For the best experience, open
https://m.punjabitribuneonline.com
on your mobile browser.
Advertisement

ਲੋਪ ਹੋਣ ਲੱਗੀ ਤੂਤ ਦੀਆਂ ਛਟੀਆਂ ਤੋਂ ਟੋਕਰੇ ਬਣਾਉਣ ਦੀ ਕਲਾ

08:38 AM Jan 07, 2024 IST
ਲੋਪ ਹੋਣ ਲੱਗੀ ਤੂਤ ਦੀਆਂ ਛਟੀਆਂ ਤੋਂ ਟੋਕਰੇ ਬਣਾਉਣ ਦੀ ਕਲਾ
ਤੂਤ ਦੀਆਂ ਛਟੀਆਂ ਤੋਂ ਟੋਕਰਾ ਤਿਆਰ ਕਰਦਾ ਹੋਇਆ ਇਕ ਕਾਰੀਗਰ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਵਿਰਸੇ ਦੀਆਂ ਬਾਤਾਂ

ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਜਨਵਰੀ
ਪੁਰਾਤਨ ਸਮੇਂ ਤੋਂ ਹੱਥ ਨਾਲ ਤੂਤ ਦੀਆਂ ਛਟੀਆਂ ਤੋਂ ਬਣਾਏ ਜਾਂਦੇ ਟੋਕਰੇ, ਟੋਕਰੀਆਂ ਤੇ ਛਾਬੇ ਹੁਣ ਵਿਰਸੇ ਦੀਆਂ ਬਾਤਾਂ ਬਣ ਕੇ ਰਹਿ ਗਏ ਹਨ। ਕੁਝ ਪਿੰਡਾਂ ’ਚ ਹਾਲੇ ਵੀ ਛਟੀਆਂ ਤੋਂ ਟੋਕਰੇ ਬਣਾਉਣ ਦਾ ਕੰਮ ਜਾਰੀ ਹੈ ਪਰ ਇਹ ਧੰਦਾ ਵੀ ਦਿਨੋਂ-ਦਿਨ ਲੋਪ ਹੋ ਰਿਹਾ ਹੈ। ਬਦਲੇ ਜ਼ਮਾਨੇ ’ਚ ਕਾਰੀਗਰਾਂ ਦੀ ਔਲਾਦ ਵੱਲੋਂ ਵੀ ਇਸ ਕਿਤੇ ਨੂੰ ਤਿਲਾਂਜਲੀ ਦੇ ਕੇ ਹੋਰ ਧੰਦਿਆਂ ਵੱਲ ਰੁਖ਼ ਕਰ ਲਿਆ ਹੈ। ਆਧੁਨਿਕੀਕਰਨ ਅਤੇ ਪਲਾਸਟਿਕ ਦੇ ਟੋਕਰੇ ਆਦਿ ਬਾਜ਼ਾਰ ਵਿੱਚ ਸਾਮਾਨ ਆਉਣ ਨਾਲ ਲੋਕਾਂ ਦਾ ਤੂਤ ਦੀਆਂ ਛਟੀਆਂ ਦੇ ਟੋਕਰੇ, ਟੋਕਰੀਆਂ ਤੋਂ ਮੋਹ ਭੰਗ ਹੋ ਗਿਆ। ਪੰਜਾਬ ਵਿੱਚ ਕਰੀਬ ਮਹੀਨਾ ਤੇ ਗੁਆਂਢੀ ਸੂਬਿਆਂ ਹਰਿਆਣਾ ਤੇ ਰਾਜਸਥਾਨ ਵਿਚ ਤਕਰੀਬਨ ਚਾਰ ਮਹੀਨੇ ਇਹ ਕੰਮ ਹੁੰਦਾ ਸੀ। ਇਸ ਕਲਾ ਵਿਚ ਬੌਰੀਆ ਸਮਾਜ ਦੇ ਲੋਕ ਨਿਪੁੰਨ ਸਨ। ਵਿਸ਼ਵੀਕਰਨ ਦੀ ਹਨੇਰੀ ਨੇ ਘਰੇਲੂ ਸਾਮਾਨ ਅਤੇ ਪੇਂਡੂ ਦਸਤਕਾਰੀ ਨੂੰ ਆਪਣੀ ਜਕੜ ਨੇ ਦਸਤਕਾਰਾਂ ਨੂੰ ਆਪਣੀ ਕਲਾਂ ਤੋਂ ਪਿਛੇ ਹਟਣ ਲਈ ਮਜਬੂਰ ਕਰ ਦਿੱਤਾ ਹੈ। ਕਿਸੇ ਵੇਲੇ ਤੂਤ ਦੇ ਟੋਕਰਿਆਂ ਤੋਂ ਬਗੈਰ ਖੇਤੀ ਦਾ ਕੰਮ ਅਤੇ ਪਸ਼ੂਆਂ ਦੀ ਸਾਂਭ ਸੰਭਾਲ ਅਸੰਭਵ ਸੀ। ਤੂਤ ਦੇ ਛਾਬੇ ਰਸੋਈ ਦਾ ਸ਼ਿੰਗਾਰ ਸਨ। ਤੂਤ ਦੇ ਹਵਾਦਾਰ ਛਾਬੇ ’ਚ ਰੱਖੀ ਰੋਟੀ ਵਧੇਰੇ ਸਮੇਂ ਤੱਕ ਖ਼ਰਾਬ ਨਹੀਂ ਹੁੰਦੀ ਸੀ। ਹੁਣ ਟੋਕਰੇ ਬਣਾਉਣ ਦੇ ਸ਼ੌਕੀਨ ਉਂਗਲਾਂ ’ਤੇ ਗਿਣੇ ਜਾ ਸਕਦੇ ਹਨ, ਉਸੇ ਤਰ੍ਹਾਂ ਟੋਕਰੇ ਬਣਾਉਣ ਵਾਲੇ ਮਿਸਤਰੀ ਵੀ ਮਸਾਂ ਹੀ ਲੱਭਦੇ ਹਨ। ਵਿਆਹ ਸ਼ਾਦੀਆਂ ਵਿੱਚ ਇਹ ਮਠਿਆਈਆਂ ਪਾਉਣ ਤੋਂ ਇਲਾਵਾ ਪਸ਼ੂਆਂ ਲਈ ਤੂੜੀ-ਪੱਠੇ ਅਤੇ ਰੂੜੀ ਦੀ ਖਾਦ ਪਾਉਣ ਲਈ ਵਰਤੇ ਜਾਂਦੇ ਹਨ ਪਰ ਇਨ੍ਹਾਂ ਦੀ ਥਾਂ ਬਾਜ਼ਾਰ ਵਿੱਚ ਵਿਕਦੀਆਂ ਰੰਗ-ਬਿਰੰਗੀਆਂ ਪਲਾਸਟਿਕ ਦੀਆਂ ਟੋਕਰੀਆਂ ਅਤੇ ਲੋਹੇ ਦੇ ਪੱਤੀਦਾਰ ਟੋਕਰਿਆਂ ਨੇ ਲੈ ਲਈ। ਦਰਅਸਲ ਵਿੱਚ ਤੂਤ ਦਾ ਪੰਜਾਬੀਆਂ ਦੀ ਸਿਹਤ ਅਤੇ ਖੁਸ਼ਹਾਲੀ ’ਚ ਵੀ ਪੂਰਾ ਹੱਥ ਸੀ। ਤੂਤ ਤੇ ਪੱਤੇ ਤੇ ਤੂਤੀਆਂ ਕਈ ਬਿਮਾਰੀਆਂ ਲਈ ਫ਼ਾਈਮੰਦ ਦੱਸੇ ਗਏ ਹਨ। ਤੂਤੀਆਂ ਵਿੱਚ ਵੀ ਬੇਅੰਤ ਪੌਸ਼ਟਿਕ ਤੱਤ ਹੁੰਦੇ ਹਨ। ਲੇਕਿਨ ਹੁਣ ਇਸ ਨੂੰ ਕੋਈ ਖਾਂਦਾ ਨਹੀਂ। ਸਾਬਕਾ ਚੇਅਰਮੈਨ ਕਾਂਗਰਸੀ ਆਗੂ ਸ਼ਿਵਰਾਜ ਸਿੰਘ ਭੋਲਾ ਮਸਤੇਵਾਲਾ ਨੇ ਕਿਹਾ ਕਿ ਇਸ ਵਿਰਾਸਤੀ ਸੁੰਦਰ ਕਲਾ ਨੂੰ ਸਰਪ੍ਰਸਤੀ ਦੀ ਲੋੜ ਹੈ। ਇਸ ਨੂੰ ਕੌਮੀ ਪੱਧਰ ਉੱਤੇ ਲਿਜਾਣ ਨਾਲ ਇਹ ਹਜ਼ਾਰਾਂ ਵਿਅਕਤੀਆਂ ਦੇ ਰੁਜ਼ਗਾਰ ਦਾ ਸਾਧਨ ਬਣ ਸਕਦੀ ਹੈ।

Advertisement

Advertisement
Advertisement
Author Image

Advertisement