ਫੋਨ ਖੋਹ ਕੇ ਫਰਾਰ ਹੁੰਦੇ ਝਪਟਮਾਰਾਂ ਨੇ ਲੜਕੀ ਨੂੰ ਮੋਟਰਸਾਈਕਲ ਨਾਲ ਘੜੀਸਿਆ
ਹਤਿੰਦਰ ਮਹਿਤਾ
ਜਲੰਧਰ, 8 ਸਤੰਬਰ
ਜਲੰਧਰ ਸ਼ਹਿਰ ’ਚ ਝਪਟਮਾਰਾਂ ਵੱਲੋਂ ਫੋਨ ਝਪਟਣ ਦੌਰਾਨ ਇਕ ਲੜਕੀ ਨੂੰ ਮੋਟਰਸਾਈਕਲ ਨਾਲ ਘੜੀਸ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸ਼ਹਿਰ ਦੇ ਮਾਡਲ ਟਾਊਨ ਇਲਾਕੇ ’ਚ ਸ਼ੁੱਕਰਵਾਰ ਦੁਪਹਿਰ ਨੂੰ ਵਾਪਰੀ। ਘਟਨਾ ਦੀ 44 ਸਕਿੰਟਾਂ ਦੀ ਸੀਸੀਟੀਵੀ ਫੁਟੇਜ (ਵੀਡੀਓ) ਸ਼ਨਿਚਰਵਾਰ ਦੇਰ ਰਾਤ ਨੂੰ ਵਾਇਰਲ ਹੋਈ। ਵੀਡੀਓ ਮੁਤਾਬਕ ਮੁਲਜ਼ਮ ਉਸ ਨੂੰ ਲਗਪਗ 350 ਮੀਟਰ ਦੂਰ ਤੱਕ ਘੜੀਸ ਕੇ ਲੈ ਗਏ। ਪੀੜਤ ਲੜਕੀ ਦੀ ਪਛਾਣ ਲਕਸ਼ਮੀ ਵਜੋਂ ਹੋਈ ਹੈ ਜੋ ਕਿ 12ਵੀਂ ਕਲਾਸ ’ਚ ਪੜ੍ਹਦੀ ਹੈ। ਲਕਸ਼ਮੀ ਮੂਲ ਰੂਪ ’ਚ ਗੋਂਡਾ, ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ ਜੋ ਇਸ ਸਮੇਂ ਇੱਥੇ ਗਾਰਡਨ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲਕਸ਼ਮੀ ਆਪਣੀ ਭਰਜਾਈ ਨੂੰ ਮਿਲ ਕੇ ਵਾਪਸ ਆ ਰਹੀ ਸੀ। ਫੁਟੇਜ ਮੁਤਾਬਕ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਲਕਸ਼ਮੀ ਦਾ ਮੋਬਾਈਲ ਫੋਨ ਖੋਹ ਲਿਆ ਜਿਸ ਨੂੰ ਬਚਾਉਣ ਕੋਸ਼ਿਸ਼ ਦੌਰਾਨ ਉਹ ਉਸ ਨੂੰ ਮੋਟਰਸਾਈਕਲ ਨਾਲ 350 ਮੀਟਰ ਦੂਰ ਤੱਕ ਘੜੀਸ ਕੇ ਲੈ ਗਏ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 6 ਦੇ ਐੱਸਐੱਚਓ ਸਾਹਿਲ ਚੌਧਰੀ ਨੇ ਦੱਸਿਆ ਕਿ ਪੁਲੀਸ ਨੇ ਸੀਸੀਟੀਵੀ ਫੁਟੇਜ ਤੋਂ ਸੁਰਾਗ ਹਾਸਲ ਕਰ ਲਿਆ ਹੈ ਅਤੇ ਪੀੜਤਾਂ ਦੇ ਬਿਆਨ ਦਰਜ ਕਰ ਲਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।