ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੜ੍ਹਾਂ ਦੀ ਸਾਂਝ

11:45 AM Jul 26, 2023 IST

ਪਰਮਜੀਤ ਕੌਰ ਸਰਹਿੰਦ
Advertisement

ਅੱਜ ਪਰਵਾਸ ਪੰਜਾਬੀਆਂ ਦੇ ਮੱਥੇ ਦੀ ਲਕੀਰ ਬਣ ਕੇ ਰਹਿ‌ਗਿਆ ਹੈ। ਪਿੰਡ ਹੈ ਜਾਂ ਸ਼ਹਿਰ ਕੋਈ ਘਰ‌ ਅਜਿਹਾ ਨਹੀਂ ਦਿਸਦਾ ਜਿਸ‌ਵਿੱਚੋਂ ਕੋਈ ਪਰਦੇਸ ਨਾ ਗਿਆ ਹੋਵੇ। ਕਈ ਘਰ‌ ਤਾਂ ਪੂਰੇ‌ ਦੇ ਪੂਰੇ ਹੀ ਖਾਲੀ ਹੋਏ ਦਿਸਦੇ ਹਨ। ਕੁਝ ਲੋਕ ਪਹਿਲਾਂ-ਪਹਿਲਾਂ ਖੱਟੀ‌ ਕਮਾਈ ਲਈ ‌ਗਏ, ਕੁਝ ਮੁੰਡੇ ਕੁੜੀਆਂ ਸੰਯੋਗ ਵਸ, ਕੁਝ ਦੇਖਾ-ਦੇਖੀ ਤੇ ਹੁਣ ਪੜ੍ਹਾਈ ਤੇ ਰੁਜ਼ਗਾਰ ਲਈ ਪੰਜਾਬ ਦੀ ਜਵਾਨੀ ਪਰਦੇਸਾਂ ਵਿੱਚ ਜਾ ਰਹੀ ਹੈ।
ਬਹੁਤ ਪਹਿਲਾਂ ਲੋਕਾਂ ਨੇ ਪਰਦੇਸ ਵਿੱਚ ਦੌਲਤ ਕਮਾ ਕੇ ਆਪਣੇ ਮੁਲਕ ਆਪਣੇ ਥਾਵਾਂ-ਗਰਾਵਾਂ ਵਿੱਚ ਤਕੜੀਆਂ ਜ਼ਮੀਨਾਂ-ਜਾਇਦਾਦਾਂ ਬਣਾਈਆਂ, ਪਰ ਅੱਜ ਦੀ‌ ਤ੍ਰਾਸਦੀ ਹੈ ਕਿ ਹੁਣ ਪੰਜਾਬੀ ਜੱਦੀ-ਪੁਸ਼ਤੈਨੀ ਜਾਇਦਾਦਾਂ ਵੇਚ ਕੇ ਪਰਦੇਸਾਂ ਨੂੰ ਜਾ ਰਹੇ ‌ਹਨ। ਪੰਜਾਬ ਦੇ ਮਾੜੇ ਹਾਲਾਤ ਤੇ ਬੇਰੁਜ਼ਗਾਰੀ ਇਸ‌ ਦਾ‌ ਵੱਡਾ ਕਾਰਨ ਬਣੇ‌ ਹਨ। ਵਿਚਾਰਨਯੋਗ ਮੁੱਦਾ ਇਹ ਵੀ‌ ਹੈ‌ ਮਿਹਨਤ-ਮਜ਼ਦੂਰੀ ਕਰਨ ਵਾਲੇ ਹੋਣ ਜਾਂ ਕੋਈ ਵੱਡੇ‌ ਕਾਰੋਬਾਰੀ, ਇਨ੍ਹਾਂ ਦੇ ਮਨਾਂ ਵਿੱਚ ਆਪਣੇ ਵਤਨ ਦੀ ਮਿੱਟੀ ਦਾ ਮੋਹ ਤੇ ਜੜ੍ਹਾਂ ਦੀ ਖਿੱਚ ਬਰਕਰਾਰ ਰਹਿੰਦੀ ਹੈ।
ਜਦੋਂ ਵੀ ਆਪਣੇ ਧੀ-ਜੁਆਈ‌ ਤੇ‌ ਦੋਹਤੇ-ਦੋਹਤੀਆਂ‌ ਕੋਲ ਨੌਰਵੇ ਜਾਂ ਇੰਗਲੈਂਡ ਆਉਂਦੇ ਹਾਂ ਤਾਂ ਇੱਥੇ ਪਰਦੇਸ ਵਿੱਚ ਇਨ੍ਹਾਂ ਗੱਲਾਂ ਦਾ ਬੜੀ ਸ਼ਿੱਦਤ ਨਾਲ ਅਹਿਸਾਸ ਹੁੰਦਾ ਹੈ। ਅਜੋਕੇ ਸਮੇਂ ਤਾਂ ਹਰ ਮੁਲਕ ਵਿੱਚ ਪੰਜਾਬੀ ਵਸਦੇ ਹਨ, ਪਰ ਕੁਝ ਸਮਾਂ ਪਹਿਲਾਂ ਅਜਿਹਾ ਨਹੀਂ ਸੀ ਖ਼ਾਸਕਰ ‌ਛੇ‌‌ ਮਹੀਨੇ ਦਨਿ ਤੇ ਛੇ ਮਹੀਨੇ ਰਾਤ ਵਾਲੇ ਮੁਲਕ ਨੌਰਵੇ ਵਿੱਚ। ਇੱਥੇ‌ ਅਜੇ ਵੀ ਪੰਜਾਬੀਆਂ ਦੀ ਗਿਣਤੀ ਬਹੁਤ ਘੱਟ ਹੈ। ਤਾਜ਼ਾ ਅੰਕੜਿਆਂ ਅਨੁਸਾਰ ਨੌਰਵੇ ਵਿੱਚ ਤਕਰੀਬਨ ਸਤਾਰਾਂ ਹਜ਼ਾਰ ਭਾਰਤੀ ਹਨ‌ ਜਨਿ੍ਹਾਂ ਵਿੱਚ ਕਰੀਬ ਪੰਜ‌ ਹਜ਼ਾਰ ਸਿੱਖ ਹਨ। ਵੱਡਾ ਕਾਰਨ ਹੈ ਕਿ ਇਸ ਮੁਲਕ ਦੀ ਭਾਸ਼ਾ ਨੌਰਵੀਯੀਅਨ ਹੈ। ਕਿਸੇ ਵੀ ਪੜ੍ਹਾਈ ਜਾਂ ਕਿੱਤੇ ਦੇ ਹਿਸਾਬ ਨਾਲ ਪਹਿਲਾਂ ਇੱਥੋਂ ਦੀ ਭਾਸ਼ਾ ਸਿੱਖਣੀ ਲਾਜ਼ਮੀ ਹੈ। ਆਮ ਪੱਧਰ ਦੀ ਪੜ੍ਹਾਈ ਕਰ ਕੇ ਮਰਦ-ਮੁੰਡੇ ਬੱਸ ਡਰਾਈਵਰ ਦਾ ਕਿੱਤਾ ਅਪਣਾ ਲੈਂਦੇ ਹਨ। ਕੁਝ ਹੱਥੀਂ ਕਰਨ ਵਾਲਾ ਕੰਮ ਕਰਦੇ ਹਨ ਜਿਵੇਂ ਰਾਜ ਮਿਸਤਰੀ ਤੇ ਲੱਕੜ ਮਿਸਤਰੀ। ਇਹ ਪੀਜ਼ਾ ਹੱਟ, ਦੁਕਾਨਾਂ ਜਾਂ ਕਿਸੇ ਸ਼ਾਪਿੰਗ ਮਾਲ ਵਿੱਚ ਕੰਮ ਕਰਨ ਲੱਗਦੇ ਹਨ।


ਜਿਹੜੇ ਭਾਰਤੀ/ ਪੰਜਾਬੀ ਉੱਚ ਵਿੱਦਿਆ ਹਾਸਲ ਕਰਨ ਉਪਰੰਤ ਆਉਂਦੇ ਹਨ, ਉਹ ਇੱਥੇ ਹੋਰ ਪੜ੍ਹਾਈ ਕਰਨ ਬਾਅਦ ਉੱਚ‌ ਅਹੁਦਿਆਂ ’ਤੇ ਵੀ ਜਾ‌ ਪੁੱਜਦੇ ਹਨ। ਇਹ ਆਪਣੇ ਵਤਨ ਦਾ ਮਾਣ ਬਣਦੇ ਹਨ। ਇਸ ਔਖੀ ਭਾਸ਼ਾ ਵਾਲੇ ਮੁਲਕ ਵਿੱਚ ਉਹ ਸਿਆਸੀ ਰੁਤਬੇ ਵੀ ਹਾਸਲ ਕਰਦੇ ਹਨ। ਇਹ ਪੰਜਾਬੀ ਹਿੰਮਤੀ ਕਿਸੇ ਕਮਿਸ਼ਨਰ ਜਾਂ ਡਾਕਟਰ ਦੇ ਅਹੁਦੇ ਉੱਤੇ ਵੀ ਪੁੱਜਦੇ ਹਨ ਅਤੇ ਤਕੜੇ ਕਾਰੋਬਾਰੀ ਵੀ ਹਨ। ਹੈਰਾਨੀਜਨਕ ਗੱਲ ਹੈ ਕਿ ਇਨ੍ਹਾਂ ਹਿੰਮਤੀ ਪੰਜਾਬੀ ਪੁੱਤਰਾਂ ਨੇ ਖੇਤੀਬਾੜੀ ਦੇ ਧੰਦੇ ਨੂੰ ਲਾਹੇਵੰਦ ਕਿੱਤਾ ਬਣਾਉਣ ਦੀ ਕਮਾਲ ਵੀ ਕਰ ਦਿਖਾਈ ਹੈ।
ਵਰਤਮਾਨ ਸਮੇਂ ਭਾਰਤੀ ਮੂਲ ਦੀਆਂ ਕੁੜੀਆਂ ਜਾਂ ਔਰਤਾਂ ਇੱਥੇ ਸਹਾਇਕ ਨਰਸਾਂ ਦੇ ਕੰਮ ਲਈ ਆ ਰਹੀਆਂ ਹਨ। ਇਨ੍ਹਾਂ ਨੂੰ ਵੀ ਪਹਿਲਾਂ ਨੌਰਵੀਯੀਅਨ ਭਾਸ਼ਾ ਸਿੱਖਣੀ ਪੈਂਦੀ ਹੈ। ਇਨ੍ਹਾਂ ਨੂੰ ‘ਯੈਲਪੇ ਪਲਈਅਰ’ ਕਿਹਾ ਜਾਂਦਾ ਹੈ। ਜੇਕਰ ਕੋਈ ਭਾਰਤ ਤੋਂ ਨਰਸਿੰਗ ਦਾ ਕੋਰਸ ਕਰਕੇ ਵੀ‌ ਆਉਂਦੀ ਹੈ, ਉਹ ਵੀ ਇੱਥੇ ਸਹਾਇਕ ਨਰਸ ਦਾ ਕੰਮ ਹੀ ਕਰਦੀ ਹੈ। ਇਨ੍ਹਾਂ ਦਾ ਕੰਮ ਜ਼ਿਆਦਾਤਰ ਬਜ਼ੁਰਗਾਂ ਦੀ ਸਾਂਭ- ਸੰਭਾਲ ਕਰਨਾ ਹੀ ਹੁੰਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਬਹੁਤ ਘੱਟ ਲੋਕ ਮਿਹਨਤੀ ਹੁੰਦੇ ਹਨ ਤੇ ਇਹ ਉਸੇ ਛੋਟੇ ਜਿਹੇ ਦਾਇਰੇ ਵਿੱਚ ਰਹਿ ਕੇ ਕੰਮ ਕਰੀ ਜਾਂਦੇ ਹਨ। ਮਿਹਨਤੀ ਤੇ ਸਿਰੜੀ ਲੋਕ ਹੀ ਉੱਚ ਮੁਕਾਮ ਹਾਸਲ ਕਰਦੇ ਹਨ।
ਜਦੋਂ 2005 ਵਿੱਚ ਸਾਡੀ ਧੀ ਨੂੰ ਸੰਯੋਗ‌ ਇਸ‌ ਬਰਫ਼ਾਨੀ ਧਰਤੀ‌ ਉੱਤੇ ‌ਚੋਗ ਚੁਗਣ ਲਈ ਲੈ ਆਇਆ ਤਾਂ ਸਾਨੂੰ ਵੀ‌ ਇੱਥੇ ਆਉਣ‌ ਦੇ ਕਈ‌ ਮੌਕੇ ਮਿਲੇ। ਸਾਡੀ ਇਹ ਨੌਰਵੇ ਦੀ ਛੇਵੀਂ ਫੇਰੀ ਹੈ। ਸਾਡੀ‌ ਧੀ ਦਾ‌ ਕਹਿਣਾ‌ ਹੈ ਕਿ ਪਹਿਲਾ-ਪਹਿਲਾਂ ਕਿਸੇ ਸ਼ਾਪਿੰਗ ਸੈਂਟਰ ਵਿੱਚ ਕੋਈ ਪੰਜਾਬੀ ਦਿਸਦਾ ਤਾਂ ਮੈਨੂੰ ਉਹ‌ ਆਪਣਾ-ਆਪਣਾ‌ ਲੱਗਦਾ। ਸਾਡੇ ਦੋਹਤੇ ਦਾ‌ ਜਨਮ‌ ਹੋਇਆ ਤਾਂ ਥੋੜ੍ਹਾ ਵੱਡਾ ਹੋਏ ਤੋਂ ਸਾਡੀ‌ਧੀ ਉਸ ਦੇ ਸਿਰ ’ਤੇ ਜੂੜਾ ਕਰਕੇ ਪਟਕਾ ਬੰਨ੍ਹਣ ਲੱਗੀ। ਉਹ ਕਿਤੇ ਖ਼ਰੀਦੋ ਫ਼ਰੋਖਤ ਕਰ ਰਹੇ ਸਨ ਤੇ ਉੱਥੇ ਉਨ੍ਹਾਂ ਦੀ ‌ਨਜ਼ਰ‌ ਇੱਕ‌ ਪੰਜਾਬੀ ਜੋੜੀ ’ਤੇ ਪਈ ਜਨਿ੍ਹਾਂ ਨਾਲ ਉਨ੍ਹਾਂ ਦੇ ਦੋ ਪੁੱਤਰ ਸਨ। ਇੱਕ ਸਾਡੇ ਦੋਹਤੇ ਦਾ ਹਾਣੀ‌ ਤੇ ਦੂਜਾ ਕੁਝ‌ ਵੱਡਾ ਸੀ। ਪੰਜਾਬੀ ਮੂਲ‌ ਦੇ ਦੋਵੇਂ ਪਰਿਵਾਰ ਇੱਕ-ਦੂਜੇ ਵੱਲ ਮੋਹ ਭਰੀਆਂ ਨਜ਼ਰਾਂ ਨਾਲ ਦੇਖਦਿਆਂ ਨੇੜੇ ਆ ਗਏ। ਬੱਚੇ ਝੱਟ ਆਪਸ ਵਿੱਚ ਘੁਲ-ਮਿਲ‌ ਗਏ। ਇਹ ਛੋਟੀ ਜਿਹੀ ਮੁਲਾਕਾਤ ਦੋਵੇਂ ਪਰਿਵਾਰਾਂ ਦੀ ਭਾਈਚਾਰਕ ਸਾਂਝ ਵਿੱਚ ਬਦਲ ਗਈ ਜੋ ਅੱਜ ਦਸ-ਪੰਦਰਾਂ ਸਾਲਾਂ ਬਾਅਦ ਵੀ ਬਰਕਰਾਰ ਹੈ। ਇਹ ਸਾਂਝਾਂ, ਪੰਜਾਬੀ ਸਕੂਲ, ਪੰਜਾਬੀ ਮੇਲਿਆਂ ਜਾਂ ਗੁਰਦੁਆਰਾ ਸਾਹਿਬ ਵਿਖੇ ਮਿਲਣ ਨਾਲ ਵੀ ਬਣ ਜਾਂਦੀਆਂ ਹਨ।
Advertisement


ਮਨ ਬਹੁਤ ਖੁਸ਼ ਹੁੰਦਾ ਹੈ ਜਦੋਂ ਇਹ ਲੋਕ ਪੰਜਾਬ ਤੋਂ ਆਏ ਇੱਕ-ਦੂਜੇ ਦੇ ਮਾਪਿਆਂ ਜਾਂ ਭੈਣ-ਭਰਾਵਾਂ ਨੂੰ ਮੋਹ ਭਰੇ‌ ਸੱਦੇ ਦੇ ਕੇ ਆਪਣੇ ਘਰੀਂ ਖਾਣੇ‌’ਤੇ ਬੁਲਾਉਂਦੇ ਹਨ। ਇਹ ਆਪਣੇ ਵਤਨ ਪ੍ਰਤੀ ਇਨ੍ਹਾਂ ਦਾ ਵੈਰਾਗ‌ ਜਾਂ ਪ੍ਰੇਮ ਹੀ‌ਤਾਂ‌ਹੁੰਦਾ‌ਹੈ। ਇਨ੍ਹਾਂ ਪ੍ਰੇਮ-ਮਿਲਣੀਆਂ ਮੌਕੇ ਤੋਹਫ਼ਿਆਂ ਦਾ ਦੇਣ-ਲੈਣ ਵੀ ਹੁੰਦਾ ਹੈ। ਜ਼ਿਕਰਯੋਗ ਹੈ ਕਿ ਮੈਂ ਇਨ੍ਹਾਂ ਮੁਹੱਬਤੀ‌ਜਿਊੜਿਆ ਲਈ ਪਟਿਆਲੇ ਤੋਂ ਫੁਲਕਾਰੀਆਂ ਤੇ ਸ਼ੀਸ਼ੇ-ਮੋਤੀ ਜੜੀਆਂ ਪਰਾਂਦੀਆਂ ਜ਼ਰੂਰ ਲੈ ਕੇ ਜਾਂਦੀ ਹਾਂ। ਜਦੋਂ ਇਹ ਪਰਦੇਸੀ ਪੰਜਾਬ ਆਉਂਦੇ ਹਨ ਤਾਂ ਸਾਨੂੰ ਵੀ ਮਿਲਣ ਆਉਂਦੇ ਹਨ। ਇਹ ਸਾਂਝਾਂ ਨਵੀਂ ਪੀੜ੍ਹੀ ਦੇ ਬੱਚਿਆਂ ਦੇ ਭਵਿੱਖ ਲਈ ਬਹੁਤ ਲਾਹੇਵੰਦ ਸਿੱਧ ਹੁੰਦੀਆਂ ਹਨ।
ਪੰਜਾਬੀ ਜਾਂ ਭਾਰਤੀ ਮੂਲ ਦੇ ਬੱਚਿਆਂ ਨੂੰ ਸਕੂਲ-ਕਾਲਜ ਤੋਂ ਲੈ ਕੇ ਆਮ ਜੀਵਨ ਵਰਤਾਰੇ ਵਿੱਚ ਵੀ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਰਾਣੇ ਬਜ਼ੁਰਗਾਂ ਦਾ ਨਜ਼ਰੀਆ ਪਰਵਾਸੀਆਂ ਪ੍ਰਤੀ ਨਾਂਹ‌ ਪੱਖੀ ਹੈ। ਦਰਅਸਲ, ਅਸਲੀਅਤ ਇਹ ਹੈ ਕਿ ਇਹ ਲੋਕ ਸਾਡੇ ਮਿਹਨਤੀ ਲੋਕਾਂ ਨੂੰ ਤਰੱਕੀਆਂ ਕਰਦੇ ਤੇ ਬੁਲੰਦੀਆਂ ’ਤੇ ਪੁੱਜਦੇ ਬਰਦਾਸ਼ਤ ਨਹੀਂ ਕਰਦੇ। ਅਜੋਕੇ ਸਮੇਂ ਵੀ ਭਾਵੇਂ ਇਹ‌ ਸਮੱਸਿਆ ਆੜੇ ਆ ਰਹੀ ਹੈ, ਪਰ ਅਗਲੀਆਂ ਪੀੜ੍ਹੀਆਂ ਦੇ ਦ੍ਰਿਸ਼ਟੀਕੋਣ ਵਿੱਚ ਉਨ੍ਹਾਂ ਨਾਲੋਂ ਕੁਝ ਅੰਤਰ ਹੈ। ਮੂਲ ਕਾਰਨ ਇਹ‌ ਵੀ ਹੈ ਕਿ ਪੰਜਾਬੀ ਪਰਿਵਾਰਾਂ ਦੀ ਤੀਜੀ‌ ਪੀੜ੍ਹੀ ਵੀ ਗੋਰੇ ਸੱਭਿਆਚਾਰ ਵਿੱਚ ਰਚਮਿਚ ਨਹੀਂ ਸਕੀ। ਪੰਜਾਬੀ ਪਰਿਵਾਰਾਂ ਦੇ ਬੱਚੇ ਜੇਕਰ ਵਿਦੇਸ਼ੀ ਦੋਸਤਾਂ ਵਾਲਾ ਰਹਿਣ-ਸਹਿਣ ਅਪਣਾ ਲੈਂਦੇ ਹਨ ਤਾਂ ਉਹ ਸਾਡੇ ਵੱਡਿਆਂ ਨੂੰ ਵਾਰਾ ਨਹੀਂ ਖਾਂਦਾ। ਇਸ ਹਾਲਤ ਵਿੱਚ ਬੱਚੇ ਮਾਪਿਆਂ ਤੋਂ ਬਾਗੀ ਹੋ‌ ਜਾਂਦੇ ਹਨ ਤੇ ਘਰਾਂ ਵਿੱਚ ਕਲੇਸ਼ ਹੁੰਦਾ ਹੈ। ਜੇ ਕੋਈ‌ ਪੂਰਾ ਪਰਿਵਾਰ ਇਹ ਵਿਦੇਸ਼ੀ ਸੱਭਿਆਚਾਰ ਅਪਣਾ ਲੈਂਦਾ ਹੈ ਤਾਂ ਉੱਥੇ ਇਹ ਸੰਕਟ ਪੈਦਾ ਨਹੀਂ ਹੁੰਦਾ, ਪਰ ਇਹ ਬਹੁਤ ਘੱਟ‌ਦੇਖਣ-ਸੁਣਨ ਨੂੰ ਮਿਲਦਾ ਹੈ। ਵਿਦਿਅਕ ਅਦਾਰਿਆਂ ਵਿੱਚ ਸਤਾਰਾਂ-ਅਠਾਰਾਂ ਸਾਲਾਂ ਦੀ ਉਮਰ ਦੇ ਮੁੰਡੇ-ਕੁੜੀਆਂ ਦੀ‌ ਸਾਰਿਆਂ ਨਾਲ ਦੋਸਤਾਨਾ ਸਾਂਝ ਬਣ ਜ਼ਰੂਰ ਜਾਂਦੀ ਹੈ, ਪਰ ਉਹ ਗੱਲ ਨਹੀਂ ਬਣਦੀ ਜੋ ਇਨ੍ਹਾਂ ਦੀ ਆਪਣੇ‌ ਪੰਜਾਬੀ ਭਾਈਚਾਰੇ ਨਾਲ ਹੁੰਦੀ ਹੈ। ਇਹ ਸਾਰੇ ਕਿਸੇ ‌ਇੱਕ ਦੇ ਜਨਮਦਨਿ ਜਾਂ ਕਿਸੇ ਹੋਰ ਖੁਸ਼ੀ ਮੌਕੇ ਇਕੱਠੇ ਹੋ ਕੇ ਜਸ਼ਨ ਮਨਾਉਂਦੇ ਹਨ, ਪਰ ਇਨ੍ਹਾਂ ਨੂੰ ਉਹ ਖੁਸ਼ੀ ਤੇ ਸੰਤੁਸ਼ਟੀ ਨਹੀਂ ਮਿਲਦੀ ਜੋ ਆਪਣੀਆਂ ਜੜਾਂ ਦੀ ਸਾਂਝ ਵਾਲੇ ਦੋਸਤਾਂ-ਸਹੇਲੀਆਂ ਨਾਲ ਮਿਲਦੀ ਹੈ। ਇਸ ਗੱਲ ਦਾ‌ਅਹਿਸਾਸ ਮੈਨੂੰ ਉਦੋਂ ਬੜੀ ਸ਼ਿੱਦਤ ਨਾਲ ਹੋਇਆ ਜਦੋਂ ਸਾਡੇ‌ਦੋਹਤੇ ਨੇ ਵੱਖਰੇ ਤੌਰ ’ਤੇ ਆਪਣੇ ਪੰਜਾਬੀ ਦੋਸਤਾਂ ਨੂੰ ਘਰ ਬੁਲਾ ਕੇ ਜਨਮਦਨਿ ਮਨਾਇਆ। ਇਹ ਮੁੰਡੇ ਸਾਰਾ ਦਨਿ ਹੱਸਦੇ-ਖੇਡਦੇ ਦੇਸੀ‌ਤੇ ਅੰਗਰੇਜ਼ੀ ਰਲਿਆ-ਮਿਲਿਆ ਖਾਂਦੇ-ਪੀਂਦੇ ਬਹੁਤ ਖੁਸ਼ ਸਨ। ਇਹ ਸਾਰੇ ਆਪਣੀ ਵੱਖਰੀ ਟੋਲੀ ਵਿੱਚ ਖ਼ੁਸ਼ ‌ਰਹਿੰਦੇ ਹਨ। ਸਮਾਜਿਕ ਤੌਰ ’ਤੇ ਵਿਦੇਸ਼ੀ ਮੁੰਡਿਆਂ ਨਾਲ ਸਹਿੰਦੀ-ਸਹਿੰਦੀ ਸਾਂਝ‌ ਵੀ‌ ਰੱਖਦੇ ਹਨ। ਇਨ੍ਹਾਂ ਮੁੰਡਿਆਂ ਦਾ ਇਹ ਪਿਛੋਕੜ ਦੀ ਬੁਨਿਆਦ ’ਤੇ ਬਣਿਆ ‘ਪ੍ਰੇਮ ਸੰਗਠਨ’ ਦੇਖ‌ਕੇ ਮਨ ਨੂੰ ਅਥਾਹ ਖੁਸ਼ੀ ਹੋਈ। ਤੀਜੀ ਪੁਸ਼ਤ ਵਿੱਚ ਪਰਦੇਸ ਵਿੱਚ ਜੰਮੇ-ਪਲੇ ਇਹ ਗੱਭਰੀਟ ਜਿਹੇ ਮੁੰਡੇ ਮੈਨੂੰ ਪੰਜਾਬ ਦੀ ਮਿੱਟੀ ਦੀ ਮਹਿਕ ਤੇ ਪੌਣਾਂ ਦੀ ਸਰਸਰਾਹਟ ਵਰਗੇ ਪਿਆਰੇ ਲੱਗੇ। ‘ਗੋਰਾ ਕਲਚਰ’ ਵਿੱਚ ਜੰਮ-ਪਲ ਕੇ‌ ਵੀ ਇਨ੍ਹਾਂ ਨੇ ਆਪਣੇ ਵਿਰਸੇ ਨੂੰ ਨਹੀਂ ਵਿਸਾਰਿਆ। ਇਨ੍ਹਾਂ ਸਾਰੇ ਮੁੰਡਿਆਂ ਨੇ ਪਿਆਰ-ਸਤਿਕਾਰ‌ ਨਾਲ ਝੁਕ ਕੇ ਸਾਡੇ ਪੈਰੀਂ‌ਹੱਥ ਲਾਏ ਤੇ ਗਲੇ ਮਿਲੇ। ਇੱਕ-ਦੋ ਮੁੰਡੇ ਤਾਂ ਸ਼ਕਲ-ਸੂਰਤ ਤੋਂ ਮੈਨੂੰ ਵਿਦੇਸ਼ੀ ਮੂਲ ਦੇ ਹੀ ਜਾਪੇ, ਗੋਰੇ-ਚਿੱਟੇ ਤੇ ਉੱਚੇ-ਲੰਮੇ, ਪਰ ਉਹ ਵੀ ਪੰਜਾਬੀ ਪੁੱਤ ਹੀ ਸਨ। ਛੁੱਟੀਆਂ ਦੇ ਦਨਿਾਂ ਵਿੱਚ ਇਹ ਸ਼ਹਿਰੋਂ ਬਾਹਰ ਘੁੰਮਣ ਵੀ ਚਲੇ ਜਾਂਦੇ ਹਨ‌ਤੇ ਵਿਹਲੇ ਸਮੇਂ ਕਿਸੇ ਇੱਕ ਦੋਸਤ ਦੇ ਘਰ ਵੀ ਇਕੱਠੇ ਹੋ ਕੇ ਰੌਣਕ ਲਾ ਲੈਂਦੇ ਹਨ। ਪਰਿਵਾਰਾਂ ਦੀ ਗੂੜ੍ਹੀ ਸਾਂਝ ਕਾਰਨ ਬੱਚੇ ਵੱਡਿਆਂ ਨੂੰ ਆਂਟੀ-ਅੰਕਲ ਦੀ ਥਾਂ ਮਾਮੇ-ਮਾਸੀਆਂ, ਤਾਇਆ-ਚਾਚਾ ਤੇ ਭੂਆ ਵੀ ਸੰਬੋਧਨ ਕਰਦੇ ਹਨ। ਪੰਜਾਬੀਆਂ ਦੇ‌ ਵਿਰਾਸਤੀ ਗੁਣ ਜਾਂ ਔਗੁਣ ਵੀ ਸਾਹਮਣੇ ਆਉਂਦੇ ਹਨ ਜਦੋਂ ਇਹ ਪਰਿਵਾਰ ਆਪਣੇ ਬੱਚਿਆਂ ਦੇ ਵਿਆਹ ਇੱਕ-ਦੂਜੇ ਨਾਲ ਕਰਦੇ ਹਨ ਤਾਂ ਚੁੰਝ ਚਰਚਾ ਵੀ‌ ਹੁੰਦੀ‌ ਹੈ ਕਿ ਮਾਮੇ‌ ਜਾਂ ਭੂਆ ਦੇ ਮੁੰਡੇ-ਕੁੜੀਆਂ ਦਾ ਵਿਆਹ ਆਪਸ ਨਹੀਂ ਹੋਣਾ ਚਾਹੀਦਾ। ਇਹ ਰਾਮ-ਰੌਲਾ ਸਾਡੇ ਪੰਜਾਬੀ ਸੱਭਿਆਚਾਰ ਕਾਰਨ ਪੈਂਦਾ ਹੈ ਕਿਉਂਕਿ ਇਨ੍ਹਾਂ‌ ਮੁਲਕਾਂ ਵਿੱਚ ਆ ਕੇ ਵੀ ਪੁਰਾਣੀ ਸੋਚ ਅਸਰਅੰਦਾਜ਼ ਰਹਿੰਦੀ ਹੈ। ਅਸਲ ਵਿੱਚ ਸਾਡੇ ਸਮਾਜ ਵਿੱਚ ਖੂ਼ਨ ਦੀਆਂ ਇਨ੍ਹਾਂ ਸਾਂਝਾਂ ਵਾਲੇ ਰਿਸ਼ਤਿਆਂ ਵਿੱਚ ਬੱਚਿਆਂ ਦੇ ਵਿਆਹ ਨਹੀਂ ਕੀਤੇ ਜਾਂਦੇ ਅਤੇ ਇਹ ਸਾਡੇ ਲੋਕ ਇੱਥੇ ਵੀ ਨਹੀਂ ਕਰਦੇ।
ਸ਼ਲਾਘਾਯੋਗ ਤੇ ਮਾਣ ਮੱਤਾ ਪੱਖ ਤਾਂ ਇਹ ਹੈ ਕਿ ਸਾਂਝਾਂ ਸਿਰਜਣ ਤੇ ਨਿਭਾਉਣ ਦਾ ਗੁਣ‌ ਤੇ ਦਿਲ-ਜਿਗਰਾ ਇਹ ਛੇ ਮਹੀਨੇ ਦਨਿ ਤੇ ਛੇ ਮਹੀਨੇ ਰਾਤ ਵਾਲਾ ਠੰਢਾ ਮੁਲਕ ਵੀ ਨਹੀਂ ਬਦਲ ਜਾਂ ਮੁਕਾ ਸਕਿਆ। ਇਸ ਜੜ੍ਹਾਂ ਦੀ‌ ਸਾਂਝ ਨੂੰ ਨਾ ਬਰਫ਼ਾਨੀ ਹਵਾਵਾਂ ਹਿਲਾ ਸਕੀਆਂ ਤੇ ਨਾ ਜਮਾ ਜਾਂ ਮੁਕਾ
ਸਕੀਆਂ ਹਨ। ਪਰਦੇਸ ਵਿੱਚ ਬੈਠਿਆਂ ਮੁੜ-ਮੁੜ ਇਹ ਖ਼ਿਆਲ ਆਉਂਦਾ ਹੈ ਕਿ ਸਾਡੇ ਮੁਲਕ ਵਿੱਚ ਨਾ
ਐਨੀ ਬਰਫ਼ ਹੈ ਨਾ ਬਰਫ਼ਾਨੀ ਹਵਾਵਾਂ ਤੇ ਨਾ ਛੇ-ਛੇ ਮਹੀਨੇ ਹਨੇਰਾ-ਚਾਨਣਾ ਫਿਰ ਵੀ ਸਾਡੀਆਂ ਆਪਸੀ ਸਾਂਝਾਂ ਕਿਉਂ ਯਖ਼ ਹੋ ਕੇ ਰਹਿ ਗਈਆਂ ਹਨ... ਕਿਉਂ ਮੁੱਕਦੀਆਂ-ਸੁੱਕਦੀਆਂ ਜਾ ਰਹੀਆਂ ਹਨ...?
ਸੰਪਰਕ: 98728-98599 (ਵੱਟਸਐਪ)

Advertisement