ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੇਖਕ ਇੱਕ ਜਾਦੂਗਰ ਹੁੰਦੈ

08:09 AM Oct 22, 2023 IST

ਪਰਗਟ ਸਿੰਘ ਸਤੌਜ
Advertisement

ਸੁਖ਼ਨ ਭੋਇੰ 32

ਹਰ ਰਚਨਾ ਪਿੱਛੇ ਉਸ ਦੇ ਬੀਜ ਤੋਂ ਲੈ ਕੇ ਨਾਵਲ, ਕਹਾਣੀ ਬਣਨ ਤੱਕ ਦੇ ਸਫ਼ਰ ਦੀ ਕਹਾਣੀ ਹੁੰਦੀ ਹੈ। ਸਿਰਜਣਾ ਦਾ ਸਫ਼ਰ ਛੋਟਾ ਵੀ ਹੋ ਸਕਦਾ ਹੈ ਤੇ ਕਈ ਸਾਲ ਲੰਬਾ ਵੀ। ਮੇਰੇ ‘ਭਾਗੂ’ ਨਾਵਲ ਲਿਖਣ ਦਾ ਸਫ਼ਰ ਅੱਠ ਸਾਲ ਲੰਬਾ ਰਿਹਾ। ਕੋਈ ਰਚਨਾ ਇਕਦਮ ਮੇਰੇ ਦਿਮਾਗ ਵਿੱਚ ਨਹੀਂ ਆਉਂਦੀ। ਪਹਿਲਾਂ ਕਈ-ਕਈ ਮਹੀਨੇ ਜਾਂ ਸਾਲ ਮੇਰੇ ਦਿਮਾਗ਼ ਵਿੱਚ ਉੱਸਰਦੀ ਰਹਿੰਦੀ ਹੈ। ਸਭ ਕੁਝ ਤਰਤੀਬ ਵਾਰ ਹੋਣ ’ਤੇ ਉਸ ਨੂੰ ਕਾਗ਼ਜ਼ਾਂ ਉੱਪਰ ਉਤਾਰਦਾ ਹਾਂ।
ਮੇਰੇ ਨਾਵਲ, ਕਹਾਣੀਆਂ ਦੇ ਸਾਰੇ ਪਾਤਰ ਤੇ ਘਟਨਾਵਾਂ ਦੇਖੇ-ਭਾਲੇ ਹਨ। ਰਚਨਾਵਾਂ ਵਿੱਚ ਮੈਂ ਉਨ੍ਹਾਂ ਨੂੰ ਆਪਣੀ ਕਲਪਨਾ ਨਾਲ ਰਲਗੱਲ ਕਰ ਦਿੰਦਾ ਹਾਂ। ਜੇ ਕੋਈ ਮੈਨੂੰ ਪੁੱਛੇ ਕਿ ਇਸ ਨਾਵਲ ਵਿੱਚ ਅਸਲ ਕੀ ਹੈ ਤੇ ਕਲਪਨਾ ਕੀ? ਤਾਂ ਮੈਂ ਦੱਸ ਨਹੀਂ ਸਕਦਾ। ਹਾਂ, ਇਹ ਦੱਸ ਸਕਦਾ ਹਾਂ ਕਿ ਇਸ ਨਾਵਲ ਦਾ ਖ਼ਿਆਲ ਕਿਵੇਂ ਆਇਆ ਤੇ ਇਸ ਦੀ ਸਿਰਜਣਾ ਵਿੱਚ ਕੀ ਕੀ ਜੋੜਿਆ-ਤੋੜਿਆ।
ਮੈਂ ‘ਤੀਵੀਂਆਂ’ ਨਾਵਲ ਦੀ ਗੱਲ ਕਰਾਂ ਤਾਂ ਇਸ ਦੀ ਸ਼ੁਰੂਆਤ ਰਾਜੂ ਦੀ ਮੌਤ ਦੀ ਅਚਾਨਕ ਮਿਲੀ ਖ਼ਬਰ ਤੋਂ ਹੋਈ। ਉਦੋਂ ਮੈਂ ਆਪਣਾ ਪਹਿਲਾ ਨਾਵਲ ਭਾਗੂ ਲਿਖ ਰਿਹਾ ਸੀ। ਮੈਂ ਅਕਸਰ ਸ਼ਾਮ ਨੂੰ ਕੋਠੇ ਉੱਪਰ ਬੈਠ ਕੇ ਲਿਖਦਾ। ਉਸ ਦਿਨ ਮੈਂ ਕੋਠੇ ਚੜ੍ਹਨ ਲੱਗਿਆ ਸਾਂ ਕਿ ਮੇਰੀ ਮਾਂ ਨੇ ਮੈਨੂੰ ਇਹ ਖ਼ਬਰ ਦਿੱਤੀ ਕਿ ਰਾਜੂ ਸਪਰੇਅ ਪੀ ਕੇ ਮਰ ਗਿਆ। ਮੈਂ ਕਿੰਨੇ ਦਿਨ ਰਾਜੂ ਬਾਰੇ ਹੀ ਸੋਚਦਾ ਰਿਹਾ ਤੇ ਹੋਰ ਕਿੰਨੇ ਹੀ ਸਵਾਲ ਮੇਰੇ ਮੜ ਵਿੱਚ ਆਏ। ਜਦੋਂ ਕਹਾਣੀ ਦੇ ਸਾਰੇ ਸਿਰੇ ਮੇਰੀ ਪਕੜ ਵਿੱਚ ਆ ਗਏ ਤਾਂ ਉਹ ‘ਤੀਵੀਂਆਂ’ ਨਾਵਲ ਬਣ ਗਿਆ।
ਰਾਜੂ ਦੀ ਮੌਤ ਤੋਂ ਬਾਅਦ ਕਦੇ ਮੈਂ ਉਨ੍ਹਾਂ ਦੇ ਘਰ ਅੱਗੋਂ ਦੀ ਲੰਘਦਾ ਤਾਂ ਉਹ ਘਰ ਮੇਰੀਆਂ ਅੱਖਾਂ ਰਾਹੀਂ ਮੇਰੀਆਂ ਸੋਚਾਂ ਅੰਦਰ ਆ ਬੈਠਦਾ। ਕਦੇ ਇਸ ਘਰ ’ਚ ਕੋਈ ਪਰਿਵਾਰ ਵਸਦਾ ਸੀ। ਕਿੰਨੀਆਂ ਤੀਵੀਂਆਂ ਦੀਆਂ ਝਾਂਜਰਾਂ ਦੀ ਛਣਕਾਰ ਇਸ ਘਰ ਦੀ ਧਰਤੀ ਨੇ ਣੀ। ਕਿੰਨੀਆਂ ਤੀਵੀਂਆਂ ਦੇ ਅੰਦਰਲੇ ਦਰਦ ਦਾ ਇਹ ਘਰ ਗਵਾਹ ਸੀ। ਇਸ ਘਰ ਨੂੰ ਵਸਦਾ ਰੱਖਣ ਖ਼ਾਤਰ ਤੀਵੀਂ ਲਈ ਸਹਿਕਦੇ ਇਸ ਘਰ ਦੇ ਪਾਤਰਾਂ ਦਾ ਹਾਉਕਾ ਮੈਨੂੰ ਸੁਣਾਈ ਦਿੰਦਾ। ਜ਼ਿੰਦਗੀ ’ਚ ਡੂੰਘੇ ਪੈ ਗਏ ਖਲਾਅ ਨੂੰ ਭਰਨ ਲਈ ਹੀ ਉਨ੍ਹਾਂ ਨੇ ਦਾਰੂ ਦੀ ਬੋਤਲ ਨਾਲ ਲੱਗ ਕੇ ਧਾਹ ਮਾਰੀ ਸੀ। ਉਨ੍ਹਾਂ ਦਾ ਅੰਦਰਲਾ ਖਲਾਅ ਭਰਿਆ ਨਹੀਂ, ਉਨ੍ਹਾਂ ਨੇ ਬੋਤਲ ਛੱਡੀ ਨਹੀਂ। ਉਨ੍ਹਾਂ ਨੇ ਆਪਣੀ ਜਾਨ ਤੋਂ ਪਿਆਰੀ ਜ਼ਮੀਨ ਨਾਲੋਂ ਮੋਹ ਤੋੜ ਲਿਆ। ਉਹ ਹੌਲੀ ਹੌਲੀ ਵਿਕਣ ਲੱਗੀ। ਉਹ ਮੇਰੇ ਤਾਏ ਨੂੰ ਹਰ ਸਾਲ ਲੋੜ ਜੋਗੀ ਜ਼ਮੀਨ ਵੇਚ ਦਿੰਦੇ।
ਕਦੇ ਉਸ ਘਰ ਵਿੱਚ ਥੋੜ੍ਹਾ-ਬਹੁਤਾ ਸਮਾਂ ਗੁਜ਼ਾਰ ਗਈਆਂ ਤੀਵੀਂਆਂ ਮੇਰੇ ਸਿਰ ’ਤੇ ਨੱਚਣ ਲੱਗਦੀਆਂ। ਮੈਨੂੰ ਉਸ ਘਰ ’ਚੋਂ ਉਨ੍ਹਾਂ ਤੀਵੀਂਆਂ ਦੀਆਂ ਸਿਸਕੀਆਂ ਸੁਣਦੀਆਂ। ਉਨ੍ਹਾਂ ਤੀਵੀਂਆਂ ਦੇ ਬੱਚੇ ਇਸ ਵਸਦੇ-ਰਸਦੇ ਸੰਸਾਰ ’ਚ ਸਿਰ ’ਤੇ ਸਵਾਲਾਂ ਦੀ ਪੰਡ ਰੱਖੀਂ ਖੜ੍ਹੇ ਇਕੱਲੇ ਨਜ਼ਰ ਆਉਂਦੇ। ਉਨ੍ਹਾਂ ਨੂੰ ਘਰ ਵਸਾਉਣ ਦੀ ਲਾਲਸਾ ਰੱਖਣ ਵਾਲੇ ਸਿੰਦੂ ਤੇ ਰੋਹੀ ਵਰਗੇ ਬੇਵਸ, ਉਦਾਸ ਚਿਹਰੇ ਦਿਸਦੇੇ।
ਇਨ੍ਹਾਂ ਦਿਨਾਂ ਵਿੱਚ ਹੀ ਇੱਕ ਹੋਰ ਘਟਨਾ ਵਾਪਰ ਗਈ। ਕਿਸੇ ਚੰਗੀ ਜ਼ਮੀਨ ਜਾਇਦਾਦ ਵਾਲੇ ਦੇ ਕੋਈ ਬੱਚਾ ਨਾ ਹੋਇਆ। ਉਹ ਬਜ਼ੁਰਗ ਹੋ ਗਏ ਤਾਂ ਉਨ੍ਹਾਂ ਦੋਵਾਂ ਨੇ ਸਲਾਹ ਕਰ ਕੇ ਇੱਕ ਤੀਵੀਂ ਮੁੱਲ ਲੈ ਆਂਦੀ। ਜਦ ਉਸ ਤੀਵੀਂ ਨੇ ਦੋ ਬੱਚੇ ਪੈਦਾ ਕਰ ਦਿੱਤੇ ਤਾਂ ਉਨ੍ਹਾਂ ਨੇ ਉਹ ਤੀਵੀਂ ਮਾਰ ਖਪਾ ਦਿੱਤੀ। ਇੱਥੇ ਮੈਨੂੰ ਇਨ੍ਹਾਂ ਤੀਵੀਂਆਂ ਦਾ ਵਸਤੂ ਰੂਪ ਦਿਸਿਆ। ਮੈਂ ਰਾਜੂ ਦੀ ਦੁਬਾਰਾ ਗਿਣਤੀ ਮਿਣਤੀ ਕੀਤੀ ਤੇ ਨਾਵਲ ਲਿਖਣ ਬੈਠ ਗਿਆ। ਮੈਂ ਉਸ ਦਾ ਅੰਦਰ ਪੜ੍ਹਦਾ ਰਿਹਾ ਤੇ ਉਸ ਨਾਲ ਬੀਤੀਆਂ ਸਾਰੀਆਂ ਘਟਨਾਵਾਂ ਮੇਰੇ ਚੇਤੇ ਆਉਂਦੀਆਂ ਰਹੀਆਂ। ਉਸ ਦੀ ਮੌਤ ਦੇ ਕਿੰਨੇ ਹੀ ਕਾਰਨ ਮੈਨੂੰ ਹੁਣ ਨਜ਼ਰ ਆਉਣ ਲੱਗੇ ਸਨ।
ਰਾਜੂ ਦੀ ਮਾਂ ਸਾਡੇ ਪਿੰਡ ਮੁੱਲ ਲਿਆਂਦੀ ਸੀ ਤੇ ਰਾਜੂ ਉਸ ਨਾਲ ਪਿੱਛੋਂ ਆਇਆ ਸੀ। ਸਾਡੇ ਪਿੰਡ ਵਿੱਚ ਹੀ ਅਜਿਹੀਆਂ ਤੀਵੀਂਆਂ ਦੀ ਵੱਡੀ ਗਿਣਤੀ ਹੈ। ਉਨ੍ਹਾਂ ਦੇ ਬੱਚਿਆਂ ਦੀ ਮਾਨਸਿਕਤਾ ਮੈਂ ਪੜ੍ਹੀ ਹੈ। ਸਾਡੇ ਸਮਾਜ ਦਾ ਉਨ੍ਹਾਂ ਪ੍ਰਤੀ ਵਤੀਰਾ ਤੇ ਉਨ੍ਹਾਂ ਦੇ ਦਰਦ ਮੈਂ ਅੱਖੀਂ ਵੇਖੇ ਨੇ।
ਮੇਰੀ ਮਾਂ ਦੀ ਉਨ੍ਹਾਂ ਨਾਲ ਹਮੇਸ਼ਾ ਹਮਦਰਦੀ ਰਹੀ ਸੀ। ਰਾਜੂ ਦੀ ਮਾਂ ਮੇਰੀ ਮਾਂ ਕੋਲ ਕਿੰਨਾ ਕਿੰਨਾ ਚਿਰ ਗੱਲਾਂ ਕਰਦੀ ਰਹਿੰਦੀ, ਉਹ ਕਿਵੇਂ ਆਈ? ਕਿੱਥੋਂ ਆਈ? ਕਿਉਂ ਆਈ? ਮੈਂ ਉਨ੍ਹਾਂ ਕੋਲ ਬੈਠਾ ਉਨ੍ਹਾਂ ਦੀਆਂ ਗੱਲਾਂ ਸੁਣਦਾ ਰਹਿੰਦਾ। ਇਸ ਨਾਵਲ ਦੇ ਪਾਤਰ ਸਰਵਣ ਤਾਏ ਵਿੱਚ ਮੇਰੀ ਮਾਂ ਹੀ ਬੈਠੀ ਹੈ। ਮੈਂ ਸਰਵਣ ਤਾਏ ਦੀ ਉੱਪਰਲੀ ਦੇਹ ਰੱਖ ਲਈ, ਵਿੱਚੋਂ ਉਹਦੀ ਸਫ਼ਾਈ ਕਰ ਕੇ ਮੇਰੀ ਮਾਂ ਬਿਠਾ ਦਿੱਤੀ। ਉਂਝ ਉਹ ਪਾਤਰ ਉਨ੍ਹਾਂ ਦਾ ਗੁਆਂਢੀ ਹੈ ਪਰ ਉਸ ਦਾ ਸੁਭਾਅ ਮੇਰੀ ਮਾਂ ਦਾ ਹੈ। ਇਸੇ ਤਰ੍ਹਾਂ ਨਾਜ਼ਰ ਪਾਤਰ ਮੇਰਾ ਤਾਇਆ ਹੈ ਪਰ ਉਸ ਦੇ ਹਮਦਰਦੀ ਵਾਲੇ ਕੁਝ ਭਾਗ ਦਾ ਰੋਲ ਮੇਰਾ ਖ਼ੁਦ ਦਾ ਹੈ।
ਮੇਰਾ ਇੱਕ ਦੋਸਤ ਹੈ ਰਾਮਾ। ਇੱਕ ਲੱਤ ਉਸਦੀ ਪੋਲੀਏ ਨੇ ਮਾਰ ਦਿੱਤੀ ਹੈ ਜਿਸ ਕਰਕੇ ਉਹ ਸੋਟੀ ਦੇ ਸਹਾਰੇ ਤੁਰਦਾ ਹੈ। ਉਸਦੇ ਤਿੰਨੋਂ ਭਰਾ ਵਿਆਹ ਕਰਵਾ ਕੇ ਅੱਡ ਹੋ ਗਏ ਅਤੇ ਕਿਤੇ ਹੋਰ ਮਕਾਨ ਬਣਾ ਕੇ ਰਹਿਣ ਲੱਗ ਪਏ। ਉਹ ਹੁਣ ਘਰ ਵਿੱਚ ਇਕੱਲਾ ਹੀ ਰਹਿੰਦਾ ਹੈ। ਮੈਂ ਉਸ ਨੂੰ ਇੱਕ ਲੱਤ ਦੇ ਸਹਾਰੇ ਕੰਮ ਕਰਦਿਆਂ ਵੇਖਦਾ ਰਹਿੰਦਾ ਹਾਂ। ‘ਤੀਵੀਂਆਂ’ ਨਾਵਲ ਦਾ ਰਾਜੂ ਜਦੋਂ ਐਕਸੀਡੈਂਟ ਤੋਂ ਬਾਅਦ ਲੱਤ ਤੁੜਵਾ ਕੇ ਘਰ ਪਰਤਦਾ ਹੈ, ਉਸ ਸਮੇਂ ਇੱਕ ਲੱਤ ਸਹਾਰੇ ਕੰਮ ਕਰਨ ਦਾ ਦ੍ਰਿਸ਼ ਅਤੇ ਉਸ ਦੀ ਔਖਿਆਈ ਦੌਰਾਨ ਉਸ ਦੀ ਮਾਨਸਿਕਤਾ ਚਿਤਰਨ ਲੱਗਿਆਂ ਮੈਂ ਰਾਮੇ ਨੂੰ ਸਾਹਮਣੇ ਰੱਖਿਆ ਸੀ।
ਰਾਜੂ ਦੀ ਮਾਂ ਦੇਵਕੀ ਬੜੀ ਸਿਆਣੀ ਔਰਤ ਸੀ। ਉਹ ਦੂਜੇ ਲੋਕਾਂ ਵਾਂਗ ਆਪਣਾ ਘਰ ਬੰਨ੍ਹਿਆ ਵੇਖਣਾ ਚਾਹੁੰਦੀ ਸੀ। ਉਸ ਨੇ ਖਿੱਲਰ ਚੁੱਕੀ ਕਬੀਲਦਾਰੀ ਨੂੰ ਪੈਰਾਂ ਸਿਰ ਕਰਨ ਲਈ ਬੜੀ ਮਿਹਨਤ ਕੀਤੀ। ਪਰ ਸਮੇਂ ਦਾ ਚੱਕਰ ਐਸਾ ਹੋਇਆ ਕਿ ਉਸ ਨੂੰ ਆਪਣੇ ਪੁੱਤਰ ਪਿੱਛੇ ਗਈ ਨੂੰ ਕੋਈ ਫੁਸਲਾ ਕੇ ਲੈ ਗਿਆ। ਉਹ ਮੁੜ ਕਦੇ ਨਾ ਪਰਤੀ। ਇਸ ਨਾਵਲ ਦੇ ਪਹਿਲੇ ਭਾਗ ਨੂੰ ਪਹਿਲਾਂ ਮੈਂ ਉਸ ਨੂੰ ਅਲੱਗ ਨਾਵਲ ਬਣਾਉਣ ਬਾਰੇ ਸੋਚਿਆ ਸੀ। ਇਸ ਨਾਵਲ ਦੀਆਂ ਤਿੰਨ ਪੀੜ੍ਹੀਆਂ (ਦਾਦੇ ਤੋਂ ਪੋਤੇ ਤੱਕ) ਹੀ ਤੀਵੀਂਆਂ ਨੂੰ ਵਿਆਹ ਕੇ ਨਹੀਂ ਲਿਆਉਂਦੀਆਂ। ਕਿਸ ਤਰ੍ਹਾਂ ਉਨ੍ਹਾਂ ਨੇ ਤੀਵੀਂਆਂ ਲਿਆਂਦੀਆਂ ਤੇ ਫਿਰ ਉਨ੍ਹਾਂ ਤੀਵੀਂਆਂ ਨਾਲ ਕੀ ਕੁਝ ਹੋਇਆ, ਇਹ ਕੁਝ ਮੇਰੇ ਨਾਵਲ ਵਿੱਚ ਹੋਣਾ ਸੀ। ਇਨ੍ਹਾਂ ਦੀ ਤੀਜੀ ਪੀੜ੍ਹੀ ਦਾ ਇੱਕ ਮੁੰਡਾ ਮੇਰਾ ਮਿੱਤਰ ਸੀ। ਅਸੀਂ ਸ਼ਾਮ ਨੂੰ ਸਕੂਲ ਵਿੱਚ ਇਕੱਠੇ ਹੁੰਦੇ। ਉਹ ਮੇਰੇ ਨਾਲ ਲੰਬੀਆਂ ਗੱਲਾਂ ਕਰਦਾ। ਗੱਲਾਂ ਦਾ ਅੰਤ ਕਰਨ ’ਤੇ ਉਹ ਇੱਕ ਗੱਲ ਮੈਨੂੰ ਲਗਭਗ ਹਰ ਰੋਜ਼ ਕਹਿੰਦਾ, ‘‘ਬਾਈ ਤੂੰ ਸਾਡੇ ’ਤੇ ਕਹਾਣੀ ਲਿਖੀਂ!’’
ਮੇਰੇ ਉਸ ਮਿੱਤਰ ਦਾ ਦਾਦਾ 1947 ਵੇਲੇ ਇੱਕ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਤੀਵੀਂ ਲੈ ਆਇਆ ਸੀ। ਫਿਰ ਮੇਰੇ ਦੋਸਤ ਦਾ ਪਿਤਾ ਵੀ ਤੀਵੀਂ ਕੱਢ ਕੇ ਲਿਆਇਆ ਸੀ ਜਿਸ ਦੀ ਔਲਾਦ ਇਹ ਸਨ। ਇਸ ਘਟਨਾਕ੍ਰਮ ਦਾ ਸੰਤਾਪ ਮੇਰੇ ਦੋਸਤ ਨੇ ਭੋਗਿਆ ਤੇ ਉਸ ਦਾ ਵੀ ਵਿਆਹ ਨਾ ਹੋਇਆ। ਉਹ ਕਿਸੇ ਅਮੀਰ ਘਰ ਦੀ ਤੀਵੀਂ ਭਜਾ ਕੇ ਲੈ ਗਿਆ। ਉਨ੍ਹਾਂ ਨੇ ਮੁਕੱਦਮਾ ਚਲਾਇਆ। ਇਸ ਦੌਰਾਨ ਹੀ ਕੁੜੀ ਦੇ ਪੇਕਿਆਂ ਨੇ ਆਪਣੀ ਕੁੜੀ ਮਾਰ ਦਿੱਤੀ।
ਉਹ ਮੁੰਡਾ ਅੰਦਰੋਂ ਟੁੱਟ ਗਿਆ। ਮੇਰੇ ਕੋਲ ਆ ਕੇ ਰੋਇਆ ਕਰੇ। ਫਿਰ ਇਹ ਆਪਣੇ ਅੰਦਰਲੇ ਖਲਾਅ ਨੂੰ ਪੂਰਨ ਲਈ ਇੱਕ ਤਰਖਾਣ ਦੀ ਤੀਵੀਂ ਨੂੰ ਕੱਢ ਲਿਆਇਆ ਜਿਹੜੀ ਪਿੱਛੇ ਦੋ ਬੱਚੇ ਛੱਡ ਕੇ ਇਹਦੇ ਨਾਲ ਭੱਜ ਆਈ ਸੀ। ਉਸ ਦੀ ਮਗਰੋਂ ਕਿਸੇ ਨੇ ਪੜਤਾਲ ਨਾ ਕੀਤੀ ਤੇ ਇਸ ਨੇ ਉਸ ਤੀਵੀਂ ਨੂੰ ਘਰ ਵਸਾ ਲਿਆ।
ਫਿਰ ਇੱਕ ਦਿਨ ਮੈਨੂੰ ਬਾਹਰੋਂ ਆਏ ਨੂੰ ਖ਼ਬਰ ਮਿਲੀ ਕਿ ਮੇਰਾ ਉਹ ਮਿੱਤਰ ਸਪਰੇਅ ਪੀ ਕੇ ਮਰ ਗਿਆ। ਉਹ ਆਪਣੀਆਂ ਅੰਦਰਲੀਆਂ ਗੱਲਾਂ ਨਾਲ ਮੇਰੀ ਝੋਲੀ ਭਰ ਕੇ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ। ਉਸ ਦੀ ਤੀਵੀਂ ਉਸ ਦੀ ਮੌਤ ’ਤੇ ਬਹੁਤ ਰੋਈ। ਭੋਗ ਵਾਲੇ ਦਿਨ ਮੇਰੇ ਉਸ ਮਿੱਤਰ ਦੀ ਭੂਆ ਉਸ ਦੀ ਤੀਵੀਂ ਨੂੰ ਆਪਣੇ ਕੋਲ ਲੈ ਗਈ। ਮੈਂ ਸੁਣਿਆ ਸੀ ਕਿ ਮੁੰਡੇ ਦੀ ਭੂਆ ਨੇ ਉਸ ਨੂੰ ਕੁਝ ਸਮਾਂ ਰੱਖ ਕੇ ਉਹ ਅੱਗੇ ਕਿਸੇ ਹੋਰ ਨੂੰ ਵੇਚ ਦਿੱਤੀ ਸੀ। ਮੈਂ ਹੁਣ ਵਾਲੇ ‘ਤੀਵੀਂਆਂ’ ਨਾਵਲ ਵਿੱਚ ਇਸ ਦੋਸਤ ਦੀ ਸਿਰਫ਼ ਪਹਿਲੀ ਪੀੜ੍ਹੀ ਦੀ ਹੀ ਕਹਾਣੀ ਪਾਈ ਹੈ ਅਤੇ ਦੂਸਰੀਆਂ ਦੋਵੇਂ ਪੀੜ੍ਹੀਆਂ ਦੀ ਕਹਾਣੀ ਕੱਢ ਕੇ ਰਾਜੂ ਦੇ ਪਰਿਵਾਰ ਦੀ ਕਹਾਣੀ ਉਸ ਦੇ ਪਿੱਛੇ ਫਿੱਟ ਕਰ ਦਿੱਤੀ ਹੈ ਜਿਸ ਨਾਲ ਨਾਵਲ ਦਾ ਪ੍ਰਭਾਵ ਦੁੱਗਣਾ ਹੋ ਗਿਆ ਹੈ।
‘ਖ਼ਬਰ ਇੱਕ ਪਿੰਡ ਦੀ’ ਨਾਵਲ ਦਾ ਖ਼ਿਆਲ ਮੈਨੂੰ ਦੇਸ ਰਾਜ ਕਾਲੀ ਤੋਂ ਆਇਆ। ਇੱਕ ਦਿਨ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਉਹ ‘ਸ਼ਹਿਰ ਵਿੱਚ ਸਾਨ੍ਹ ਹੋਣ ਦਾ ਮਤਲਬ’ ਨਾਵਲ ਲਿਖ ਰਿਹਾ ਹੈ। ਮੇਰੇ ਮਨ ਵਿੱਚ ਵਿਚਾਰ ਆਇਆ ਕਿ ਪਿੰਡ ਬਾਰੇ ਵੀ ਕੋਈ ਅਜਿਹਾ ਨਾਵਲ ਲਿਖਿਆ ਜਾਣਾ ਚਾਹੀਦਾ ਹੈ ਜਿਹੜਾ ਅੱਜ ਦੇ ਸਮੇਂ ਸਾਰੇ ਪਿੰਡ ਵਿੱਚ ਹੁੰਦੀ ਉਥਲ-ਪੁਥਲ ਨੂੰ ਬੱਝਵੇਂ ਰੂਪ ਵਿੱਚ ਪੇਸ਼ ਕਰੇ। ਮੇਰੇ ਦਿਮਾਗ ਵਿੱਚ ਮੇਰੇ ਪਿੰਡ ਦੀ ਸੱਥ, ਧੂਣੀਆਂ ਅਤੇ ਉਹ ਮੋੜ, ਥਾਵਾਂ ਆਈਆਂ ਜਿੱਥੇ ਲੋਕ ਵਿਹਲੇ ਬੈਠ ਕੇ ਗੱਲਾਂ ਕਰਦੇ ਹਨ। ਇਨ੍ਹਾਂ ਗੱਲਾਂ ਵਿੱਚ ਪਿੰਡ ਵਿੱਚ ਵਾਪਰਦੀ ਹਰ ਘਟਨਾ ਦਾ ਜ਼ਿਕਰ ਹੁੰਦਾ ਹੈ। ਢਾਣੀਆਂ ਦੀਆਂ ਗੱਲਾਂ ਨੂੰ ਨਾਵਲ ਵਿੱਚ ਲਿਆਉਣ ਅਤੇ ਘਟਨਾਵਾਂ ਨੂੰ ਇੱਕ ਲੜੀ ਵਿੱਚ ਬੰਨ੍ਹਣ ਖ਼ਾਤਰ ਹੌਲੀ ਹੌਲੀ ਪਾਤਰ ਬੰਤੀ ਪੈਦਾ ਹੋਇਆ।
ਮੇਰੇ ਦੁਆਲੇ ਵਾਪਰ ਚੁੱਕੀਆਂ, ਵਾਪਰ ਰਹੀਆਂ ਅਤੇ ਹੋਰ ਪਿੰਡਾਂ ਦੀਆਂ ਸੁਣੀਆਂ ਕਿੰਨੀਆਂ ਹੀ ਘਟਨਾਵਾਂ ਮੇਰੇ ਚੇਤਿਆਂ ’ਚ ਲਹਿ ਆਈਆਂ ਸਨ। ਇਹ ਘਟਨਾਵਾਂ ਰਵਾਇਤੀ ਤਰੀਕੇ ਨਾਲ ਨਾਵਲ ਜਾਂ ਕਹਾਣੀ ਵਿੱਚ ਨਹੀਂ ਆ ਸਕਦੀਆਂ ਸਨ। ਇਸੇ ਕਰਕੇ ‘ਖ਼ਬਰ ਇੱਕ ਪਿੰਡ ਦੀ’ ਵੱਖਰੇ ਤਰੀਕੇ ਨਾਲ ਲਿਖਣਾ ਪਿਆ।
ਨਾਵਲ ਵਿਚਲੇ ਲੇਖਕ ਪਾਤਰ ਥਮਜਪ ਬਾਰੇ ਸੁਣਿਆ ਤੇ ਵਿਸ਼ਵਸਾਗਰ ਦਾ ਮੇਰੇ ਨਾਲ ਵਾਹ ਰਿਹਾ ਹੈ। ਬੰਤੀ ਪਾਤਰ ਬਹੁਤ ਸਾਰੇ ਪਾਤਰਾਂ ਦਾ ਮਿਲਗੋਭਾ ਹੈ। ਬੰਤੀ ਦੀ ਮਾਂ ਸਾਡੀ ਗੁਆਂਢਣ ਪਾਨਾ ਸੁਨਿਆਰੀ ਹੈ ਜਿਸ ਨੇ ਬੜੀ ਗਰੀਬੀ ਦੇਖੀ ਸੀ। ਉਹ ਹੁਣ ਤੱਕ ਦਿਨ ਰਾਤ ਮਿਹਨਤ ਕਰਦੀ ਮੈਂ ਅੱਖੀਂ ਵੇਖੀ ਸੀ। ਮੈਂ ਹੈਰਾਨ ਹੁੰਦਾ ਸੀ, ਇੰਨੀ ਮਿਹਨਤੀ ਵੀ ਕੋਈ ਔਰਤ ਹੋ ਸਕਦੀ ਹੈ? ਬੰਤੀ ਦੇ ਮਾਂ ਬਾਪ ਚਿਤਰਨ ਲੱਗਿਆਂ ਪਾਨਾ ਤਾਈ ਅਤੇ ਉਸ ਦੇ ਘਰਵਾਲਾ ਮੇਰੇ ਸਾਹਮਣੇ ਸਨ।
ਬੰਤੀ ਨਾਲ ਸਰਕਾਰੀ ਹਸਪਤਾਲ ਵਿੱਚ ਵਾਪਰੀ ਘਟਨਾ ਮੇਰੇ ਖ਼ੁਦ ਨਾਲ ਵਾਪਰੀ ਹੈ। ਜ਼ੁਕਾਮ ਨੂੰ ਪਿੰਡ ਵਾਲਾ ਡਾਕਟਰ ਦੋ ਗੋਲੀਆਂ ਦੇ ਕੇ ਠੀਕ ਕਰ ਦਿੰਦਾ ਹੈ ਤੇ ਸਰਕਾਰੀ ਹਸਪਤਾਲ ਵਾਲਿਆਂ ਨੇ ਜਮੀਂ ਕੰਮ ਚੱਕ ਦਿੱਤਾ। ਮਨ ਵਿੱਚ ਆਇਆ, ਗਗ਼ਬ ਲੋਕ ਸਰਕਾਰੀ ਹਸਪਤਾਲ ਵਿੱਚ ਖ਼ਰਚਾ ਘੱਟ ਹੋਣ ਦੀ ਆਸ ਨਾਲ ਆਉਂਦੇ ਹੋਣਗੇ ਪਰ ਇੱਥੇ ਤਾਂ ਸ਼ਰੇਆਮ ਅੰਨੀ ਲੁੱਟ ਹੋਈ ਜਾਂਦੀ ਹੈ। ਇਹ ਘਟਨਾ ਮੈਂ ਬੰਤੀ ਨਾਲ ਜੋੜ ਦਿੱਤੀ ਸੀ।
ਅਧਿਆਪਕ ਯੂਨੀਅਨਾਂ ਵਿੱਚ ਕੰਮ ਕਰਦੇ ਦੋ ਅਧਿਆਪਕਾਂ ਦਾ ਹਾਲ ਮੈਂ ਆਪਣੇ ਅੱਖੀਂ ਵੇਖਦਾ ਹਾਂ ਜਿਹੜੇ ਅਧਿਆਪਕਾਂ ਦੇ ਹੱਕਾਂ ਲਈ ਤਾਂ ਲੜਦੇ ਹਨ, ਤਨਖ਼ਾਹ ਵਧਾਉਣ ਲਈ ਧਰਨੇ ਦਿੰਦੇ ਹਨ ਪਰ ਅੱਜ ਤੱਕ ਉਹ ਕਦੇ ਨਾ ਤਾਂ ਟਾਈਮ ਸਿਰ ਸਕੂਲ ਪਹੁੰਚੇ ਹਨ ਤੇ ਨਾ ਹੀ ਟਾਈਮ ਸਿਰ ਸਕੂਲੋਂ ਆਏ। ਇਨ੍ਹਾਂ ਦੋਵੇਂ ਅਧਿਆਪਕਾਂ ਵਿੱਚੋਂ ਹੀ ਨਿਕਲਿਆ ਹੈ ਮੇਰੇ ਇਸ ਨਾਵਲ ਵਿਚਲਾ ਪਾਤਰ ਸੁਖਪਾਲ।
ਇਸੇ ਤਰ੍ਹਾਂ ‘ਖ਼ਬਰ ਇੱਕ ਪਿੰਡ ਦੀ’ ਵਿਚਲੀਆਂ ਘਟਨਾਵਾਂ ਵੀ ਕਿਸੇ ਇੱਕ ਪਿੰਡ ਦੀਆਂ ਨਹੀਂ ਸਗੋਂ ਵੱਖ ਵੱਖ ਪਿੰਡਾਂ ਵਿੱਚ ਵਾਪਰੀਆਂ ਹੋਈਆਂ ਹਨ।
‘ਨਾਚਫ਼ਰੋਸ਼’ ਨਾਵਲ ਦਾ ਖ਼ਿਆਲ ਮੈਨੂੰ ਮੇਰੇ ਦੋਸਤ ਰਾਮੇ ਨਾਲ ਰਹਿੰਦਿਆਂ ਆਇਆ। ਰਾਮਾ ਛੜਾ ਹੈ। ਮਾਂ ਬਾਪ ਬਹੁਤ ਸਾਲ ਪਹਿਲਾਂ ਛੱਡ ਕੇ ਤੁਰ ਗਏ। ਭਰਾਵਾਂ ਨੇ ਜੱਦੀ ਘਰ ਛੱਡ ਕੇ ਹੋਰ ਥਾਵਾਂ ’ਤੇ ਮਕਾਨ ਬਣਾ ਲਏ ਤੇ ਵਿਆਹ ਕਰਵਾ ਕੇ ਆਪੋ-ਆਪਣੇ ਪਰਿਵਾਰਾਂ ਵਿੱਚ ਰਚ-ਮਿਚ ਗਏ। ਰਹਿ ਗਿਆ ਇਕੱਠਾ ਰਾਮਾ। ਰਾਮਾ ਚਾਹੇ ਲੱਤੋਂ ਆਝਾ ਹੈ ਪਰ ਉਹ ਹਰ ਸਮੇਂ ਹਵਾ ਦੇ ਕੰਧੇੜੇ ਚੜ੍ਹਿਆ ਰਹਿੰਦਾ ਹੈ। ਜਦੋਂ ਅਚਨਚੇਤ ਘਰ ਮੁੜਦਾ ਹੈ ਤਾਂ ਘਰੇ ਪਏ ਸੌਦੇ ਪੱਤੇ ਨਾਲ ਚੂਹੇ ਹੋਲੀ ਖੇਡ ਚੁੱਕੇ ਹੁੰਦੇ ਹਨ ਤੇ ਫਿਰ ਉਹ ਮੈਨੂੰ ਫੋਨ ਕਰਦਾ ਹੈ, ‘‘ਬਾਈ ਰੋਟੀ ਦੇ ਕੇ ਜਾਈਂ।’’
ਉਸ ਦਿਨ ਵੀ ਮੈਂ ਉਸ ਦੇ ਫੋਨ ਕਰਨ ‘ਤੇ ਦੋ ਬੰਦਿਆਂ ਦੀ ਰੋਟੀ ਲੈ ਗਿਆ। ਅੱਗੇ ਜਾ ਕੇ ਦੇਖਿਆ ਤਾਂ ਅੱਗੇ ਬੋਤਲ ਅਤੇ ਉੱਬਲੇ ਹੋਏ ਆਂਡੇ ਰੱਖੀ ਹੈਰੀ ਬੈਠੀ ਸੀ (ਬਦਲਿਆ ਗਿਆ ਹੈ)। ਉਹ ਮੈਨੂੰ ਪਹਿਲਾਂ ਵੀ ਕਈ ਵਾਰ ਮਿਲੀ ਸੀ ਤੇ ਮੇਰੇ ਘਰ ਵੀ ਜਾ ਕੇ ਆਈ ਸੀ। ਮੈਂ ਉਸ ਨਾਲ ਹੱਥ ਮਿਲਾ ਕੇ ਬੈਠ ਗਿਆ। ਹੈਰੀ ਦੀਆਂ ਅੱਖਾਂ ਦੱਸ ਰਹੀਆਂ ਸਨ, ਉਸ ਨੇ ਪਹਿਲਾਂ ਹੀ ਇੱਕ ਦੋ ਪੈੱਗ ਲਾ ਰੱਖੇ ਸਨ। ਉਸ ਦੀਆਂ ਬਾਹਵਾਂ ਵਿੱਚ ਨਵਾਂ ਚੂੜਾ ਪਾਇਆ ਹੋਇਆ ਸੀ। ਮੇਰੇ ਦਿਮਾਗ ਵਿੱਚ ਹੁਣ ਕਿੰਨੀਆਂ ਹੀ ਸੋਚਾਂ ਉੱਸਲਵੱਟੇ ਲੈਣ ਲੱਗੀਆਂ ਸਨ, ‘ਇਨ੍ਹਾਂ ਆਰਕੈਸਟਰਾ ਵਾਲਿਆਂ ਦਾ ਵੀ ਆਪਣਾ ਇੱਕ ਅਲੱਗ ਸੰਸਾਰ ਹੈ। ਸਾਡੇ ਤੋਂ ਬਿਲਕੁਲ ਵੱਖਰਾ।’
ਰਾਮਾ ਮੈਨੂੰ ਪਹਿਲਾਂ ਵੀ ਕਈ ਵਾਰ ਉਹਨਾਂ ਦੇ ਘਰ ਲੈ ਕੇ ਗਿਆ ਸੀ। ਮੈਂ ਵੇਖ ਕੇ ਹੈਰਾਨ ਹੁੰਦਾ ਕਿ ਇੱਕੋ ਘਰ ਵਿੱਚ ਕੁੜੀਆਂ ਦੇ ਮਾਂ-ਬਾਪ, ਬਰਾਬਰ ਦੇ ਭੈਣ ਭਰਾ ਰਹਿ ਰਹੇ ਹਨ ਤੇ ਉਸੇ ਘਰ ਵਿੱਚ ਹੀ ਉਨ੍ਹਾਂ ਦੇ ਪ੍ਰੇਮੀ ਵੀ ਰਹਿ ਰਹੇ ਹਨ। ਹੌਲੀ-ਹੌਲੀ ਮੈਨੂੰ ਉਨ੍ਹਾਂ ਦੇ ਆਪਣੇ ਹੀ ਬਣਾਏ ਸੱਭਿਆਚਾਰ ਦੀ ਸਮਝ ਆ ਗਈ। ਸਮਝ ਆਈ ਤਾਂ ਮਨ ਵਿੱਚ ਇਹ ਖ਼ਿਆਲ ਵੀ ਆਇਆ ਕਿ ਇਨ੍ਹਾਂ ਉੱਪਰ ਕੋਈ ਨਾਵਲ ਜ਼ਰੂਰ ਲਿਖਣਾ ਚਾਹੀਦਾ ਹੈ।
ਰਾਮੇ ਦੀ ਮਦਦ ਨਾਲ ਮੈਂ ਕੰਮ ਸ਼ੁਰੂ ਕਰ ਦਿੱਤਾ ਸੀ। ਪਹਿਲਾਂ ਅਸੀਂ ਕੁੜੀਆਂ ਦੀਆਂ ਮੁਲਾਕਾਤਾਂ ਕਰਦੇ। ਮੈਂ ਡਾਇਰੀ ਉੱਪਰ ਨੋਟ ਕਰਦਾ ਤੇ ਨਾਲ-ਨਾਲ ਮੋਬਾਈਲ ਉੱਪਰ ਵੀ ਰਿਕਾਰਡ ਕਰਦਾ ਰਹਿੰਦਾ। ਅਸੀਂ ਰਿਕਾਰਡਿੰਗ ਬਾਰੇ ਕੁੜੀਆਂ ਨੂੰ ਪਤਾ ਨਾ ਲੱਗਣ ਦਿੰਦੇ। ਜਿਸ ਕੁੜੀ ਕੋਲ ਵੀ ਅਸੀਂ ਜਾਂਦੇ ਹਰੇਕ ਦੀ ਵੱਖਰੀ ਕਹਾਣੀ ਹੁੰਦਿਆਂ ਵੀ ਸਭ ਲਗਭਗ ਇੱਕੋ ਜਿਹੇ ਹਾਲਾਤ ਵਿੱਚੋਂ ਲੰਘ ਕੇ ਆਈਆਂ ਹੁੰਦੀਆਂ। ਇੱਕ ਸੋਹਣੀ ਸੁਨੱਖੀ ਕੁੜੀ ਦੇ ਘਰ ਅਸੀਂ ਸ਼ਾਮ ਦੇ ਸਮੇਂ ਗਏ। ਉਹ ਹਰ ਸਮੇਂ ਹੱਸਦੀ ਮੁਸਕਰਾਉਂਦੀ ਅੰਦਰੋਂ ਕਿੰਨੀ ਦੁਖੀ ਸੀ ਉਹ ਮੈਨੂੰ ਉਹਦੇ ਘਰ ਜਾ ਕੇ ਪਤਾ ਲੱਗਿਆ। ਉਸ ਦੇ ਬੱਚਾ ਨਾ ਹੋਣ ਕਰਕੇ ਉਹ ਛੱਡ ਦਿੱਤੀ ਸੀ ਤੇ ਹੁਣ ਉਹ ਇਕੱਲੀ ਆਪਣੇ ਮਾਂ ਬਾਪ ਨਾਲ ਰਹਿ ਰਹੀ ਸੀ। ਉਸ ਦੀ ਮਾਂ ਤੇ ਬਾਪ ਦੋਵੇਂ ਸੂਗਰ ਦੇ ਮਰੀਜ਼ ਸਨ। ਉਹ ਸਵੇਰੇ ਦੋਵਾਂ ਦੇ ਸੂਗਰ ਦਾ ਇੱਕ-ਇੱਕ ਟੀਕਾ ਆਪਣੇ ਹੱਥਾਂ ਨਾਲ ਲਾ ਕੇ ਜਾਂਦੀ ਤੇ ਸ਼ਾਮ ਨੂੰ ਇੱਕ-ਇੱਕ ਟੀਕਾ ਫਿਰ ਲਗਾਉਂਦੀ। ਮੈਂ ਹੈਰਾਨ ਸੀ ਉਹ ਏਨੀਆਂ ਮਾਨਸਿਕ ਪੀੜਾਂ ਲੈ ਕੇ ਕਿਵੇਂ ਜਿਉਂ ਰਹੀ ਸੀ। ਮੈਂ ਪੰਦਰਾਂ ਕੁ ਮੁਲਾਕਾਤਾਂ ਕੀਤੀਆਂ ਫਿਰ ਵੀ ਮੇਰਾ ਕੋਟਾ ਪੂਰਾ ਨਹੀਂ ਹੋਇਆ ਸੀ। ਇਸੇ ਸਮੇਂ ਮੈਂ ਬੀ.ਪੀ.ਐੱਡ ਕਰਨ ਦਾ ਵਿਚਾਰ ਬਣਾ ਲਿਆ ਤੇ ਦੋ ਸਾਲਾਂ ਦੀ ਛੁੱਟੀ ਲੈ ਲਈ। ਹੁਣ ਮੈਂ ਆਪਣਾ ਕੰਮ ਖੁੱਲ੍ਹ ਕੇ ਕਰ ਸਕਦਾ ਸੀ। ਮੈਂ ਰਾਮੇ ਨਾਲ ਪ੍ਰੋਗਰਾਮਾਂ ਉੱਪਰ ਜਾਣਾ ਸ਼ੁਰੂ ਕਰ ਦਿੱਤਾ। ਅਸੀਂ ਕੁੜੀਆਂ ਦੇ ਘਰਾਂ ਵਿੱਚ ਜਾਂਦੇ, ਉਹਨਾਂ ਨੂੰ ਸਾਈਆਂ ਫੜਾ ਕੇ ਆਉਂਦੇ। ਚਾਹ ਪਾਣੀ ਪੀਂਦੇ, ਗੱਲਾਂ ਮਾਰ ਆਉਂਦੇ। ‘ਮੁਹੱਬਤ ਵੇਲ਼ਾ’ ਮੈਂ ਆਪਣੇ ਬੀ.ਪੀ.ਐੱਡ ਦੇ ਕਾਲਜ ਵਿੱਚੋਂ ਲਿਆ।
1947 ਦਾ ਖ਼ਿਆਲ ਆਉਣ ਤੋਂ ਪਹਿਲਾਂ ਕੁਝ ਵੱਖਰੀਆਂ ਵੱਖਰੀਆਂ ਘਟਨਾਵਾਂ ਮੇਰੇ ਦਿਮਾਗ਼ ਵਿੱਚ ਸਨ। ਪਹਿਲੀ ਘਟਨਾ ਸਾਡੇ ਪਿੰਡ ਦੀ ਸੀ। ਸਾਡੇ ਪਿੰਡ ਮੁਸਲਮਾਨਾਂ ਦੇ ਚਾਰ ਪੰਜ ਘਰ ਰਹਿੰਦੇ ਸਨ। ਜਦੋਂ ਹੱਲੇ ਪਏ ਤਾਂ ਸਾਡੇ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਇੱਥੇ ਹੀ ਰਹੋ, ਅਸੀਂ ਤੁਹਾਡੀ ਰੱਖਿਆ ਕਰਾਂਗੇ। ਪਰ ਉਨ੍ਹਾਂ ਘਰਾਂ ਵਿੱਚੋਂ ਦੋ ਘਰ ਫਿਰ ਵੀ ਪਾਕਿਸਤਾਨ ਚਲੇ ਗਏ। ਕਾਫ਼ੀ ਸਾਲ ਉਨ੍ਹਾਂ ਦੀਆਂ ਚਿੱਠੀਆਂ ਆਉਂਦੀਆਂ ਰਹੀਆਂ। ਜਿਹੜੇ ਘਰ ਇੱਥੇ ਰਹਿ ਗਏ ਉਹ ਸਾਡੇ ਪਿੰਡ ਦੇ ਲੋਕਾਂ ਨੇ ਛੁਪਾ ਕੇ ਰੱਖ ਲਏ। ਬਾਹਰਲਿਆਂ ਦੇ ਡਰ ਕਰਕੇ ਉਨ੍ਹਾਂ ਨੂੰ ਹਰ ਰਾਤ ਵੱਖਰੇ ਘਰ ਵਿੱਚ ਰੱਖਿਆ ਜਾਂਦਾ। ਇੱਥੇ ਰਹਿ ਗਏ ਮੁਸਲਮਾਨ ਅੱਜ ਵੀ ਸਾਡੇ ਪਿੰਡ ਵਸ ਰਹੇ ਹਨ।
ਦੂਸਰੀ ਘਟਨਾ ਇਹ ਸੀ ਕਿ ਸਾਡੇ ਪਿੰਡ ਦੇ ਦੋ ਬੰਦਿਆਂ ਨੇ ਚੀਮਿਆਂ ਤੋਂ ਮੁਸਲਮਾਨਾਂ ਦੀਆਂ ਕੁੜੀਆਂ ਲਿਆਂਦੀਆਂ ਸਨ। ਉਹ ਕੁੜੀਆਂ ਨੂੰ ਜ਼ਬਰਦਸਤੀ ਨਹੀਂ ਲਿਆਂਦਾ ਗਿਆ ਸੀ ਸਗੋਂ ਉਹ ਆਪਣੇ ਘਰ ਵਾਲਿਆਂ ਦੀ ਸਹਿਮਤੀ ਨਾਲ ਆਈਆਂ ਸਨ। ਮੈਨੂੰ ਜਾਪਿਆ ਜਿਵੇਂ ਇਸ ਵਿੱਚ ਉਨ੍ਹਾਂ ਕੁੜੀਆਂ ਦੀ ਆਪਣੀ ਵੀ ਸਹਿਮਤੀ ਹੋਵੇ। ਇਨ੍ਹਾਂ ਕੁੜੀਆਂ ਨੂੰ ਲਿਆਉਣ ਵਾਲਿਆਂ ਵਿੱਚ ਇੱਕ ਬੰਦਾ ਆਜ਼ਾਦੀ ਘੁਲਾਟੀਆ ਤੇ ਚੰਗੇ ਵਿਚਾਰਾਂ ਵਾਲਾ ਸੀ। ਇਸੇ ਕਰਕੇ ਉਨ੍ਹਾਂ ਦੀ ਸਹਿਮਤੀ ਨਾਵਲ ਵਿੱਚ ਅਜਮੇਰ ਤੇ ਨਜ਼ੀਰਾਂ ਦੀ ਮੁਹੱਬਤ ਬਣ ਗਈ।
ਇਹ ਗੱਲ ਮੇਰੇ ਧੁਰ ਅੰਦਰ ਤੱਕ ਲਹਿ ਗਈ। ਮੈਂ ਸੋਚ ਲਿਆ ਇਨ੍ਹਾਂ ਸਾਰੇ ਪਾਤਰਾਂ ਨੂੰ ਦੁਨੀਆਂ ਸਾਹਮਣੇ ਜ਼ਰੂਰ ਲੈ ਕੇ ਆਉਣਾ ਹੈ। ਮੇਰੀ ਇਸੇ ਚਾਹਨਾ ਨੇ ਮੇਰੇ ਕੋਲੋਂ 1947 ਨਾਵਲ ਲਿਖਵਾਇਆ। ਮੈਂ ਆਪਣੀ ਕਲਪਨਾ ਨਾਲ ਸਾਰੀਆਂ ਘਟਨਾਵਾਂ ਨੂੰ ਇੱਕ ਬੱਝਵਾਂ ਰੂਪ ਦੇ ਦਿੱਤਾ।
ਲਿਖਣ ਲੱਗਿਆਂ ਬੜਾ ਕੁਝ ਜੋੜਿਆ-ਤੋੜਿਆ ਜਾਂਦਾ ਹੈ। ਇਹ ਪ੍ਰਕਿਰਿਆ ਪੁਰਾਣੇ ਲੋਹੇ ਨੂੰ ਢਾਲ ਕੇ ਨਵੀਂ ਚੀਜ਼ ਬਣਾ ਲੈਣ ਵਰਗੀ ਹੈ। ਮੈਨੂੰ ਲੱਗਦੈ ਲੇਖਕ ਇੱਕ ਜਾਦੂਗਰ ਹੁੰਦਾ ਹੈ ਜਿਹੜਾ ਝੋਲੇ ਵਿੱਚ ਪਹਿਲਾਂ ਤੋਂ ਹੀ ਰੱਖੇ ਸਮਾਨ ਨੂੰ ਆਪਣੇ ਤਰੀਕੇ ਨਾਲ ਵਿਖਾ ਵਿਖਾ ਕੇ ਲੋਕਾਂ ਨੂੰ ਹੈਰਾਨ ਕਰਦਾ ਰਹਿੰਦਾ ਹੈ।
ਸੰਪਰਕ: 94172-41787

Advertisement

Advertisement