ਬੈਂਕ ਦਾ ਸਹਾਇਕ ਮੈਨੇਜਰ 20 ਹਜ਼ਾਰ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ
ਜਗਮੋਹਨ ਸਿੰਘ
ਰੂਪਨਗਰ, 21 ਫਰਵਰੀ
ਵਿਜੀਲੈਂਸ ਬਿਊਰੋ ਵੱਲੋਂ ਸਟੇਟ ਬੈਂਕ ਆਫ ਇੰਡੀਆ ਨੂਰਪੁਰ ਬੇਦੀ ਦੇ ਸਹਾਇਕ ਮੈਨੇਜਰ ਕਮ ਫੀਲਡ ਅਫਸਰ ਜਸ਼ਨਦੀਪ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਡੀਐੱਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਮੁਦਈ ਨੰਦ ਲਾਲ ਪੁੱਤਰ ਦੌਲਤ ਰਾਮ ਵਾਸੀ ਪਿੰਡ ਬੁੰਗੜੀ ਜ਼ਿਲ੍ਹਾ ਰੂਪਨਗਰ ਨੇ ਐੱਸਬੀਆਈ ਬੈਂਕ ਦੀ ਨੂਰਪੁਰ ਬੇਦੀ ਸ਼ਾਖਾ ਤੋਂ ਕਰਜ਼ਾ ਲਿਆ ਹੋਇਆ ਸੀ। ਕਰਜ਼ਾ ਸਮੇਂ ਸਿਰ ਨਾ ਮੋੜਨ ਕਾਰਨ ਬੈਂਕ ਵੱਲੋਂ ਉਸ ਖਿਲਾਫ਼ ਅਦਾਲਤੀ ਕੇਸ ਦਾਇਰ ਕੀਤਾ ਹੋਇਆ ਸੀ। ਲੋਕ ਅਦਾਲਤ ਦੇ ਹੁਕਮਾਂ ’ਤੇ ਉਸ ਨੇ ਸੱਤ ਲੱਖ ਰੁਪਏ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤੇ। ਬਾਅਦ ਵਿੱਚ ਜਦੋਂ ਮੁਦਈ ਨੇ ਕੋਈ ਇਤਰਾਜ਼ ਨਹੀਂ ਹੈ ਸਰਟੀਫਿਕੇਟ (ਐੱਨਓਸੀ) ਹਾਸਲ ਕਰਨ ਲਈ ਬੈਂਕ ਨਾਲ ਰਾਬਤਾ ਕਾਇਮ ਕੀਤਾ ਤਾਂ ਬੈਂਕ ਦੇ ਸਹਾਇਕ ਮੈਨੇਜਰ ਜਸ਼ਨਦੀਪ ਸਿੰਘ ਨੇ ਉਸ ਕੋਲੋਂ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਸੌਦਾ 40 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਉਸ ਨੇ ਵਿਜੀਲੈਂਸ ਬਿਊਰੋ ਯੂਨਿਟ ਰੂਪਨਗਰ ਨਾਲ ਰਾਬਤਾ ਕਾਇਮ ਕੀਤਾ। ਇਸ ਤਰ੍ਹਾਂ ਉਪ ਕਪਤਾਨ ਪੁਲੀਸ ਯੂਨਿਟ ਰੂਪਨਗਰ ਦੀ ਦੇਖ-ਰੇਖ ਅਧੀਨ ਇੰਸਪੈਕਟਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਵਿਜੀਲੈਂਸ ਦੀ ਟੀਮ ਨੇ ਜਸ਼ਨਦੀਪ ਸਿੰਘ ਨੂੰ ਟਰੈਪ ਲਗਾ ਕੇ ਰਿਸ਼ਵਤ ਦੀ ਅੱਧੀ ਰਕਮ 20 ਹਜ਼ਾਰ ਰੁਪਏ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।