵਿਭਾਗ ਨੂੰ ਪੂਰਾ ਸਹਿਯੋਗ ਦੇ ਰਹੇ ਹਨ।