For the best experience, open
https://m.punjabitribuneonline.com
on your mobile browser.
Advertisement

ਹੋਮਗਾਰਡ ਦਾ ਕਬਜ਼ਾ ਛੁਡਾਉਣ ਦੇ ਯਤਨ ਨੂੰ ਪਿਆ ਬੂਰ

10:58 AM Sep 22, 2024 IST
ਹੋਮਗਾਰਡ ਦਾ ਕਬਜ਼ਾ ਛੁਡਾਉਣ ਦੇ ਯਤਨ ਨੂੰ ਪਿਆ ਬੂਰ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸੰਘਰਸ਼ ਕਮੇਟੀ ਦੇ ਆਗੂ ਤੇ ਅਧਿਆਪਕ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਸਤੰਬਰ
ਇਥੋਂ ਦੇ ਸਰਕਾਰੀ ਪ੍ਰਾਇਮਰੀ ਬੇਸਿਕ ਸਕੂਲ ਦੇ ਇਕ ਹਿੱਸੇ ’ਤੇ ਕਰੀਬ ਸੱਤ ਸਾਲ ਤੋਂ ਚੱਲੇ ਰਿਹਾ ਹੋਮਗਾਰਡ ਦਾ ਕਬਜ਼ਾ ਛੁਡਾਉਣ ਲਈ ਵਿੱਢੇ ਸੰਘਰਸ਼ ਨੂੰ ਬੂਰ ਪੈ ਗਿਆ ਹੈ। ਇਸ ਮਾਮਲੇ ’ਚ ਬਣੀ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੇ ਮੌਕੇ ’ਤੇ ਪਹੁੰਚ ਕੇ ਅੱਜ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ। ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਦੀ ਕਾਪੀ ਦਿਖਾਉਂਦੇ ਹੋਏ ਇਨ੍ਹਾਂ ਆਗੂਆਂ ਨੇ ਦੱਸਿਆ ਕਿ ਹੁਣ ਪੰਦਰਾਂ ਦਿਨਾਂ ’ਚ ਸਕੂਲ ਦੇ ਕਮਰੇ ਖਾਲੀ ਹੋ ਜਾਣਗੇ।
ਸੰਘਰਸ਼ ਕਮੇਟੀ ਦੇ ਕਨਵੀਨਰ ਅਵਤਾਰ ਸਿੰਘ, ਜੋਗਿੰਦਰ ਆਜ਼ਾਦ, ਡੀਟੀਐਫ ਆਗੂ ਦਵਿੰਦਰ ਸਿੰਘ ਸਿੱਧੂ ਤੇ ਹੋਰਨਾਂ ਨੇ ਇਸ ਸੰਘਰਸ਼ ਵਿੱਚ ਸ਼ਾਮਲ ਹੋਈ ਹਰ ਸ਼ਖ਼ਸੀਅਤ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਡੀਸੀ ਨੇ ਹੁਕਮਾਂ ’ਚ ਐੱਸਡੀਐੱਮ ਜਗਰਾਉਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੂੰ ਕਬਜ਼ਾ ਲੈਣ ਦੇ ਆਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਆਗੂਆਂ ਨੇ ਵਧੀਕ ਡਿਪਟੀ ਕਮਿਸ਼ਨਰ ਲੁਧਿਆਣਾ ਅਨਮੋਲ ਸਿੰਘ ਧਾਲੀਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੇ ਮਾਮਲੇ ਨੂੰ ਸਮਝਣ ਮਗਰੋਂ ਨਿੱਜੀ ਦਿਲਚਸਪੀ ਲੈ ਕੇ ਕਾਰਵਾਈ ਅੱਗੇ ਵਧਾਈ। ਸਕੂਲ ਇੰਚਾਰਜ ਕੁਲਦੀਪ ਕੌਰ ਅਤੇ ਸੁਧੀਰ ਝਾਂਜੀ ਨੇ ਇਸ ਪ੍ਰਾਪਤੀ ਨੂੰ ਮਿਸਾਲੀ ਦੱਸਿਆ।
ਦੱਸਣਾ ਬਣਦਾ ਹੈ ਕਿ ਉਕਤ ਕਮਰਿਆਂ ’ਚ ਜਦੋਂ ਹੋਮਗਾਰਡ ਦਾ ਦਫ਼ਤਰ ਬਣਿਆ ਉਸ ਸਮੇਂ ਇਸ ਸਕੂਲ ’ਚ ਸਿਰਫ 169 ਬੱਚੇ ਸਨ। ਅਧਿਆਪਕਾਂ ਦੀ ਮਿਹਨਤ ਨਾਲ ਹੁਣ ਵਿਦਿਆਰਥੀਆਂ ਦੀ ਗਿਣਤੀ 375 ਹੋ ਗਈ ਹੈ। ਸੈਕਸ਼ਨ ਵਧਣ ਕਰਕੇ ਕਮਰਿਆਂ ਦੀ ਲੋੜ ਪੈਣ ਲੱਗੀ ਜਿਸ ਕਰਕੇ ਸਕੂਲ ਨੂੰ ਇਹ ਕਮਰੇ ਖਾਲੀ ਕਰਵਾਉਣੇ ਪਏ। ਇਸ ਮੌਕੇ ਅਸ਼ੋਕ ਭੰਡਾਰੀ, ਹਰਭਜਨ ਸਿੰਘ, ਜਸਵੰਤ ਸਿੰਘ ਕਲੇਰ, ਕ੍ਰਿਸ਼ਨ ਲਾਲ, ਤੁਲਸੀ ਦਾਸ, ਰਾਣਾ ਆਲਮਦੀਪ, ਸ਼ਰਨਜੀਤ ਸਿੰਘ, ਇੰਦਰਪ੍ਰੀਤ ਸਿੰਘ, ਰਜੇਸ਼ ਕੁਮਾਰ, ਕੁਲਦੀਪ ਕੌਰ, ਰੇਖਾ, ਕਰਮਜੀਤ ਕੌਰ, ਰੀਤੂ ਝਾਂਜੀ, ਗੁਰਪ੍ਰੀਤ ਕੌਰ, ਵਰਿੰਦਰ ਕੌਰ, ਜੋਤੀ ਸ਼ਰਮਾ ਹਾਜ਼ਰ ਸਨ।

Advertisement

Advertisement
Advertisement
Author Image

sanam grng

View all posts

Advertisement