ਆਖਰੀ ਦਿਨ ਭਖਿਆ ਰਿਹਾ ਲੁਧਿਆਣਾ ਦਾ ਮਾਹੌਲ
ਗਗਨਦੀਪ ਅਰੋੜਾ
ਲੁਧਿਆਣਾ, 4 ਅਕਤੂਬਰ
ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅੱਜ ਆਖਰੀ ਦਿਨ ਸੀ ਜਿਸ ਕਰਕੇ ਅੱਜ ਸਾਰਾ ਹੀ ਦਿਨ ਨਾਮਜ਼ਦਗੀਆਂ ਭਰਨ ਵਾਲੇ ਦਫ਼ਤਰਾਂ ਵਿੱਚ ਗਹਿਮਾ-ਗਹਿਮੀ ਬਣੀ ਰਹੀ। ਇਸ ਮੌਕੇ ਪੀਏਯੂ ਅਤੇ ਪੋਲਟੈਕਨਿਕਲ ਕਾਲਜ ਵਿੱਚ ਨਾਮਜ਼ਦਗੀ ਭਰਨ ਵੇਲੇ ਕਾਫ਼ੀ ਹੰਗਾਮਾ ਵੀ ਹੋਇਆ। ਇਹ ਵੀ ਖ਼ਬਰ ਆਈ ਹੈ ਕਿ ਇੱਕ ਥਾਂ ਤੋਂ ਕੁੱਝ ਲੋਕ ਭਾਜਪਾ ਉਮੀਦਵਾਰ ਦੇ ਕਾਗਜ਼ ਖੋਹ ਕੇ ਫਰਾਰ ਹੋ ਗਏ। ਕਈ ਥਾਵਾਂ ’ਤੇ ਨਾਮਜ਼ਦਗੀਆਂ ਲਈ ਟੋਕਨ ਦੇ ਕੇ ਉਮੀਦਵਾਰਾਂ ਨੂੰ ਬਿਠਾ ਲਿਆ ਗਿਆ ਤੇ ਕਾਗਜ਼ ਲੈਣ ਦਾ ਕੰਮ ਦੇਰ ਸ਼ਾਮ ਤੱਕ ਚਲਦਾ ਰਿਹਾ।
ਪੰਚਾਇਤੀ ਚੋਣਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਕੀਤੀਆਂ ਗਈਆਂ ਵੱਖ ਵੱਖ ਥਾਵਾਂ ’ਤੇ ਚੋਣਾਂ ਲੜਨ ਦੇ ਚਾਹਵਾਨਾਂ ਦਾ ਇਕੱਠ ਰਿਹਾ। ਇਸ ਦੌਰਾਨ ਪੁਲੀਸ ਪ੍ਰਸ਼ਾਸਨ ਵੱਲੋਂ ਭਾਵੇਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਪਰ ਲੋਕਾਂ ਨੂੰ ਆਪਣੀਆਂ ਲੋੜਾਂ ਦੇ ਪ੍ਰਬੰਧ ਖੁਦ ਹੀ ਕਰਨੇ ਪਏ। ਜ਼ਿਲ੍ਹਾ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਤੇ ਰਿਸ਼ੀ ਨਗਰ ਨੇੜੇ ਪੌਲੀਟੈਕਨਿਕ ਕਾਲਜ ਵਿਚ ਤਿੰਨ ਥਾਵਾਂ ’ਤੇ ਨਾਮਜ਼ਦਗੀਆਂ ਭਰੀਆਂ ਗਈਆਂ।
ਪ੍ਰਾਪਤ ਜਾਣਕਾਰੀ ਮੁਤਾਬਕ ਫਾਇਲਾਂ ਜਮ੍ਹਾਂ ਕਰਵਾਉਣ ਦਾ ਸਮਾਂ 3 ਵਜੇ ਤੱਕ ਸੀ, ਜਿਸ ਤਹਿਤ 3 ਵਜੇ ਗੇਟ ਬੰਦ ਕਰ ਦਿੱਤੇ ਗਏ। ਇਸ ਮੌਕੇ ਕਈ ਥਾਈਂ ਲੇਟ ਪਹੁੰਚਣ ਵਾਲੇ ਉਮੀਦਵਾਰਾਂ ਨੇ ਬਹਿਸਬਾਜ਼ੀ ਵੀ ਕੀਤੀ। ਪ੍ਰਸ਼ਾਸਨ ਵੱਲੋਂ ਹਦਾਇਤ ਸੀ ਕਿ ਨਿਰਧਾਰਤ ਸਮੇਂ ਤੋਂ ਬਾਅਦ ਪੁੱਜਣ ਵਾਲੇ ਕਿਸੇ ਵੀ ਵਿਅਕਤੀ ਦੇ ਕਾਗਜ਼ ਦਾਖਲ ਨਹੀਂ ਕੀਤੇ ਜਾਣਗੇ। ਵੱਖ ਵੱਖ ਥਾਵਾਂ ’ਤੇ ਚੱਲ ਰਹੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਐੱਸਡੀਐੱਮ ਵੈੱਸਟ ਪੂਨਮਦੀਪ ਕੌਰ ਨੇ ਵੀ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਪੋਲੀਟੈਕਨਿਕ ਕਾਲਜ ਵਿੱਚ 12 ਆਰਓਜ਼ ਤਾਇਨਾਤ ਕੀਤੇ ਗਏ ਹਨ, ਜੋ ਫਾਈਲਾਂ ਪ੍ਰਾਪਤ ਕਰਨਗੇ। ਜਿਨ੍ਹਾਂ ਨੇ 3 ਵਜੇ ਤੱਕ ਦਫ਼ਤਰਾਂ ’ਚ ਪੁੱਜ ਕੇ ਟੋਕਨ ਪ੍ਰਾਪਤ ਕਰ ਲਏ ਉਨ੍ਹਾਂ ਦੀਆਂ ਫਾਈਲਾਂ ਜਮ੍ਹਾਂ ਕੀਤੀਆਂ ਗਈਆਂ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਪਰਵੀਨ ਬਾਂਸਲ, ਸੁੱਚਾ ਰਾਮ ਲੱਧੜ, ਨਿਰਮਲ ਸਿੰਘ ਐਸ.ਐਸ. ਮੌਜੂਦ ਸਨ।
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੱਜ ਆਖਰੀ ਦਿਨ ਦਫ਼ਤਰਾਂ ਵਿੱਚ ਉਮੀਦਵਾਰਾਂ ਦਾ ਹੜ੍ਹ ਵੇਖਣ ਨੂੰ ਮਿਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਬਲਾਕ ਦੇ 116 ਪਿੰਡਾਂ ਲਈ ਪਹਿਲੇ ਦੋ ਦਿਨਾਂ ਦੌਰਾਨ ਸਿਰਫ਼ 102 ਨਾਮਜ਼ਦਗੀ ਪੱਤਰ ਹੀ ਭਰੇ ਗਏ ਸਨ ਪਰ ਅੱਜ ਆਖਰੀ ਦਿਨ ਸੈਂਕੜੇ ਹੀ ਉਮੀਦਵਾਰਾਂ ਨੇ ਨਾਮਜ਼ਗੀ ਪੱਤਰ ਦਾਖਲ ਕੀਤੇ। ਦਫ਼ਤਰਾਂ ਦੇ ਅੰਦਰ ਤੇ ਬਾਹਰ ਆਪਣੇ ਸਮਰਥਕਾਂ ਨਾਲ ਆਏ ਉਮੀਦਵਾਰਾਂ ਨੇ ਫਾਈਲਾਂ ਚੱਕੀਆਂ ਹੋਈਆਂ ਸਨ ਤੇ ਸਾਰਾ ਦਿਨ ਉਮੀਦਵਾਰ ਕਾਗਜ਼ ਦਾਖਲ ਕਰਵਾਉਣ ਵਿੱਚ ਜੁਟੇ ਰਹੇ। ਗੌਰਤਲਬ ਹੈ ਕਿ ਬਾਅਦ ਦੁਪਹਿਰ 3 ਵਜੇ ਦਫ਼ਤਰਾਂ ਦੇ ਗੇਟ ਬੰਦ ਕਰ ਦਿੱਤੇ ਗਏ ਸਨ ਇਸ ਮੌਕ ਜੋ ਉਮੀਦਵਾਰ ਅੰਦਰ ਸਨ ਸਿਰਫ਼ ਉਨ੍ਹਾਂ ਦੀਆਂ ਫਾਈਲਾਂ ਹੀ ਲਈਆਂ ਗਈਆਂ। 3 ਵਜੇ ਤੋਂ ਬਾਅਦ ਆਉਣ ਵਾਲੇ ਉਮੀਦਵਾਰਾਂ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। ਰਸ਼ ਜ਼ਿਆਦਾ ਹੋਣ ਕਾਰਨ ਪਹਿਲਾਂ ਸਾਰੇ ਉਮੀਦਵਾਰਾਂ ਤੋਂ ਫਾਈਲਾਂ ਫੜ ਲਈਆਂ ਗਈਆਂ ਤੇ ਮਗਰੋਂ ਇੱਕ ਇੱਕ ਕਰਕੇ ਉਨ੍ਹਾਂ ਨੂੰ ਸੱਦਿਆ ਗਿਆ ਤੇ ਦੇਰ ਸ਼ਾਮ ਤੱਕ ਦਸਤਾਵੇਜ਼ ਜਮ੍ਹਾਂ ਕਰਵਾਉਣ ਦਾ ਅਮਲ ਚੱਲਦਾ ਰਿਹਾ।
ਅਧਿਕਾਰੀਆਂ ਅਨੁਸਾਰ ਕਿੰਨੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਇਸ ਬਾਰੇ ਸੂਚੀ ਦੇਰ ਰਾਤ ਤੱਕ ਸਾਹਮਣੇ ਆਵੇਗੀ। ਭਲਕੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ ਇਤਰਾਜ ਤੋਂ ਬਾਅਦ 7 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਮਾਛੀਵਾੜਾ ਬਲਾਕ ਦੇ ਕਈ ਪਿੰਡਾਂ ਵਿਚ ਸਰਬਸੰਮਤੀ ਹੋ ਗਈ ਹੈ ਜਿਸ ਦੀ ਸੂਚੀ ਨਾਮਜ਼ਦਗੀ ਪੱਤਰ ਵਾਪਸ ਲੈਣ ਵਾਲੇ ਦਿਨ ਲਗਾ ਦਿੱਤੀ ਜਾਵੇਗੀ ਅਤੇ ਉਸ ਪਿੰਡ ਵਿੱਚ ਚੋਣ ਨਹੀਂ ਹੋਵੇਗੀ। ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਜੋ ਉਮੀਦਵਾਰ ਚੋਣ ਮੈਦਾਨ ਵਿਚ ਰਹਿ ਜਾਣਗੇ ਉਹ ਆਪਣੇ ਆਪਣੇ ਪਿੰਡ ਵਿਚ ਚੋਣ ਪ੍ਰਚਾਰ ਕਰਨ ’ਚ ਲੱਗ ਜਾਣਗੇ ਅਤੇ ਫਿਰ ਚੋਣ ਮੁਹਿੰਮ ਪੂਰੀ ਤਰ੍ਹਾਂ ਭਖ ਜਾਵੇਗੀ।
ਭਾਜਪਾ ਉਮੀਦਵਾਰ ਦੇ ਕੋਈ ਕਾਗਜ਼ ਲੈ ਕੇ ਭੇਜਿਆ
ਪੋਲਟੈਕਨਿਕਲ ਕਾਲਜ ਵਿੱਚ ਭਾਜਪਾ ਉਮੀਦਵਾਰ ਦੇ ਕੋਈ ਕਾਗਜ਼ ਲੈ ਕੇ ਭੱਜ ਗਿਆ। ਇਸ ਮਗਰੋਂ ਕਾਫ਼ੀ ਹੰਗਾਮਾ ਹੋਇਆ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਸਣੇ ਕਈ ਆਗੂ ਮੌਕੇ ’ਤੇ ਪੁੱਜ ਗਏ। ਪੁਲੀਸ ਨੂੰ ਵੀ ਮੌਕੇ ’ਤੇ ਸੱਦਿਆ ਗਿਆ। ਇਸ ਮੌਕੇ ਪ੍ਰਧਾਨ ਧੀਮਾਨ ਨੇ ਦੱਸਿਆ ਕਿ ਭਾਜਪਾ ਉਮੀਦਵਾਰ ਪੋਲੀਟੈਕਨਿਕ ਕਾਲਜ ਰਿਸ਼ੀ ਨਗਰ ’ਚ ਫਾਰਮ ਦਾਖਲ ਕਰਵਾਉਣ ਗਿਆ ਤਾਂ ਸਰਕਾਰ ਦੇ ਨੁਮਾਇੰਦਿਆਂ ਨੇ ਉਸ ਨਾਲ ਧੱਕੇਸ਼ਾਹੀ ਕੀਤੀ ਤੇ ਉਸ ਦੇ ਕਾਗਜ਼ ਲੈ ਕੇ ਭੱਜ ਗਏ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦੇ ਨੁਮਾਇੰਦੇ ਦੂਜੇ ਉਮੀਦਵਾਰਾਂ ਨੂੰ ਡਰਾ ਧਮਕਾ ਰਹੇ ਹਨ।