ਆਸਟਰੇਲਿਆਈ ਪ੍ਰਧਾਨ ਮੰਤਰੀ ਵੱਲੋਂ ਭਾਰਤੀ ਕ੍ਰਿਕਟ ਟੀਮ ਦੀ ਮੇਜ਼ਬਾਨੀ
ਕੈਨਬਰਾ, 28 ਨਵੰਬਰ
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਭਾਰਤੀ ਟੀਮ ਕ੍ਰਿਕਟ ਟੀਮ ਤੇ ਪ੍ਰਧਾਨ ਮੰਤਰੀ ਇਲੈਵਨ ਵਿਚਾਲੇ ਭਲਕੇ 30 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਦੋ ਰੋਜ਼ਾ ਅਭਿਆਸ ਮੈਚ ਤੋਂ ਪਹਿਲਾਂ ਅੱਜ ਇੱਥੇ ਸਵਾਗਤੀ ਸਮਾਗਮ ’ਚ ਭਾਰਤੀ ਖਿਡਾਰੀਆਂ ਦੀ ਮੇਜ਼ਬਾਨੀ ਕੀਤੀ। ਇਹ ਮੈਚ ਮਨੁਕਾ ਓਵਲ ’ਚ ਖੇਡਿਆ ਜਾਵੇਗਾ, ਜੋ ਭਾਰਤ ਅਤੇ ਆਸਟਰੇਲੀਆ ਵਿਚਾਲੇ 6 ਦਸੰਬਰ ਤੋਂ ਐਡੀਲੇਡ ’ਚ ਹੋਣ ਵਾਲੇ ਦਿਨ-ਰਾਤ ਦੇ ਟੈਸਟ ਮੈਚ ਦੀ ਤਿਆਰੀ ਦਾ ਹਿੱਸਾ ਹੈ। ਪੰਜ ਟੈਸਟ ਮੈਚਾਂ ਦੀ ਬਾਰਡਰ-ਗਾਵਸਕਰ ਲੜੀ ਦਾ ਪਹਿਲਾ ਟੈਸਟ ਮੈਚ ਭਾਰਤ ਨੇ 295 ਦੌੜਾਂ ਨਾਲ ਜਿੱਤਿਆ ਸੀ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਕਪਤਾਨ ਰੋਹਿਤ ਸ਼ਰਮਾ ਨੇ ਪ੍ਰੋਟੋਕੋਲ ਮੁਤਾਬਕ ਟੀਮ ਦੇ ਮੈਂਬਰਾਂ ਨੂੰ ਉਨ੍ਹਾਂ ਨਾਲ ਮਿਲਵਾਇਆ। ਅਲਬਨੀਜ਼ ਨੇ ਪਰਥ ਟੈਸਟ ’ਚ ਟੀਮ ਦੀ ਜਿੱਤ ’ਚ ਭੂਮਿਕਾ ਲਈ ਜਸਪ੍ਰੀਤ ਬੁਮਰਾਹ ਤੇ ਵਿਰਾਟ ਕੋਹਲੀ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਅਲਬਨੀਜ਼ ਨੇ ਐਕਸ ’ਤੇ ਕਿਹਾ, ‘‘ਇਸ ਹਫ਼ਤੇ ਮਨੁਕਾ ਓਵਲ ’ਚ ਪ੍ਰਧਾਨ ਮੰਤਰੀ ਇਲੈਵਨ ਸਾਹਮਣੇ ਇੱਕ ਸ਼ਾਨਦਾਰ ਭਾਰਤੀ ਟੀਮ ਦੀ ਵੱਡੀ ਚੁਣੌਤੀ ਹੋਵੇਗੀ।’’ ਜੈਕ ਐਡਵਰਡਸ ਦੀ ਅਗਵਾਈ ਵਾਲੀ ਪ੍ਰਧਾਨ ਮੰਤਰੀ ਇਲੈਵਨ ਨੇ ਵੀ ਅਲਬਨੀਜ਼ ਨਾਲ ਮੁਲਾਕਾਤ ਕੀਤੀ। -ਪੀਟੀਆਈ