ਡੇਰੇ ਦੇ ਸੇਵਾਦਾਰ ਹਸਪਤਾਲ ਵਿੱਚ ਲਾਸ਼ ਛੱਡ ਕੇ ਫ਼ਰਾਰ
ਨਿੱਜੀ ਪੱਤਰ ਪ੍ਰੇਰਕ
ਖੰਨਾ, 14 ਜੁਲਾਈ
ਇਥੋਂ ਦੇ ਧਾਰਮਿਕ ਡੇਰੇ ਦੇ ਸੇਵਾਦਾਰ ਲਾਸ਼ ਨੂੰ ਨਿੱਜੀ ਹਸਪਤਾਲ ਵਿਚ ਛੱਡ ਕੇ ਫ਼ਰਾਰ ਹੋ ਗਏ। ਮ੍ਰਿਤਕ ਦੀ ਪਛਾਣ ਜਸਵੰਤ ਸਿੰਘ (46) ਵਾਸੀ ਬੀਜਾ ਵਜੋਂ ਹੋਈ ਹੈ। ਮ੍ਰਿਤਕ ਦੇ ਨਾਂ ’ਤੇ ਕਰੀਬ 5 ਏਕੜ ਜ਼ਮੀਨ ਹੈ, ਉਸ ਦੇ ਅੰਗੂਠੇ ਤੇ ਸਿਆਹੀ ਦੇ ਨਿਸ਼ਾਨ ਵੀ ਸਨ ਜਿਸ ਉਪਰੰਤ ਪਰਿਵਾਰ ਹੈਰਾਨ ਰਹਿ ਗਿਆ ਤੇ ਪੁਲੀਸ ਬੁਲਾ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਜਸਵੰਤ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦਾ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਕਰੀਬ 9 ਸਾਲਾਂ ਤੋਂ ਉਸ ਦਾ ਪਤੀ ਪਿੰਡ ਬਾਹੋਮਾਜਰਾ ਵਿਚ ਧਾਰਮਿਕ ਡੇਰੇ ਵਿਚ ਰਹਿੰਦਾ ਸੀ। ਕਈ ਵਾਰ ਉਹ ਘਰ ਵੀ ਆ ਜਾਂਦਾ ਸੀ। ਉਹ ਡੇਰੇ ਵਾਲਿਆਂ ਨਾਲ ਗੱਲ ਕਰਦੀ ਰਹੀ ਪਰ ਉਨ੍ਹਾਂ ਉਸ ਦੇ ਪਤੀ ਦੀ ਮੌਤ ਸਬੰਧੀ ਜਾਣਕਾਰੀ ਨਾ ਦਿੱਤੀ। ਸਗੋਂ ਨੇੜਲੇ ਪਿੰਡ ਕੋਟ ਦੇ ਰਹਿਣ ਵਾਲੇ ਕਾਲਾ ਨਾਂ ਦੇ ਵਿਅਕਤੀ ਨੇ ਫੋਨ ਕਰਕੇ ਜਾਣਕਾਰੀ ਦਿੱਤੀ। ਮਗਰੋਂ ਉਹ ਆਪਣੇ ਪੁੱਤਰ ਨੂੰ ਲੈ ਕੇ ਖੰਨਾ ਦੇ ਪੀਰਖਾਨਾ ਰੋਡ ਸਥਿਤ ਨਿੱਜੀ ਹਸਪਤਾਲ ਪੁੱਜੀ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਡੇਰੇ ਦੇ ਲੋਕ ਉਸ ਦੀ ਲਾਸ਼ ਨੂੰ ਛੱਡ ਕੇ ਚਲੇ ਗਏ।
ਪਿੰਡ ਬੀਜਾ ਦੇ ਸਰਪੰਚ ਸੁਖਰਾਜ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਦੇ ਨਾਂ ਕਰੀਬ ਪੰਜ ਏਕੜ ਜ਼ਮੀਨ ਤੇ ਹੋਰ ਜਾਇਦਾਦ ਹੈ। ਉਨ੍ਹਾਂ ਸ਼ੱਕ ਪ੍ਰਗਟਾਇਆ ਕਿ ਅੰਗੂਠੇ ਦੇ ਨਿਸ਼ਾਨ ਦੀ ਕੋਈ ਦੁਰਵਰਤੋਂ ਕਰ ਸਕਦਾ ਹੈ, ਜਿਸ ਕਾਰਨ ਪੁਲੀਸ ਤੋਂ ਜਾਂਚ ਦੀ ਮੰਗ ਕੀਤੀ ਗਈ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਚੌਕੀ ਕੋਟ ਦੇ ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।