ਸ਼ੰਭੂ ਮੋਰਚੇ ’ਤੇ ਕੀਤੇ ਹਮਲੇ ਦੀ ਕਿਸਾਨ ਯੂਨੀਅਨ ਵੱਲੋਂ ਨਿਖੇਧੀ
ਪੱਤਰ ਪ੍ਰੇਰਕ
ਪਾਤੜਾਂ, 30 ਜੂਨ
ਕਿਸਾਨ ਯੂਨੀਅਨ ਏਕਤਾ ਆਜ਼ਾਦ ਨੇ ਮੀਟਿੰਗ ਕਰਕੇ ਸ਼ੰਭੂ ਮੋਰਚੇ ’ਤੇ ਭਾਜਪਾ ਦੇ ਹੁਲੜਬਾਜ਼ਾਂ ਵੱਲੋਂ ਕੀਤੇ ਹਮਲੇ ਦੀ ਨਿਖੇਧੀ ਕੀਤੀ ਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਜਥੇਬੰਦੀ ਦੇ ਜ਼ਿਲ੍ਹਾ ਆਗੂ ਯਾਦਵਿੰਦਰ ਸਿੰਘ ਬੂਰੜ ਨੇ ਕਿਹਾ ਹੈ ਕਿ ਸ਼ੰਭੂ ਬਾਰਡਰ ਉੱਤੇ ਹੋਏ ਹਮਲੇ ਪਿੱਛੇ ਕੇਂਦਰ ਅਤੇ ਹਰਿਆਣਾ ਸਰਕਾਰ ਦੀ ਡੂੰਘੀ ਸਾਜ਼ਿਸ਼ ਹੈ। ਇਸ ਘਟਨਾ ਦੀ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਹੈ ਕਿ 7 ਫਰਵਰੀ ਪੰਜਾਬ, ਹਰਿਆਣਾ ਬਾਰਡਰਾਂ ਉਤੇ ਕੇਂਦਰ ਤੇ ਹਰਿਆਣਾ ਸਰਕਾਰ ਨੇ ਕੰਧਾਂ ਕਰਕੇ, ਕਿੱਲਾਂ ਗੱਡ ਕੇ, ਪੱਥਰ ਰੱਖ ਕੇ ਵੱਡੀ ਗਿਣਤੀ ਵਿੱਚ ਪੁਲੀਸ ਤੇ ਸੁਰੱਖਿਆ ਬਲ ਖੜ੍ਹੇ ਕਰਕੇ ਰਸਤਾ ਰੋਕ ਕੇ ਕਿਸਾਨਾਂ ਮਜ਼ਦੂਰਾਂ ਖ਼ਿਲਾਫ਼ ਪ੍ਰਚਾਰ ਕਰਕੇ ਬਦਨਾਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਹੈ ਕਿ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਮੰਗ ਕਰ ਰਹੀਆਂ ਕਿ ਰਸਤਾ ਖੋਲਿਆ ਜਾਵੇ। ਉਨ੍ਹਾਂ ਕੇਂਦਰ ਸਰਕਾਰ ਨੂੰ ਮੰਗੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ। ਇਸ ਮੌਕੇ ਚਮਕੌਰ ਸਿੰਘ ਭੇਡਪੁਰਾ, ਗੁਰਪ੍ਰੀਤ ਕੌਰ ਬਰਾਸ, ਰਾਜ ਕੋਰ ਬਰਾਸ, ਬਲਾਕ ਆਗੂ ਮਨਦੀਪ ਸਿੰਘ ਭੂਤਗੜ੍ਹ, ਗੁਰਮੇਲ ਸਿੰਘ ਘੱਗਾ, ਗੁਰਜੰਟ ਸਿੰਘ ਸਧਾਰਨਪੁਰ, ਮਨਿੰਦਰ ਸਿੰਘ ਘੱਗਾ ਹਾਜ਼ਰ ਸਨ।