ਕੋਰ ਕਮੇਟੀ ਵੱਲੋਂ ਸੁਖਬੀਰ ’ਤੇ ਹਮਲਾ ਡੂੰਘੀ ਸਾਜ਼ਿਸ਼ ਕਰਾਰ
* ਰਾਜਪਾਲ ਨੂੰ ਮਿਲੇਗਾ ਵਫ਼ਦ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਟਹਿਰੇ ’ਚ ਖੜ੍ਹੇ ਕਰਦਿਆਂ ਉਸ ਦੀ ਜਾਂਚ ਨੂੰ ਪੂਰਨ ਤੌਰ ’ਤੇ ਰੱਦ ਕਰ ਦਿੱਤਾ ਹੈ। ਕੋਰ ਕਮੇਟੀ ’ਚ ਫ਼ੈਸਲਾ ਲਿਆ ਗਿਆ ਕਿ ਅਕਾਲੀ ਦਲ ਦਾ ਵਫ਼ਦ ਇੱਕ-ਦੋ ਦਿਨਾਂ ’ਚ ਰਾਜਪਾਲ ਨੂੰ ਮਿਲ ਕੇ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਕਰੇਗਾ। ਕੋਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ। ਮੀਟਿੰਗ ’ਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਇਸਤਰੀ ਅਕਾਲੀ ਦਲ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।
ਵਿਸ਼ੇਸ਼ ਸੱਦੇ ’ਤੇ ਮੀਟਿੰਗ ’ਚ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ਅਤੇ ਰੋਜ਼ੀ ਬਰਕੰਦੀ ਵੀ ਸ਼ਾਮਲ ਹੋਏ। ਮੀਟਿੰਗ ਮਗਰੋਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਸੀਨੀਅਰ ਆਗੂਆਂ ਬਿਕਰਮ ਸਿੰਘ ਮਜੀਠੀਆ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ’ਤੇ ਕਾਤਲਾਨਾ ਹਮਲੇ ਨੂੰ ਸਿੱਖ ਪਰੰਪਰਾਵਾਂ, ਖ਼ਾਲਸਾ ਵਿਰਾਸਤ ਅਤੇ ਪਵਿੱਤਰ ਕਦਰਾਂ-ਕੀਮਤਾਂ ’ਤੇ ਹਮਲਾ ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਹਮਲਾ ‘ਆਪ’ ਸਰਕਾਰ ਦੇ ਸਪਾਂਸਰਡ ਪ੍ਰੋਗਰਾਮ ਦਾ ਹਿੱਸਾ ਸੀ ਤਾਂ ਜੋ ਅਕਾਲੀ ਲੀਡਰਸ਼ਿਪ ਨੂੰ ਖ਼ਤਮ ਕੀਤਾ ਜਾ ਸਕੇ। ਆਗੂਆਂ ਨੇ ਕਿਹਾ ਕਿ ਇਹ ਹਮਲਾ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਵਾਲਾ ਹੈ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ੌਰੀ ਘਟਨਾ ਵਾਲੀ ਥਾਂ ’ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲੈਣਾ ਚਾਹੀਦਾ ਸੀ ਪਰ ਉਹ ਇਸ ਨੂੰ ਮਾਮੂਲੀ ਘਟਨਾ ਦਰਸਾਉਣ ਦੀ ਕੋਸ਼ਿਸ਼ ਕਰਦੇ ਰਹੇ। ਆਗੂਆਂ ਨੇ ਕਿਹਾ ਕਿ ਡੀਜੀਪੀ ਨੇ ਹਮਲੇ ਮਗਰੋਂ ਸੁਖਬੀਰ ਬਾਦਲ ਨੂੰ ਫੋਨ ਤੱਕ ਨਹੀਂ ਕੀਤਾ ਅਤੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਜਿਹੜੇ ਲੋਕ ਅਸ਼ਾਂਤੀ ਨੂੰ ਹਮਾਇਤ ਦੇ ਰਹੇ ਹਨ, ਉਹ ਅੱਗ ਨਾਲ ਖੇਡ ਰਹੇ ਹਨ। ਡਾ. ਦਲਜੀਤ ਚੀਮਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਖ਼ਤਮ ਕੀਤੇ ਜਾਣ ਦੀ ਡੂੰਘੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਪੰਜਾਬ ਨੂੰ ਮੁੜ ਅਸ਼ਾਂਤੀ ਦੇ ਰਾਹ ’ਤੇ ਪਾਉਣ ਦੀ ਕੋਸ਼ਿਸ਼ ਸੀ। ਮਜੀਠੀਆ ਨੇ ਸੇਵਾ ਨਿਭਾ ਰਹੇ ਅਕਾਲੀ ਆਗੂਆਂ ’ਤੇ ਵੀ ਹਮਲੇ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਉਨ੍ਹਾਂ ਐੱਸਪੀ ਹਰਪਾਲ ਸਿੰਘ ਰੰਧਾਵਾ ’ਤੇ ਹਮਲਾਵਰ ਨਰੈਣ ਸਿੰਘ ਚੌੜਾ ਨਾਲ ਸਾਂਝ ਹੋਣ ਦੇ ਦੋਸ਼ ਲਾਏ। ਉਨ੍ਹਾਂ ਅਕਾਲੀ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਮੋਗਾ ਵਿਚ ਦਲ ਖ਼ਾਲਸਾ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ’ਤੇ ਵੀ ਸੁਆਲ ਖੜ੍ਹੇ ਕੀਤੇ।
ਮੀਟਿੰਗ ’ਤੇ ਉਂਗਲ ਉੱਠੀ
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੁੜੈਣ, ਬੀਬੀ ਪਰਮਜੀਤ ਕੌਰ ਲਾਡਰਾਂ, ਮਹਿੰਦਰ ਸਿੰਘ ਹੁਸੈਨਪੁਰ, ਕਰਨੈਲ ਸਿੰਘ ਪੰਜੌਲੀ ਅਤੇ ਮਿੱਠੂ ਸਿੰਘ ਕਾਹਨੇਕੇ ਨੇ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੇ ਅਕਾਲ ਤਖ਼ਤ ਦੇ ਆਦੇਸ਼ਾਂ ਤੋਂ ਭਗੌੜਾ ਹੋਣ ਦਾ ਸਬੂਤ ਪੇਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਨੇ ਆਗੂਆਂ ਦੇ ਅਸਤੀਫ਼ਿਆਂ ਬਾਰੇ ਤਿੰਨ ਦਿਨਾਂ ’ਚ ਜਾਣਕਾਰੀ ਅਕਾਲ ਤਖ਼ਤ ’ਤੇ ਭੇਜਣ ਲਈ ਕਿਹਾ ਸੀ ਪਰ ਵਰਕਿੰਗ ਕਮੇਟੀ ਦੇ ਮੁਖੀ ਬਲਵਿੰਦਰ ਸਿੰਘ ਭੂੰਦੜ ਨੇ ਕੌਮ ਨੂੰ ਸ਼ਰਮਸਾਰ ਕੀਤਾ ਹੈ। ਮੈਂਬਰਾਂ ਨੇ ਕਿਹਾ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਵਕੀਲ ਰਹੇ ਸਤਨਾਮ ਸਿੰਘ ਕਲੇਰ ਦੇ ਬੇਟੇ ਅਰਸ਼ਦੀਪ ਸਿੰਘ ਕਲੇਰ ਦਾ ਅੱਜ ਦੀ ਕੋਰ ਕਮੇਟੀ ਵਿੱਚ ਹਾਜ਼ਰ ਹੋਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਕਾਲੀ ਲੀਡਰਸ਼ਿਪ ਨੇ ਹਾਲੇ ਤੱਕ ਵੀ ਪੰਥਕ ਗ਼ਲਤੀਆਂ ਤੋਂ ਸਬਕ ਨਹੀਂ ਲਿਆ ਹੈ।