ਬੀਹਲਾ ਖੁਰਦ ਵਿੱਚ ਕਿਸਾਨ ਦੇ ਘਰ ਦੀ ਕੁਰਕੀ ਰੁਕਵਾਈ
ਨਿੱਜੀ ਪੱਤਰ ਪ੍ਰੇਰਕ
ਮਹਿਲ ਕਲਾਂ, 17 ਅਕਤੂਬਰ
ਪਿੰਡ ਬੀਹਲਾ ਖੁਰਦ ਵਿਖੇ ਕਿਸਾਨ ਦੇ ਘਰ ਦੀ ਕੁਰਕੀ ਦਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਵਲੋਂ ਵਿਰੋਧ ਕੀਤਾ ਗਿਆ, ਜਿਸ ਕਾਰਨ ਕੋਈ ਵੀ ਅਧਿਕਾਰੀ ਕੁਰਕੀ ਕਰਨ ਨਾ ਪੁੱਜਾ। ਇਸ ਮੌਕੇ ਜੱਥੇਬੰਦੀ ਦੇ ਜ਼ਿਲ੍ਹਾ ਆਗੂ ਗੁਰਦੇਵ ਸਿੰਘ ਮਾਂਗੇਵਾਲ, ਭਿੰਦਰ ਸਿੰਘ ਮੂੰਮ ਅਤੇ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਦੱਸਿਆ ਕਿ ਕਿਸਾਨ ਚਰਨਜੀਤ ਸਿੰਘ ਨੇ ਇੱਕ ਨਿੱਜੀ ਫਾਇਨਾਂਸ ਕੰਪਨੀ ਤੋਂ ਪਸ਼ੂਆਂ ਲਈ ਕਰਜ਼ਾ ਲਿਆ ਹੋਇਆ ਸੀ। ਕਰੋਨਾ ਦੌਰਾਨ ਉਕਤ ਕਿਸਾਨ ਦੇ ਪਸ਼ੂਆਂ ਦਾ ਨੁਕਸਾਨ ਹੋਣ ਕਾਰਨ ਅਰੇਲੂ ਆਰਥਿਕ ਹਾਲਤ ਮਾੜੇ ਹੋ ਗਏ ਜਿਸ ਕਰਕੇ ਉਹ ਕਰਜ਼ੇ ਦੀਆਂ ਕਿਸ਼ਤਾਂ ਭਰਨ ਤੋਂ ਅਸਮਰੱਥ ਹੋ ਗਿਆ। ਅੱਜ ਉਸ ਪਰਿਵਾਰ ਨੂੰ ਘਰ ਦੀ ਕੁਰਕੀ ਕਰਨ ਦਾ ਨੋਟਿਸ ਆਇਆ ਸੀ, ਜਿਸ ਦਾ ਉਨ੍ਹਾਂ ਦੀ ਜਥੇਬੰਦੀ ਨੇ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੀ ਕੁਰਕੀ ਕਿਸੇ ਵੀ ਹਾਲਤ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਸੰਦੀਪ ਕੌਰ, ਵੀਰਪਾਲ ਕੌਰ, ਹਰਦੀਪ ਕੌਰ, ਸੁਰਜੀਤ ਕੌਰ , ਜਸਵੰਤ ਸਿੰਘ, ਸੋਹਣ ਸਿੰਘ ਇਕਾਈ ਪ੍ਰਧਾਨ, ਬਲਵਿੰਦਰ ਸਿੰਘ, ਹਰਚੰਦ ਸਿੰਘ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।