For the best experience, open
https://m.punjabitribuneonline.com
on your mobile browser.
Advertisement

ਪਾਤਰਾਂ ਦੇ ਦਰ ’ਤੇ ਲੇਖਕ ਦੀ ਦਸਤਕ

05:57 AM Dec 08, 2024 IST
ਪਾਤਰਾਂ ਦੇ ਦਰ ’ਤੇ ਲੇਖਕ ਦੀ ਦਸਤਕ
ਪੁਣੇ ਦਾ ਬੁੱਧਵਾਰ ਪੀਠ ਇਲਾਕਾ
Advertisement

Advertisement

ਜਸਬੀਰ ਭੁੱਲਰ

Advertisement

ਮੈਂ ਇੱਕ ਸੈਨਿਕ ਸਾਂ। ਇਹ ਮੇਰੇ ਨਸੀਬ ਵਿੱਚ ਨਹੀਂ ਸੀ ਕਿ ਮਨਚਾਹੀ ਥਾਵੇਂ ਬੈਠ ਜਾਵਾਂ ਤੇ ਫਿਰ ਉੱਥੇ ਜੜ੍ਹਾਂ ਫੜ ਲਵਾਂ। ਅਸਾਮ ਸੂਬੇ ਤੋਂ ਮੇਰਾ ਤਬਾਦਲਾ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦਾ ਹੋ ਗਿਆ। ਉਸ ਸ਼ਹਿਰ ਵਿੱਚ ਸਾਹਿਤ ਦੀ ਹਵਾ ਰੁਮਕਦੀ ਸੀ, ਸੂਖ਼ਮ ਕਲਾਵਾਂ ਦੀ ਜ਼ਰਖ਼ੇਜ਼ ਮਿੱਟੀ ਸੀ।
ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਵੀ ਉਸੇ ਸ਼ਹਿਰ ਵਿੱਚ ਸੀ। ਉੱਥੇ ਮੇਰੇ ਕੁਝ ਯਾਰ-ਬੇਲੀ ਵੀ ਸਨ। ਟੀਵੀ ਵਿੰਗ ਵਿੱਚ ਰੰਗਕਰਮੀ ਗੁਰਚਰਨ ਚੰਨੀ, ਫਿਲਮ ਵਿੰਗ ਵਿੱਚ ਐਕਟਿੰਗ ਦਾ ਪ੍ਰੋਫੈਸਰ ਗੁਲਸ਼ਨ ਕਪੂਰ ਤੇ ਫਿਲਮ ਨਿਰਦੇਸ਼ਨ ਦੇ ਪ੍ਰੋਫੈਸਰ ਸੁਰਿੰਦਰ ਚੌਧਰੀ ਤਾਂ ਫਿਲਮ ਇੰਸਟੀਚਿਊਟ ਦੀਆਂ ਮੇਰੀਆਂ ਮਹਿਫ਼ਲਾਂ ਦੇ ਸ਼ਰੀਕ ਸਨ।
ਫਿਲਮ ਇੰਸਟੀਚਿਊਟ ਵਿੱਚ ਮੇਰੇ ਲਈ ਕਹਾਣੀਆਂ ਖਿੱਲਰੀਆਂ ਹੋਈਆਂ ਸਨ। ਸਿਰਫ਼ ਉਹ ਕਹਾਣੀਆਂ ਚੁਗਣ ਲਈ ਹੀ ਮੈਂ ਫਿਲਮ ਇੰਸਟੀਚਿਊਟ ਨਹੀਂ ਸਾਂ ਜਾਂਦਾ। ਉੱਥੇ ਮੇਰੇ ਲਈ ਨੈਸ਼ਨਲ ਫਿਲਮ ਆਰਕਾਈਵਜ਼ ਦੀਆਂ ਫਿਲਮਾਂ ਦਾ ਤਲਿਸਮ ਵੀ ਚੁੰਬਕੀ ਸੀ। ਯਾਰਾਂ ਦੀਆਂ ਮਹਿਫ਼ਲਾਂ ਵੀ ਮੈਨੂੰ ਉਡੀਕਦੀਆਂ ਰਹਿੰਦੀਆਂ ਸਨ।
ਉੱਥੇ ਹੀ ਮੈਨੂੰ ਗੁਰਚਰਨ ਚੰਨੀ ਦਾ ਇੱਕ ਦੋਸਤ ਐਮਰੀ ਸ਼ੇਰਗਿਲ (ਅਸਲੀ ਨਾਂ ਨਹੀਂ) ਮਿਲਿਆ ਸੀ। ਉਹ ਫਿਲਮਾਂ ਵਿੱਚ ਆਪਣੇ ਪੈਰ-ਧਰਾਵੇ ਲਈ ਸੰਘਰਸ਼ ਕਰ ਰਿਹਾ ਸੀ। ਜਦੋਂ ਵੀ ਅਸਫਲਤਾ ਅਤੇ ਨਿਰਾਸ਼ਤਾ ਜ਼ਿਹਨ ਉੱਤੇ ਭਾਰੀ ਹੋਵੇ ਤਾਂ ਉਹ ਲਾਲ ਬੱਤੀ ਵਾਲੇ ਫਾਰਸ ਰੋਡ ਦਾ ਰਾਹ ਫੜ ਲੈਂਦਾ ਸੀ। ਉੱਥੇ ਉਹਦੀਆਂ ਨਾਕਾਮੀਆਂ ਲਈ ਰਾਹਤ ਸੀ ਤੇ ਦਿਲਬਰੀ ਲਈ ਮੋਢਾ ਸੀ।
ਸ਼ਰਾਬ ਦੇ ਕੁਝ ਹਾੜਿਆਂ ਤੋਂ ਪਿੱਛੋਂ ਉਹ ਉਨ੍ਹਾਂ ਚੁਬਾਰਿਆਂ ਦੀਆਂ ਕਹਾਣੀਆਂ ਛੋਹ ਲੈਂਦਾ ਸੀ। ‘ਸਮੁੰਦਰ ਵੱਲ ਦੀ ਖਿੜਕੀ’ ਕਹਾਣੀ ਦੇ ਨਿੱਕੇ ਨਿੱਕੇ ਟੁਕੜੇ ਮੈਨੂੰ ਉਹਦੇ ਕੋਲੋਂ ਹੀ ਲੱਭੇ ਸਨ। ਕਲਪਨਾ ਦੇ ਬਲਬੂਤੇ ਮੈਂ ਉਹ ਕਹਾਣੀ ਲਿਖ ਲਈ ਸੀ।
ਉਨ੍ਹਾਂ ਔਰਤਾਂ ਦੀ ਜ਼ਿੰਦਗੀ ਬਾਰੇ ਜਾਣਨ ਦੀ ਮੇਰੀ ਜਗਿਆਸਾ ਦਾ ਉਹਨੇ ਬੂਹਾ ਖੋਲ੍ਹਿਆ ਸੀ।
* * *


ਲੇਖਕਾਂ ਲਈ ਲਾਲ ਬੱਤੀ ਇਲਾਕੇ ਦੀਆਂ ਔਰਤਾਂ ਜਿਵੇਂ ਕਿਸੇ ਹੋਰ ਗ੍ਰਹਿ ਤੋਂ ਆਈਆਂ ਹੋਈਆਂ ਸਨ। ਉਨ੍ਹਾਂ ਦੇ ਜੀਣ-ਮਰਨ ਸਾਹਵੇਂ ਲੋਹੇ ਦਾ ਪਰਦਾ ਤਣਿਆ ਹੋਇਆ ਸੀ। ਉਸ ਪਰਦੇ ਵਿੱਚ ਕੋਈ ਮੋਰੀ ਨਹੀਂ ਸੀ। ਉੱਥੇ ਕੋਈ ਮੋਰੀ ਹੋਵੇ ਤਾਂ ਉਹ ਵੇਖ ਸਕਣ ਉਨ੍ਹਾਂ ਔਰਤਾਂ ਨੂੰ। ਕਿਸੇ ਨਾਵਲ ਵਾਂਗੂੰ ਪੜ੍ਹ ਸਕਣ। ਕਿਸੇ ਕਹਾਣੀ ਵਾਂਗੂੰ ਲਿਖ ਸਕਣ।
ਉਹ 1983 ਦਾ ਵਰ੍ਹਾ ਸੀ।
ਮਨ ਵਿੱਚ ਇਹੋ ਜਿਹਾ ਕੁਝ ਹੀ ਲੈ ਕੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਪੁਣੇ ਆਇਆ ਸੀ। ਉਹ ‘ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ’ ਦੇ ਪ੍ਰਭਾਤ ਸਟੂਡੀਓ ਨੇੜੇ ਮੈਨੂੰ ਅਚਨਚੇਤੀ ਹੀ ਮਿਲ ਪਿਆ ਸੀ।
ਉਹਦਾ ਇਸ ਤਰ੍ਹਾਂ ਮਿਲ ਪੈਣਾ ਅਣਕਿਆਸਿਆ ਸੀ। ਮੈਂ ਖ਼ੁਸ਼ ਵੀ ਹੋਇਆ ਸਾਂ ਤੇ ਹੈਰਾਨ ਵੀ। ਫਿਲਮ ਇੰਸਟੀਚਿਊਟ ਨਾਲ ਤਾਂ ਉਹਦਾ ਕੋਈ ਵਾਹ-ਵਾਸਤਾ ਹੀ ਨਹੀਂ ਸੀ, ਫੇਰ ਉਹ ਉੱਥੇ ਕਿਉਂ ਸੀ? ਦਰਅਸਲ, ਉਹ ਭਾਰਤੀ ਸਾਹਿਤ ਅਕਾਦਮੀ ਦੀ ਇੱਕ ਸਕੀਮ ਤਹਿਤ ਭਾਰਤ ਭ੍ਰਮਣ ਲਈ ਨਿਕਲਿਆ ਹੋਇਆ ਸੀ। ਉਹਦੀ ਯਾਤਰਾ ਦਾ ਖਰਚਾ ਇੱਕ ਸੀਮਾ ਤੱਕ ਅਕਾਦਮੀ ਨੇ ਕਰਨਾ ਸੀ। ਇਹ ਸੁੱਕੇ ਨਲਕੇ ਵਿੱਚ ਬਾਹਰੋਂ ਪਾਣੀ ਪਾ ਕੇ, ਉਹਨੂੰ ਨਵੇਂ ਸਿਰਿਉਂ ਪਾਣੀ ਦੇਣ ਲਾਉਣ ਵਰਗਾ ਯਤਨ ਸੀ।
ਪ੍ਰਭਾਤ ਸਟੂਡੀਓ ਦੀ ਹਵਾ ਵਿੱਚ ਮਰਹੂਮ ਫਿਲਮਕਾਰ ਵੀ. ਸ਼ਾਂਤਾ ਰਾਮ ਦੇ ਸਾਹ ਸਨ। ਅਸੀਂ ਉਸ ਦੀ ਹਾਜ਼ਰੀ ਨੂੰ ਮਹਿਸੂਸ ਕੀਤਾ ਸੀ ਤੇ ਉਸ ਦੀਆਂ ਫਿਲਮਾਂ ਦੀਆਂ ਗੱਲਾਂ ਕਰਨ ਲੱਗ ਪਏ ਸਾਂ। ਉੱਥੇ ਖਲੋ ਕੇ ਅਸੀਂ ਕਈਆਂ ਨੂੰ ਯਾਦ ਕੀਤਾ, ‘ਮੇਘਾ ਢਾਕਾ ਤਾਰਾ’ ਵਾਲੇ ਰਿਤਵਿਕ ਘਟਕ ਨੂੰ ਵੀ ਤੇ ਸਤਿਆਜੀਤ ਰੇਅ ਨੂੰ ਵੀ।
ਅਗਲੀ ਸਵੇਰ ਪ੍ਰੇਮ ਪ੍ਰਕਾਸ਼ ਮੇਰੇ ਕੋਲ ਯੂਨਿਟ ਪਹੁੰਚ ਗਿਆ। ਮੈਨੂੰ ਵਰਦੀ ਵਿੱਚ ਵੇਖ ਕੇ ਉਹਨੂੰ ਜਿਵੇਂ ਚਾਅ ਹੀ ਚੜ੍ਹ ਗਿਆ। ਉਸ ਨੇ ਹੁੱਬ ਕੇ ਆਖਿਆ, ‘‘ਜਸਬੀਰ! ਉੱਠ, ਆਪਾਂ ਜਾਣਾ ਏਂ ਕਿੱਧਰੇ!’’
‘‘ਕਿੱਥੇ?’’ ਮੈਂ ਪੁੱਛਿਆ।
‘‘ਤੂੰ ਤੁਰ ਤਾਂ ਸਹੀ।’’
‘‘ਮੈਂ ਵਰਦੀ ਤਾਂ ਉਤਾਰ ਆਵਾਂ।’’
‘‘ਨਈਂ, ਜਿੱਥੇ ਆਪਾਂ ਜਾਣੈ, ਉੱਥੇ ਵਰਦੀ ਵਿੱਚ ਜਾਣਾ ਹੀ ਠੀਕ ਰਹੂ। ਤੂੰ ਵਰਦੀ ਪਾਈ ਹੋਊ ਤਾਂ ਪੁਲਸੀਏ ਆਪਾਂ ਨੂੰ ਕੁਝ ਨਹੀਂ ਕਹਿਣਗੇ।’’
ਮੈਂ ਤ੍ਰਭਕਿਆ ਸਾਂ।
ਦੋ ਲਿਖਣ ਵਾਲਿਆਂ ਵਿਚਕਾਰ ਪੁਲੀਸ ਕਿੱਥੋਂ ਆ ਗਈ।
* * *
ਪਿਛਲੇ ਦਿਨ ਪ੍ਰੇਮ ਪ੍ਰਕਾਸ਼ ਦੀ ਜਗਿਆਸਾ ਉਹਨੂੰ ਬੁੱਧਵਾਰ ਪੀਠ ਲੈ ਗਈ ਸੀ। ਉਸ ਇਲਾਕੇ ਵਿੱਚ ਜਿਸਮ-ਫਰੋਸ਼ੀ ਦਾ ਧੰਦਾ ਹੁੰਦਾ ਸੀ।
ਪ੍ਰੇਮ ਪ੍ਰਕਾਸ਼ ਦਾ ਚਿੱਤ ਸੀ ਕਿ ਉਹ ਵੇਸਵਾਵਾਂ ਦੇ ਕੋਠਿਆਂ ਉੱਤੇ ਜਾ ਕੇ ਵੇਖੇ ਕਿ ਉਹ ਕਿਸ ਤਰ੍ਹਾਂ ਰਹਿੰਦੀਆਂ ਸਨ, ਕਿਸ ਤਰ੍ਹਾਂ ਜਿਊਂਦੀਆਂ ਸਨ। ਲੇਖਕਾਂ ਨੂੰ ਇਨ੍ਹਾਂ ਕੋਠਿਆਂ ਉੱਤੇ ਕਹਾਣੀਆਂ ਬੈਠੀਆਂ ਹੋਈਆਂ ਦਿਸਦੀਆਂ ਸਨ।
ਪ੍ਰੇਮ ਪ੍ਰਕਾਸ਼ ਦੋ ਚਾਰ ਦਿਨਾਂ ਲਈ ਫਿਲਮ ਇੰਸਟੀਚਿਊਟ ਵਿੱਚ ਹੀ ਠਹਿਰਿਆ ਹੋਇਆ ਸੀ। ਪੁਣੇ ਦੇ ਰੈੱਡ ਲਾਈਟ ਏਰੀਆ ਦੀ ਸੂਹ ਸ਼ਾਇਦ ਉਸ ਨੂੰ ਫਿਲਮ ਇੰਸਟੀਚਿਊਟ ਤੋਂ ਹੀ ਮਿਲੀ ਸੀ ਕਿ ਇਨ੍ਹਾਂ ਥਾਵਾਂ ’ਤੇ ਰਹਿਣ ਵਾਲੀਆਂ ਨੂੰ ਲੇਖਕ ਆਪਣੀਆਂ ਰਚਨਾਵਾਂ ਲਈ ਵਿਸ਼ੇ-ਵਸਤੂ ਵਜੋਂ ਵੇਖਦੇ ਸਨ। ਵੇਸਵਾਵਾਂ ਅਤੇ ਕੋਠਿਆਂ ਬਾਰੇ ਲੇਖਕਾਂ ਦੀਆਂ ਰਚਨਾਵਾਂ ਸਮਾਜ ਦੇ ਟਸ ਟਸ ਕਰਦੇ ਨਾਸੂਰ ਉੱਤੇ ਉਂਗਲ ਧਰਦੀਆਂ ਸਨ, ਉਨ੍ਹਾਂ ਜ਼ਖ਼ਮਾਂ ਲਈ ਮਾਨਵੀ ਪਹੁੰਚ ਮੰਗਦੀਆਂ ਸਨ, ਪਿਆਰ ਦੀ ਮਰਹਮ ਢੂੰਡਦੀਆਂ ਸਨ।
ਬੁੱਧਵਾਰ ਪੀਠ ਪੁਣੇ ਦਾ ਲਾਲ ਬੱਤੀ ਵਾਲਾ ਇਲਾਕਾ ਸੀ। ਉੱਥੇ ਅਣਗਿਣਤ ਕਹਾਣੀਆਂ ਚੁਬਾਰਿਆਂ ਦੇ ਛੱਜਿਆਂ ਤੋਂ ਸੜਕ ਵੱਲ ਉਲਰੀਆਂ ਹੋਈਆਂ ਦਿਸਦੀਆਂ ਸਨ। ਉੱਧਰੋਂ ਲੰਘਣ ਵਾਲੇ ਨੂੰ ਨੰਗੇ ਫ਼ਿਕਰੇ ਵੀ ਸੁਣ ਜਾਂਦੇ ਸਨ। ਕਈ ਵਾਰ ਕਿਸੇ ਦੱਲੇ ਨਾਲ ਵੀ ਖਹਿ ਕੇ ਲੰਘਣਾ ਪੈ ਜਾਂਦਾ ਸੀ।
ਇਨ੍ਹਾਂ ਥਾਵਾਂ ’ਤੇ ਬੇਪਨਾਹ ਦਰਦ ਦੀਆਂ ਬਾਤਾਂ ਸਨ ਤੇ ਅੰਤਹੀਣ ਪਿਆਸ ਦਾ ਮਾਰੂਥਲ ਸੀ। ਉਸ ਮਾਰੂਥਲ ਉੱਤੇ ਡੁੱਲ੍ਹਣ ਲਈ ਪੂਰਾ ਦਰਿਆ ਚਾਹੀਦਾ ਸੀ, ਮੁਹੱਬਤ ਦਾ ਦਰਿਆ, ਪਰ ਉੱਥੇ ਡੁੱਲ੍ਹਣ ਲਈ ਸਿਰਫ਼ ਸਰੀਰ ਸਨ, ਅਹਿਸਾਸ ਨਹੀਂ ਸੀ।
ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੀ ਉਨ੍ਹਾਂ ਬਿਮਾਰ ਗਲੀਆਂ ਵਿੱਚ ਜਾਣ ਦੀ ਜਗਿਆਸਾ ਅਤੇ ਉਨ੍ਹਾਂ ਔਰਤਾਂ ਦੇ ਮਰਮ ਨੂੰ ਛੋਹ ਕੇ ਵੇਖਣ ਦੀ ਇੱਛਾ ਸਾਹਿਰ ਲੁਧਿਆਣਵੀ, ਸਆਦਤ ਹਸਨ ਮੰਟੋ, ਬਲਦੇਵ ਸਿੰਘ ਸੜਕਨਾਮਾ, ਅਲਬਰਟ ਮੋਰਾਵੀਆ, ਇਰਵਿੰਗ ਵੈਲਸ ਜਾਂ ਹੋਰਾਂ ਅਨੇਕਾਂ ਲੇਖਕਾਂ ਦੀ ਲਾਲਸਾ ਨਾਲੋਂ ਵੱਖਰੀ ਨਹੀਂ ਸੀ। ਉੱਥੇ ਉਨ੍ਹਾਂ ਦੀਆਂ ਰਚਨਾਵਾਂ ਦੇ ਬੀਜ ਸਨ।
ਬਹੁਤ ਸਾਰੇ ਲੇਖਕ ਆਪਣੀ ਇੱਛਾ ਨੂੰ ਮਨ ਵਿੱਚ ਲੈ ਕੇ ਕਿਸੇ ਹੀਰਾ ਮੰਡੀ ਦੇ ਚੁਬਾਰੇ ਦੀ ਹੇਠਲੀ ਪੌੜੀ ਕੋਲ ਹੀ ਖੜ੍ਹੇ ਰਹੇ ਸਨ। ਪੰਜਾਬੀ ਦੀ ਨਾਮਵਰ ਕਹਾਣੀਕਾਰਾ ਅਜੀਤ ਕੌਰ ਤਾਂ ਬੜੀ ਦਲੇਰੀ ਨਾਲ ਮੁੰਬਈ ਦੇ ਇੱਕ ਚੁਬਾਰੇ ਦੀਆਂ ਪੌੜੀਆਂ ਵੀ ਚੜ੍ਹ ਗਈ ਸੀ।
ਪ੍ਰੇਮ ਪ੍ਰਕਾਸ਼ ਨੂੰ ਕੋਠੇ ਉੱਤੇ ਜਾਣ ਲਈ ਮੇਰਾ ਆਸਰਾ ਚਾਹੀਦਾ ਸੀ ਜਾਂ ਸ਼ਾਇਦ ਮੇਰੇ ਨਾਲੋਂ ਵੱਧ ਉਹਨੂੰ ਫ਼ੌਜੀ ਵਰਦੀ ਦਾ ਆਸਰਾ ਚਾਹੀਦਾ ਸੀ।
ਪਿਛਲੇ ਦਿਨ ਉਹ ਇਕੱਲਾ ਹੀ ਬੁੱਧਵਾਰ ਪੀਠ ਪਹੁੰਚ ਗਿਆ ਸੀ, ਪਰ ਤ੍ਰਹਿ ਕੇ ਪਰਤ ਆਇਆ ਸੀ। ਹਾਲਾਂਕਿ, ਉਸ ਦੀ ਕੋਠਿਆਂ ਦੇ ਅੰਦਰਲੀ ਜ਼ਿੰਦਗੀ ਵੇਖਣ ਦੀ ਤਾਂਘ ਬਣੀ ਰਹੀ ਸੀ। ਉਹ ਬਜ਼ਿੱਦ ਸੀ ਕਿ ਮੈਂ ਵਰਦੀ ਵਿੱਚ ਉਹਦੇ ਨਾਲ ਉੁਨ੍ਹਾਂ ਥਾਵਾਂ ਉੱਤੇ ਜਾਵਾਂ।
ਮੈਨੂੰ ਨਾਵਲਕਾਰ ਸਮਰਸੈੱਟ ਮਾਅਮ ਦੀ ਗੱਲ ਚੇਤੇ ਆਈ ਸੀ। ਉਹਨੇ ਆਪਣੀ ਨੋਟਬੁੱਕ ਵਿੱਚ ਲਿਖਿਆ ਸੀ, ਮੀਟ ਦੇ ਸੁਆਦ ਬਾਰੇ ਲਿਖਣ ਲਈ ਪੂਰਾ ਬੱਕਰਾ ਖਾ ਲੈਣਾ ਜ਼ਰੂਰੀ ਨਹੀਂ, ਚਟਕਾਰੇ ਨੂੰ ਮਹਿਸੂਸ ਕਰਨਾ ਜ਼ਰੂਰੀ ਹੈ।
‘ਸਮੁੰਦਰ ਵੱਲ ਦੀ ਖਿੜਕੀ’ ਕਹਾਣੀ ਲਿਖਣ ਵੇਲੇ ਮੈਂ ਕਹਾਣੀ ਦੇ ਪਾਤਰਾਂ ਨੂੰ ਨਹੀਂ ਸਾਂ ਜਾਣਦਾ। ਮੈਂ ਉਸ ਚਕਲੇ ਦੀਆਂ ਕੁੜੀਆਂ ਨੂੰ ਕਦੇ ਵੇਖਿਆ ਵੀ ਨਹੀਂ ਸੀ, ਪਰ ਉਨ੍ਹਾਂ ਵੇਸਵਾਵਾਂ ਦੇ ਹਉਕੇ ਮੇਰੇ ਤੱਕ ਪਹੁੰਚੇ ਸਨ। ਉਨ੍ਹਾਂ ਵੇਸਵਾਵਾਂ ਦਾ ਔਰਤ ਹੋਣਾ, ਭੈਣ ਹੋਣਾ ਤੇ ਮਾਂ ਹੋਣਾ ਮੇਰੀ ਪਛਾਣ ਤੋਂ ਪਰ੍ਹਾਂ ਨਹੀਂ ਸੀ।
ਬੁੱਧਵਾਰ ਪੀਠ ਦੇ ਚੁਬਾਰਿਆਂ ਦਾ ਸੱਚ ਵੀ ਫਾਰਸ ਰੋਡ ਦੇ ਚਕਲਿਆਂ ਦੇ ਸੱਚ ਤੋਂ ਵੱਖਰਾ ਨਹੀਂ ਸੀ।
ਮੈਂ ਪ੍ਰੇਮ ਪ੍ਰਕਾਸ਼ ਨਾਲ ਬੁੱਧਵਾਰ ਪੀਠ ਦੇ ਕਿਸੇ ਚੁਬਾਰੇ ਉੱਤੇ ਨਹੀਂ ਸੀ ਗਿਆ, ਪਰ ਏਨਾ ਕੁ ਜਾਣ ਲਿਆ ਸੀ ਕਿ ਕਿਸੇ ਵੇਸਵਾ ਦੇ ਕੋਠੇ ਉੱਤੇ ਜਾਣਾ ਹਮੇਸ਼ਾ ਜਿਸਮ ਦੀ ਤਲਬ ਖ਼ਾਤਰ ਹੀ ਨਹੀਂ ਹੁੰਦਾ।
ਕਹਾਣੀ ‘ਸਮੁੰਦਰ ਵੱਲ ਦੀ ਖਿੜਕੀ’ ਲਈ ਖੋਜਬੀਨ ਮੇਰੀ ਸੰਵੇਦਨਾ ਨੇ ਕੀਤੀ ਸੀ, ਕਿਸੇ ਚਕਲੇ ਦੀਆਂ ਪੌੜੀਆਂ ਚੜ੍ਹਨ ਦੀ ਲੋੜ ਨਹੀਂ ਸੀ ਪਈ।
ਰਚਨਾ ਲਈ ਖੋਜ ਕਈ ਵਾਰ ਉੱਥੋਂ ਤੱਕ ਨਹੀਂ ਪਹੁੰਚਦੀ ਜਿੱਥੋਂ ਤੱਕ ਲੇਖਕ ਦੀ ਸੰਵੇਦਨਾ ਪਹੁੰਚ ਜਾਂਦੀ ਹੈ। ਕਹਾਣੀ ‘ਸਮੁੰਦਰ ਵੱਲ ਦੀ ਖਿੜਕੀ’ ਨੇ ਵੇਸਵਾਵਾਂ ਦੀ ਆਤਮਾ ਨੂੰ ਛੋਹ ਕੇ ਵੇਖਿਆ ਹੈ, ਔਰਤ ਦੇ ਮਰਮ ਤੱਕ ਪਹੁੰਚੀ ਹੈ। ਇਹ ਸੰਵੇਦਨਾ ਕਾਰਨ ਹੀ ਸੰਭਵ ਹੋਇਆ ਹੈ।
* * *
ਬੁੱਧਵਾਰ ਪੀਠ ਦੇ ਲਾਲਬੱਤੀ ਇਲਾਕੇ ਦੀਆਂ ਵੇਸਵਾਵਾਂ ਐਕਟਰਸ ਹੋਣ ਦਾ ਲਿਬਾਸ ਪਹਿਨ ਕੇ ਕਦੇ ਕਦਾਈਂ ਫਿਲਮ ਇੰਸਟੀਚਿਊਟ ਵਿੱਚ ਵੀ ਆਉਂਦੀਆਂ ਸਨ।
ਫਿਲਮ ਇੰਸਟੀਚਿਊਟ ਦੇ ਵਿਦਿਆਰਥੀ ਆਪਣੀਆਂ ਟਰੇਨਿੰਗ ਫਿਲਮਾਂ ਬਣਾਉਣ ਵੇਲੇ ਲਾਲ ਬੱਤੀ ਇਲਾਕੇ ਦੀਆਂ ਵੇਸਵਾਵਾਂ ਉੱਤੇ ਬਹੁਤ ਨਿਰਭਰ ਕਰਦੇ ਸਨ। ਵੇਸਵਾਵਾਂ ਖ਼ੁਸ਼ੀ ਖ਼ੁਸ਼ੀ ਉਨ੍ਹਾਂ ਨਿੱਕੀਆਂ ਫਿਲਮਾਂ ਵਿੱਚ ਕੰਮ ਕਰਨਾ ਮੰਨ ਜਾਂਦੀਆਂ ਸਨ। ਉਹ ਆਪਣੀ ਅਦਾਕਾਰੀ ਦੇ ਪੈਸੇ ਵੀ ਬਹੁਤੇ ਨਹੀਂ ਸਨ ਮੰਗਦੀਆਂ। ਪ੍ਰੋਫੈਸ਼ਨਲ ਅਦਾਕਾਰ ਫਿਲਮ ਦੀ ਸ਼ੂਟਿੰਗ ਦੌਰਾਨ ਵਿਦਿਆਰਥੀਆਂ ਨੂੰ ਬਹੁਤ ਪ੍ਰੇਸ਼ਾਨ ਕਰਦੇ ਸਨ ਅਤੇ ਆਪਣੇ ਕੰਮ ਦਾ ਮਿਹਨਤਾਨਾ ਵੀ ਜ਼ਿਆਦਾ ਮੰਗਦੇ ਸਨ।
ਭਾਰਤੀ ਸਿਨੇਮਾ ਦੇ ਮੁੱਢਲੇ ਦੌਰ ਵੇਲੇ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਨੂੰ ਕੋਠਿਆਂ ਵਾਲੀਆਂ ਉੱਤੇ ਨਿਰਭਰ ਕਰਨਾ ਪਿਆ ਸੀ। ਉਸ ਵੇਲੇ ਦੀਆਂ ਕਈ ਨਾਮਵਰ ਨਾਇਕਾਵਾਂ ਜਾਂ ਖ਼ੁਦ ਕੋਠੇ ਵਾਲੀਆਂ ਸਨ ਤੇ ਜਾਂ ਕੋਠੇ ਵਾਲੀਆਂ ਦੇ ਘਰ ਪੈਦਾ ਹੋਈਆਂ ਸਨ।
ਫਿਲਮ ਇੰਸਟੀਚਿਊਟ ਦੇ ਅੰਦਰਵਾਰ ਕੁਝ ਹੋਰ ਤਰ੍ਹਾਂ ਦੀ ਦੁਨੀਆ ਵਸਦੀ ਸੀ। ਕਹਾਣੀਆਂ ਜਿਵੇਂ ਇੰਸਟੀਚਿਊਟ ਦੇ ਰੁੱਖ ਤੋਂ ਡਿੱਗੇ ਹੋਏ ਪੱਤੇ ਸਨ। ਹਰ ਪਾਸੇ ਉਨ੍ਹਾਂ ਪੱਤਿਆਂ ਦਾ ਖਿਲਾਰਾ ਸੀ।
ਕਾਗਜ਼ ਅੱਗੇ ਰੱਖ ਕੇ ਮੈਂ ਕਹਾਣੀ ਲਿਖਣ ਬੈਠ ਗਿਆ।
ਜਿਸ ਮਾਹੌਲ ਬਾਰੇ ਮੈਂ ਕਹਾਣੀ ਲਿਖਦਾ ਹਾਂ, ਬਹੁਤੀ ਵਾਰ ਉਸ ਮਾਹੌਲ ਵਿੱਚ ਵਿਚਰਿਆ ਹੁੰਦਾ ਹਾਂ। ਕਈ ਵਾਰ ਮੇਰੀ ਕਲਪਨਾ ਵੀ ਸਾਹਿਤ ਦੇ ਸੱਚ ਨੂੰ ਜਨਮ ਦਿੰਦੀ ਹੈ। ਗੱਲ ਤਾਂ ਪੱਤਿਆਂ ਦੇ ਦਰਦ ਨੂੰ ਮਹਿਸੂਸ ਕਰਨ ਅਤੇ ਉਸ ਰਹਿਤਲ ਨੂੰ ਸਮਝਣ ਦੀ ਸੀ।
ਵੇਸਵਾਵਾਂ ਦੇ ਫਿਲਮ ਇੰਸਟੀਚਿਊਟ ਵਿੱਚ ਆਉਣ-ਜਾਣ ਨੇ ਮੇਰੀ ਕਹਾਣੀ ਦਾ ਕੈਨਵਸ ਵੱਡਾ ਕਰ ਦਿੱਤਾ ਸੀ।
ਲਿਖਦਿਆਂ ਲਿਖਦਿਆਂ ਮੇਰੀ ਕਹਾਣੀ ਆਪਣੀਆਂ ਹੱਦਾਂ ਤੋਂ ਬਾਹਰ ਤੁਰ ਪਈ। ਕਹਾਣੀ ਦੇ ਨਾਵਲ ਹੋਣ ਵੱਲ ਇਹ ਪਹਿਲਾ ਇਸ਼ਾਰਾ ਸੀ।
ਫੇਰ ਅਹਿਮਦਾਬਾਦ ਸ਼ਹਿਰ ਨੇ ਮੇਰੇ ਬੂਹੇ ਉੱਤੇ ਦਸਤਕ ਦੇ ਦਿੱਤੀ।
ਉਸ ਸ਼ਹਿਰ ਵਿੱਚ ਜਦੋਂ ਫਿਲਮ ਨਿਰਮਾਤਾ ਇਬਰਾਹੀਮ ਨਾਡਿਆਡਵਾਲਾ ਨੇ ਗੁਜਰਾਤੀ ਫਿਲਮ ‘ਸੰਤੂ ਰੰਗੀਲੀ’ ਦੀ ਸ਼ੂਟਿੰਗ ਸ਼ੁਰੂ ਕੀਤੀ ਤਾਂ ਦੋਸਤੀ ਦੇ ਹੱਕ ਵਿੱਚ ਮੈਂ ਉਹਦੀ ਟੀਮ ਦਾ ਹਿੱਸਾ ਹੋ ਗਿਆ।
ਦਿਨ ਭਰ ਦੀ ਸ਼ੂਟਿੰਗ ਵਿੱਚ ਥੱਕ ਜਾਣ ਪਿੱਛੋਂ, ਤਫ਼ਰੀਹੀ ਰੌਂਅ ਵਾਲੇ ਕੁਝ ਕੁ ਇਬਰਾਹੀਮ ਦੇ ਹੋਟਲ ਦੇ ਸੂਇਟ ਵਿੱਚ ਇਕੱਠੇ ਹੋ ਜਾਂਦੇ ਸਨ।
ਉਨ੍ਹਾਂ ਦੀਆਂ ਸ਼ਰਾਬ ਅਤੇ ਰੰਗੀਨ ਰਾਤਾਂ ਮੇਰੇ ਨਾਵਲ ‘ਮਹੂਰਤ’ ਦੇ ਅਣਲਿਖੇ ਕਾਂਡ ਸਨ, ਪਰ ਮੈਨੂੰ ਉਦੋਂ ਇਸ ਗੱਲ ਦਾ ਪਤਾ ਨਹੀਂ ਸੀ।
ਫਿਲਮ ਇੰਸਟੀਚਿਊਟ ਨੇ ਉਨ੍ਹਾਂ ਬੀਤੀਆਂ ਘਟਨਾਵਾਂ ਨੂੰ ਵੀ ਕਥਾਨਕ ਨਾਲ ਜੋੜ ਦਿੱਤਾ ਸੀ।
ਕਹਾਣੀ ਨਾਵਲ ਹੋ ਗਈ ਤਾਂ ਗੁਰਚਰਨ ਚੰਨੀ ਦੇ ਯਾਰ ਸ਼ੇਰਗਿੱਲ ਨੇ ਕਿਹਾ, ਜੇ ਮੈਂ ਫਿਲਮਾਂ ਵਾਲਿਆਂ ਬਾਰੇ ਨਾਵਲ ਲਿਖਣਾ ਚਾਹੁੰਦਾ ਹਾਂ ਤਾਂ ਪਹਿਲੋਂ ਮੁੰਬਈ ਵੇਖ ਲਵਾਂ।
ਮੈਂ ਐਮਰੀ ਸ਼ੇਰਗਿੱਲ ਨਾਲ ਹੀ ਮੁੰਬਈ ਵਾਲੀ ਗੱਡੀ ਚੜ੍ਹ ਗਿਆ ਸਾਂ। ਉੱਥੇ ਅੰਧੇਰੀ ਦੇ ਇੱਕ ਪੁਰਾਣੇ ਮਕਾਨ ਦੀਆਂ ਪੌੜੀਆਂ ਚੜ੍ਹ ਕੇ ਐਮਰੀ ਸ਼ੇਰਗਿੱਲ ਨੇ ਇੱਕ ਬੰਦ ਬੂਹੇ ਦੀ ਕਾਲ ਬੈੱਲ ਦਾ ਬਟਨ ਦੱਬਿਆ ਸੀ। ਬੂਹਾ ਖੁੱਲ੍ਹਿਆ ਤਾਂ ਅਸੀਂ ਸਿੱਧਾ ‘ਮਹੂਰਤ’ ਦੇ ਇੱਕ ਪਾਤਰ ਪ੍ਰਕਾਸ਼ ਆਨੰਦ ਦੇ ਬੈੱਡਰੂਮ ਵਿੱਚ ਪੈਰ ਧਰਿਆ। ਉਹ ਬੈੱਡਰੂਮ ਟੱਪ ਕੇ ਇੱਕ ਹੋਰ ਕਮਰਾ ਸੀ। ਉਹ ਕਮਰਾ ਮਹੂਰਤ ਨਾਵਲ ਦੇ ਪਾਤਰ ਸੁਹੇਲ, ਸੁਸ਼ਾਂਤ ਬਾਸੂ ਅਤੇ ਐਮਰੀ ਸ਼ੇਰਗਿੱਲ ਦਾ ਸੀ। ਯਾਨੀ ‘ਮਹੂਰਤ’ ਦੇ ਕੁਝ ਹੋਰ ਪਾਤਰਾਂ ਨੂੰ ਉੱਥੇ ਰਹਿਣ ਲਈ ਥਾਂ ਮਿਲੀ ਹੋਈ ਸੀ। ਨਾਵਲ ਦੇ ਬਾਕੀ ਪਾਤਰ ਮੁੰਬਈ ਦੀ ਵਿਸ਼ਾਲਤਾ ਵਿੱਚ ਗੁਆਚੇ ਹੋਏ ਸਨ।
ਮੁੰਬਈ ਸ਼ਹਿਰ ਸੌਂਦਾ ਨਹੀਂ ਸੀ, ਰਾਤ ਵੇਲੇ ਵੀ ਜਾਗਦਾ ਸੀ। ਐਮਰੀ ਤੇ ਮੈਂ ਰਾਤ ਵੇਲੇ ਨਿਕਲ ਤੁਰਦੇ ਸਾਂ ਤੇ ਤੜਕਸਾਰ ਪਰਤ ਆਉਂਦੇ ਸਾਂ। ਮੇਰੀ ਕਿਸੇ ਵੀ ਰਚਨਾ ਦੀ ਸਿਰਜਣਾ ਨਾਲ ਖੋਜ ਦਾ ਕਾਰਜ ਵੀ ਜੁੜਿਆ ਹੋਇਆ ਹੁੰਦਾ ਹੈ। ਇਸ ਨਾਵਲ ਲਈ ਮੈਂ ਮੁੰਬਈ ਸ਼ਹਿਰ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਸੀ। ਸਿਨੇਮਾ ਨਾਲ ਸਬੰਧਿਤ ਕਈ ਵਿਅਕਤੀਆਂ ਨਾਲ ਘੋਖਵੀਂ ਗੱਲਬਾਤ ਕੀਤੀ ਸੀ। ਸਿਨੇਮਾ ਦੇ ਖੇਤਰ ਵਿੱਚ ਭਵਿੱਖ ਖੋਜ ਰਹੇ ਕੁਝ ਸਟਰਗਲਰਜ਼ ਨੂੰ ਵੀ ਮਿਲਿਆ ਸਾਂ। ਉਨ੍ਹਾਂ ਥਾਵਾਂ ਉੱਤੇ ਉਚੇਚਾ ਘੁੰਮਿਆ ਸਾਂ ਜਿੱਥੇ ਕੰਮ ਲੱਭਣ ਲਈ ਸੰਘਰਸ਼ ਕਰ ਰਹੇ ਮੁੰਡੇ-ਕੁੜੀਆਂ ਜਾਂਦੇ ਸਨ। ਮੈਂ ਫਿਲਮਾਂ ਨਾਲ ਸਬੰਧਿਤ ਦਸਤਾਵੇਜ਼ਾਂ ਨੂੰ ਵੀ ਘੋਖਿਆ ਸੀ।
‘ਮਹੂਰਤ’ ਨਾਵਲ ਦਾ ਮੁੱਢ ਬੱਝ ਚੁੱਕਿਆ ਸੀ। ਨਾਵਲ ਦੀ ਪਹਿਲੀ ਲਿਖਤ ਅਧੂਰੀ ਸੀ। ਨਾਵਲ ਨੂੰ ਮੁੜ ਲਿਖਣ ਵਿਚਕਾਰ ਵਰ੍ਹਿਆਂ ਦਾ ਵਕਫ਼ਾ ਸੀ।
ਫੇਰ ਤਾਂ ਮੈਂ ਇਸ ਨਾਵਲ ਨੂੰ ਵਾਰ ਵਾਰ ਲਿਖਿਆ ਸੀ, ਬਹੁਤ ਸਾਰੀ ਕਾਂਟ ਛਾਂਟ ਵੀ ਹੁੰਦੀ ਰਹੀ ਸੀ, ਕੁਝ ਇਜ਼ਾਫ਼ਾ ਵੀ ਹੁੰਦਾ ਰਿਹਾ ਸੀ।
‘ਮਹੂਰਤ’ ਨਾਵਲ ਮੈਂ ਅਧੂਰੇ ਰੂਪ ਵਿੱਚ ਪਹਿਲੀ ਵਾਰ 1984 ਵਿੱਚ ਲਿਖਿਆ ਸੀ। ਅਨੇਕ ਬਿਖੜੇ ਰਾਹਵਾਂ ਤੋਂ ਲੰਘਦਾ ਇਹ ਨਾਵਲ 2004 ਵਿੱਚ ਨੇਪਰੇ ਚੜ੍ਹਿਆ ਸੀ। ਇਸ ਦੌਰਾਨ ਉਹ ਵੇਲਾ ਵੀ ਆਇਆ ਸੀ ਜਦੋਂ ਮੈਂ ਨਾਵਲ ਉੱਤੇ ਕੁਝ ਵੀ ਕੰਮ ਨਹੀਂ ਸੀ ਕੀਤਾ, ਪਰ ਉਹ ਫਾਈਲ ਵਿੱਚ ਪਏ ਖਰੜੇ ਦਾ ਅਗਿਆਤਵਾਸ ਨਹੀਂ ਸੀ। ਮੈਂ ਆਪਣੇ ਚੇਤੇ ਵਿੱਚ ਉਸ ਨਾਵਲ ਦੀ ਸੁਧਾਈ ਵੀ ਕਰਦਾ ਰਿਹਾ ਸਾਂ ਤੇ ਪੜਚੋਲਦਾ ਵੀ ਰਿਹਾ ਸਾਂ।
ਸਿਰਫ਼ ਇਹੋ ਇੱਕ ਨਾਵਲ ਨਹੀਂ, ਜਿਸ ਨੂੰ ਮੈਂ ਵਾਰ ਵਾਰ ਲਿਖਿਆ ਹੈ। ਮੇਰੀਆਂ ਹੋਰ ਰਚਨਾਵਾਂ ਦਾ ਲਿਖਣਾ ਵੀ ਇਸ ਤੋਂ ਵੱਖਰਾ ਨਹੀਂ ਸੀ।
ਇਹ ਨਾਵਲ ਫਿਲਮ ਜਗਤ ਦੀ ਚਮਕ-ਚਮਕ ਦੇ ਪਿਛਵਾੜੇ ਪੱਸਰੇ ਬਦਬੂਦਾਰ ਹਨੇਰੇ ਦੀ ਗਾਥਾ ਵੀ ਹੈ ਅਤੇ ਫਿਲਮੀ ਰਹਿਤਲ ਦੇ ਸੱਚ ਦਾ ਦਸਤਾਵੇਜ਼ ਵੀ।
ਸੰਪਰਕ: 97810-08582

Advertisement
Author Image

Advertisement