ਪੁੰਗਰਦੀ ਕਣਕ ’ਤੇ ਗੁਲਾਬੀ ਸੁੰਡੀ ਦਾ ਹਮਲਾ ਜਾਰੀ
ਪੱਤਰ ਪ੍ਰੇਰਕ
ਮਾਨਸਾ, 28 ਨਵੰਬਰ
ਮਾਲਵਾ ਖੇਤਰ ਦੇ ਵੱਖ-ਵੱਖ ਖੇਤਰਾਂ ਵਿੱਚ ਕਣਕ ਦੀ ਪੁੰਗਰਦੀ ਫ਼ਸਲ ’ਤੇ ਗੁਲਾਬੀ ਸੁੰਡੀ ਦਾ ਹਮਲਾ ਜਾਰੀ ਹੈ। ਰੋਜ਼ਾਨਾ ਨਵੇਂ-ਨਵੇਂ ਇਲਾਕਿਆਂ ਵਿੱਚ ਇਸ ਹਮਲੇ ਨਾਲ ਹੋ ਰਹੇ ਕਣਕ ਦੇ ਨੁਕਸਾਨ ਸਬੰਧੀ ਸ਼ਿਕਾਇਤਾਂ ਖੇਤੀਬਾੜੀ ਵਿਭਾਗ ਕੋਲ ਪੁੱਜਣ ਲੱਗੀਆਂ ਹਨ। ਭਾਵੇਂ ਮਹਿਕਮੇ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਸਪਰੇਆਂ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ ਪਰ ਸੁੰਡੀ ਦਾ ਇਹ ਹਮਲਾ ਤਣਿਆਂ ’ਚ ਹੋਣ ਕਾਰਨ ਸਪਰੇਆਂ ਵੀ ਬੇਅਸਰ ਹੋਣ ਦੀਆਂ ਕਿਸਾਨਾਂ ਵੱਲੋਂ ਸ਼ਿਕਾਇਤਾਂ ਸਾਹਮਣੇ ਆਉਣ ਲੱਗੀਆਂ ਹਨ।
ਮਾਨਸਾ ਜ਼ਿਲ੍ਹੇ ਵਿੱਚ ਬੇਸ਼ੱਕ ਹਰ ਖੇਤੀਬਾੜੀ ਬਲਾਕ ਟੀਮਾਂ ਵੱਲੋਂ ਪ੍ਰਭਾਵਿਤ ਖੇਤਾਂ ਦਾ ਹਰ-ਰੋਜ਼ ਦੌਰਾ ਕਰਕੇ ਕਿਸਾਨਾਂ ਨੂੰ ਤਸੱਲੀਆਂ ਦਿੱਤੀਆਂ ਜਾ ਰਹੀਆਂ ਹਨ ਪਰ ਇਸਦੇ ਬਾਵਜੂਦ ਲਗਾਤਾਰ ਹੋ ਰਹੇ ਹਮਲੇ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਿਸਾਨਾਂ ਦੀ ਘਬਰਾਹਟ ਵੱਧਦੀ ਹੀ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀਬਾਘਾ ਨੇ ਦੋਸ਼ ਲਾਇਆ ਕਿ ਜਿਹੜੇ ਕਿਸਾਨਾਂ ਨੇ ਸਰਕਾਰੀ ਸਿਫਾਰਸ਼ਾਂ ਅਨੁਸਾਰ ਪਰਾਲੀ ਨੂੰ ਵਿੱਚ ਵਾਹਕੇ ਕਣਕ ਬੀਜੀ ਹੈ, ਉਥੇ ਹੀ ਇਹ ਹਮਲੇ ਸਾਹਮਣੇ ਆਏ ਹਨ, ਜਿਸ ਕਰਕੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਪੀੜਤ ਕਿਸਾਨਾਂ ਦੀ ਬਾਂਹ ਫੜ੍ਹਕੇ ਸਬਸਿਡੀ ਵਾਲੀਆਂ ਦਵਾਈਆਂ ਤੁਰੰਤ ਸਹਿਕਾਰੀ ਸਭਾਵਾਂ ਨੂੰ ਭੇਜਣ ਦਾ ਉਪਰਾਲਾ ਕਰਨ। ਉਧਰ ਮਾਨਸਾ ਦੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ.ਹਰਪ੍ਰੀਤਪਾਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਕੁਲਰੀਆਂ, ਕਾਹਨਗੜ੍ਹ, ਸੇਖੂਪੁਰ ਖੁਡਾਲ, ਅਕਬਰਪੁਰ ਖੁਡਾਲ ਆਦਿ ਵਿੱਚ ਕਣਕ ਦੀ ਫਸਲ ਵਿੱਚ ਤਣੇ ’ਤੇ ਗੁਲਾਬੀ ਸੁੰਡੀ ਦੇ ਹਮਲੇ ਵਾਲੇ ਖੇਤਾਂ ਦਾ ਦੌਰਾ ਕੀਤਾ ਗਿਆ। ਟੀਮ ਵੱਲੋਂ ਪਿੰਡ ਕਾਹਨਗੜ੍ਹ ਦੇ ਕਿਸਾਨ ਸੁਦਾਗਰ ਸਿੰਘ ਦਾ ਖੇਤ ਵੇਖਿਆ ਗਿਆ ਅਤੇ ਇਸ ਖੇਤ ਵਿੱਚ 25 ਤੋਂ 30 ਪ੍ਰਤੀਸ਼ਤ ਰਕਬੇ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਵਿੱਚ ਆਇਆ, ਜਿਸ ’ਤੇ ਟੀਮ ਵੱਲੋਂ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸ਼ਿਫਾਰਿਸ਼ ਕੀਟਨਾਸ਼ਕ 7 ਕਿਲੋ ਮੋਰਟੈਲ/ਰੀਜੈਂਟ 0.3 ਜੀ (ਫਿਪਰੋਨਿਲ) ਜਾਂ 1 ਲਿਟਰ ਡਰਸਬਾਨ 20 ਈ.ਸੀ. (ਕਲੋਰਪਾਈਰੀਫਾਸ) ਨੂੰ 20 ਕਿਲੋ ਸਲਾਬੀ ਮਿੱਟੀ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾ ਪਾਣੀ ਲਗਾਉਣ ਤੋਂ ਪਹਿਲਾਂ ਛੱਟਾ ਦੇਣ ਜਾਂ ਇਸ ਦੇ ਬਦਲ ਵਿੱਚ 50 ਮਿਲੀ ਲਿਟਰ ਪ੍ਰਤੀ ਏਕੜ ਕੋਰਾਜਨ 18।5 ਐਸੀ.ਸੀ. (ਕਲੋਰਐਂਟਰਾਨਿਲੀਪਰੋਲ) ਨੂੰ 80-100 ਲੀਟਰ ਪਾਣੀ ਵਿੱਚ ਘੋਲ ਕੇ ਨੈਪਸੈਕ ਪੰਪ ਨਾਲ ਸਪਰੇਅ ਕਰਨ ਦੀ ਸਲਾਹ ਦਿੱਤੀ ਗਈ। ਇਸ ਮੌਕੇ ਖੇਤੀਬਾੜੀ ਉਪ ਨਿਰੀਖਕ ਅਵਤਾਰ ਸਿੰਘ, ਗਗਨਦੀਪ ਸਿੰਘ ਤੋਂ ਇਲਾਵਾ ਪਿੰਡਾਂ ਦੇ ਕਿਸਾਨ ਹਾਜ਼ਰ ਸਨ।