ਮੰਗਾਂ ’ਤੇ ਸਹਿਮਤੀ ਨਾ ਬਣਨ ਕਾਰਨ ਸ਼ੁਭਕਰਨ ਦਾ ਪੋਸਟਮਾਰਟਮ ਰੁਕਿਆ
* ਹਰਿਆਣਾ ਦੇ ਗ੍ਰਹਿ ਮੰਤਰੀ ’ਤੇ ਕੇਸ ਦਰਜ ਕਰਵਾਉਣ ਲਈ ਅੜੇ ਕਿਸਾਨ
* ਮੁਆਵਜ਼ੇ ਵਜੋਂ ਇੱਕ ਕਰੋੜ, ਕਰਜ਼ਾ ਮੁਆਫ਼ੀ ਤੇ ਸਰਕਾਰੀ ਨੌਕਰੀ ਦੀ ਮੰਗ ਰੱਖੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਫਰਵਰੀ
ਦਿੱਲੀ ਕੂਚ ਦੇ ਪ੍ਰੋਗਰਾਮ ਦੌਰਾਨ ਖਨੌਰੀ ਬਾਰਡਰ ’ਤੇ ਹਰਿਆਣਾ ਪੁਲੀਸ ਨਾਲ ਹੋਏ ਟਕਰਾਅ ਦੌਰਾਨ ਮੌਤ ਦੇ ਮੂੰਹ ਜਾ ਪਏ 23 ਸਾਲਾ ਕਿਸਾਨ ਸ਼ੁਭਕਰਨ ਸਿੰਘ ਬੱਲੋ ਦੀ ਮ੍ਰਿਤਕ ਦੇਹ ਅੱਜ ਦੂਜੇ ਦਿਨ ਵੀ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੁਰਦਾਘਰ ’ਚ ਹੀ ਪਈ ਰਹੀ ਕਿਉਂਕਿ ਕਿਸਾਨਾਂ ਅਤੇ ਪਰਿਵਾਰ ਵੱਲੋਂ ਸਹਿਮਤੀ ਨਾ ਦੇਣ ਕਰਕੇ ਅੱਜ ਵੀ ਉਸ ਦਾ ਪੋਸਟ ਮਾਰਟਮ ਨਹੀਂ ਹੋ ਸਕਿਆ। ਇਸ ਨੂੰ ਸਿੱਧੇ ਤੌਰ ’ਤੇ ਕਤਲ ਗਰਦਾਨਦਿਆਂ ਕਿਸਾਨ ਆਗੂਆਂ ਨੇ ਇਸ ਸਬੰਧੀ ਹਰਿਆਣਾ ਦੇ ਗ੍ਰਹਿ ਮੰਤਰੀ ਸਮੇਤ ਹਰਿਆਣਾ ਪੁਲੀਸ ਦੇ ਸਬੰਧਿਤ ਅਧਿਕਾਰੀਆਂ ਤੇ ਮੁਲਾਜ਼ਮਾਂ ਖਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਕਿਸਾਨ ਆਗੂਆਂ ਵੱਲੋਂ ਮੁਆਵਜ਼ੇ ਵਜੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਇੱਕ ਕਰੋੜ ਦੀ ਰਾਸ਼ੀ ਤੇ ਪਰਿਵਾਰ ਦਾ ਦਸ ਲੱਖ ਦੇ ਕਰੀਬ ਸਮੁੱਚਾ ਕਰਜ਼ਾ ਮੁਆਫ਼ ਕਰਨ ਸਮੇਤ ਉਸ ਦੀ ਭੈਣ ਲਈ ਸਰਕਾਰੀ ਪੱਕੀ ਨੌਕਰੀ ਦੀ ਮੰਗ ਵੀ ਰੱਖੀ ਗਈ। ਇਸ ਸਬੰਧੀ ਅੱਜ ਦਿਨ ਭਰ ਇਥੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਹੀ ਕਈ ਵਾਰ ਮੀਟਿੰਗਾਂ ਹੋਈਆਂ। ਪੰਜਾਬ ਸਰਕਾਰ ਵੱਲੋਂ ਏਡੀਜੀਪੀ (ਇੰਟੈਲੀਜੈਂਸ) ਜਸਕਰਨ ਸਿੰੰਘ ਕਿਸਾਨਾਂ ਨਾਲ਼ ਗੱਲ ਕਰ ਰਹੇ ਹਨ ਜਿਨ੍ਹਾਂ ਨਾਲ਼ ਪਟਿਆਲਾ ਅਤੇ ਬਠਿੰਡਾ ਦੇ ਐਸਐਸਪੀਜ਼ ਸਮੇਤ ਹੋਰ ਪੁਲੀਸ ਅਧਿਕਾਰੀ ਵੀ ਮੌਜੂਦ ਸਨ ਜਦਕਿ ਕਿਸਾਨਾਂ ਵੱਲੋਂ ਇਨ੍ਹਾਂ ਮੀਟਿੰਗਾਂ ਵਿਚ ਜ਼ੇਰੇ ਇਲਾਜ ਹੋਣ ਦੇ ਬਾਵਜੂਦ ਜਿਥੇ ਜਗਜੀਤ ਡੱਲੇਵਾਲ ਨੇ ਸ਼ਿਰਕਤ ਕੀਤੀ, ਉਥੇ ਹੀ ਸਰਵਣ ਪੰਧੇਰ ਤੇ ਸੁਰਜੀਤ ਫੂਲ ਆਦਿ ਕਿਸਾਨ ਨੇਤਾਵਾਂ ਸਮੇਤ ਸ਼ੁਭਕਰਨ ਦੇ ਕੁਝ ਰਿਸ਼ਤੇਦਾਰ ਤੇ ਪਿੰਡ ਦੇ ਵਸਨੀਕ ਵੀ ਸ਼ਾਮਲ ਹੋਏ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸ਼ੁਭਕਰਨ ਦੀ ਮੌਤ ਸਬੰਧੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਸਮੇਤ ਸਬੰਧਤ ਪੁਲੀਸ ਵਾਲਿਆਂ ਖਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਵੇ ਕਿਉਂਕਿ ਸ਼ੁਭਕਰਨ ਦੇ ਗੋਲੀ ਹਰਿਆਣਾ ਪੁਲੀਸ ਨੇ ਪੰਜਾਬ ਦੇ ਖੇਤਰ ’ਚ ਆ ਕੇ ਮਾਰੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਖੇਤਰ ’ਚ ਆ ਕੇ ਹੀ ਕਈ ਹੋਰ ਕਿਸਾਨਾਂ ਦੀ ਕੁੱਟਮਾਰ ਕੀਤੀ ਅਤੇ ਟਰੈਕਟਰਾਂ ਦੀ ਭੰਨਤੋੜ ਵੀ ਕੀਤੀ।
ਕੇਸ ਦਰਜ ਕਰਨ ਦੇ ਮਾਮਲੇ ’ਤੇ ਨਾ ਬਣੀ ਸਹਿਮਤੀ
ਸੂਤਰਾਂ ਮੁਤਾਬਿਕ ਪੰਜਾਬ ਸਰਕਾਰ ਸ਼ੁਭਕਰਨ ਦੀ ਭੈਣ ਨੂੰ ਸਰਕਾਰੀ ਪੱਕੀ ਨੌਕਰੀ ਤੇ ਪਰਿਵਾਰ ਦੇ ਸਿਰ ਮੌਜੂਦ ਦਸ ਲੱਖ ਰੁਪਏ ਦੇ ਕਰੀਬ ਦੱਸਿਆ ਜਾਂਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਲਈ ਸਹਿਮਤ ਹੋ ਗਈ ਹੈ ਪਰ ਇਸ ਸਬੰਧੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ। ਇਸ ਤੋਂ ਇਲਾਵਾ ਮੁਆਵਜ਼ੇ ਵਜੋਂ ਵੀ ਰਾਜ ਸਰਕਾਰ ਵੱਲੋਂ 42 ਲੱੱਖ ਰੁਪਏ ਦੇਣ ਦੀ ਸਹਿਮਤੀ ਦਾ ਪਤਾ ਲੱਗਾ ਹੈ ਪਰ ਕੇਸ ਦਰਜ ਕਰਨ ਵਾਲੇ ਮਾਮਲੇ ’ਤੇ ਆ ਕੇ ਗੱਲ ਅਟਕੀ ਹੋਈ ਹੈ। ਸ਼ੁਭਕਰਨ ਦੇ ਗੋਲ਼ੀ ਲੱਗਣ ਦੀ ਘਟਨਾ ਪੰਜਾਬ ਦੀ ਬਜਾਏ ਹਰਿਆਣਾ ਦੇ ਖੇਤਰ ’ਚ ਵਾਪਰੀ ਦੱਸੀ ਜਾ ਰਹੀ ਹੈ। ਇਹ ਵੀ ਚਰਚਾ ਹੈ ਕਿ ਇਸ ਸਬੰਧੀ ਹਰਿਆਣਾ ਪੁਲੀਸ ਵੱਲੋਂ ਪਹਿਲਾਂ ਹੀ ਕੋਈ ਕਾਰਵਾਈ ਅਮਲ ’ਚ ਲਿਆਂਦੀ ਜਾ ਚੁੱਕੀ ਹੈ ਜਿਸ ਕਰਕੇ ਪੁਲੀਸ ਕੇਸ ਦਰਜ ਕਰਨ ਵਾਲ਼ੀ ਮੰਗ ਸਿਰੇ ਨਹੀਂ ਚੜ੍ਹ ਸਕੀ। ਅੱਜ ਸ਼ਾਮ ਸਾਢੇ ਅੱਠ ਵਜੇ ਤੱਕ ਚੱਲੀ ਮੀਟਿੰਗ ’ਚ ਵੀ ਇਹ ਮਾਮਲਾ ਕਿਸੇ ਤਣਪੱਤਣ ਨਾ ਲੱਗ ਸਕਿਆ ਜਿਸ ਕਰਕੇ ਪੋਸਟ ਮਾਰਟਮ ਅੱਜ ਵੀ ਨਾ ਹੋ ਸਕਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਓਨੀ ਦੇਰ ਉਹ ਪੋਸਟ ਮਾਰਟਮ ਨਹੀਂ ਕਰਨ ਦੇਣਗੇ।