For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਦੇ ਵਿਰੋਧ ਕਾਰਨ ਜ਼ਮੀਨ ਦੀ ਨਿਲਾਮੀ ਰੁਕੀ

07:08 AM Oct 08, 2024 IST
ਕਿਸਾਨਾਂ ਦੇ ਵਿਰੋਧ ਕਾਰਨ ਜ਼ਮੀਨ ਦੀ ਨਿਲਾਮੀ ਰੁਕੀ
ਪਿੰਡ ਮਾਖਾ ਵਿੱਚ ਜ਼ਮੀਨ ਦੀ ਨਿਲਾਮੀ ਦੇ ਵਿਰੋਧ ’ਚ ਇਕੱਠੇ ਹੋਏ ਕਿਸਾਨ। ਫੋਟੋ: ਸੁਰੇਸ਼
Advertisement

ਪੱਤਰ ਪ੍ਰੇਰਕ
ਮਾਨਸਾ, 7 ਅਕਤੂਬਰ
ਇੱਥੋਂ ਨੇੜਲੇ ਪਿੰਡ ਮਾਖਾ ਦੇ ਕਿਸਾਨ ਦੀ ਜ਼ਮੀਨ ਦੀ ਨਿਲਾਮੀ ਉਸ ਸਮੇਂ ਰੁਕ ਗਈ, ਜਦੋਂ ਪੀੜਤ ਕਿਸਾਨ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਵੱਲੋਂ ਝੰਡੇ ਚੁੱਕ ਲਏ ਗਏ। ਇਸ ਕਾਰਨ ਕਿਸਾਨ ਦੀ ਜ਼ਮੀਨ ਨਿਲਾਮ ਹੋਣ ਤੋਂ ਬਚ ਗਈ। ਜਥੇਬੰਦਕ ਆਗੂਆਂ ਦੇ ਵਿਰੋਧ ਕਾਰਨ ਕੋਈ ਵੀ ਅਧਿਕਾਰੀ ਨਿਲਾਮੀ ਕਰਨ ਨਾ ਆਇਆ।
ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਮਾਨਸਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਇੱਕ ਬੈਂਕ ਵੱਲੋਂ 15 ਲੱਖ ਦੇ ਕਰਜ਼ੇ ਬਦਲੇ ਸਵਾ ਦੋ ਕਿੱਲੇ ਜ਼ਮੀਨ ਨਿਲਾਮ ਕਰਾਈ ਜਾ ਰਹੀ ਸੀ। ਜਥੇਬੰਦੀ ਦੇ ਵਿਰੋਧ ਕਾਰਨ ਕੋਈ ਵੀ ਅਧਿਕਾਰੀ ਜ਼ਮੀਨ ਦੀ ਨਿਲਾਮੀ ਕਰਨ ਨਹੀਂ ਪਹੁੰਚਿਆ ਜਿਸ ਮਗਰੋਂ ਜਥੇਬੰਦੀ ਦੇ ਆਗੂਆਂ ਵੱਲੋਂ ਜੇਤੂ ਰੈਲੀ ਕਰਦਿਆਂ ਕਿਹਾ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਅਤੇ ਕਿਸੇ ਵੀ ਮਜ਼ਦੂਰ ਦਾ ਘਰ ਨਿਲਾਮ ਨਹੀਂ ਹੋਣ ਦਿੱਤਾ ਜਾਵੇਗਾ।
ਕਿਸਾਨ ਆਗੂ ਦੋਸ਼ ਲਾਇਆ ਕਿ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਕਰਜ਼ਾ ਕੁਰਕੀ ਖ਼ਤਮ ਅਤੇ ਫ਼ਸਲ ਦੀ ਪੂਰੀ ਰਕਮ, ਪਰ ਇਸ ਦੇ ਉਲਟ ਕਿਸਾਨਾਂ ਦੀਆਂ ਜਮੀਨਾਂ ਅਤੇ ਮਜ਼ਦੂਰਾਂ ਦੇ ਘਰਾਂ ਦੀਆਂ ਕੁਰਕੀਆਂ-ਨਿਲਾਮੀਆਂ ਲਿਆਂਦੀਆਂ ਜਾ ਰਹੀਆਂ ਹਨ, ਜਿਸ ਨੂੰ ਜਥੇਬੰਦੀ ਬਰਦਾਸ਼ਤ ਨਹੀਂ ਕਰੇਗੀ ਅਤੇ ਭਵਿੱਖ ਵਿੱਚ ਵੀ ਕਿਸੇ ਕਿਸਮ ਦੀ ਕੁਰਕੀ ਨਿਲਾਮੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਜਗਰਾਜ ਸਿੰਘ ਮਾਨਸਾ, ਲਾਭ ਸਿੰਘ ਖੋਖਰ, ਗੁਰਦੀਪ ਸਿੰਘ ਖੋਖਰ, ਸੁਰਜੀਤ ਸਿੰਘ ਕੋਟਲੱਲੂ, ਭੋਲਾ ਸਿੰਘ ਜਵਾਹਰਕੇ, ਮੇਲਾ ਸਿੰਘ ਖੋਖਰ ਤੇ ਅੰਗਰੇਜ ਸਿੰਘ ਮਾਖਾ ਨੇ ਵੀ ਸੰਬੋਧਨ ਕੀਤਾ।

Advertisement

Advertisement
Advertisement
Author Image

Advertisement