For the best experience, open
https://m.punjabitribuneonline.com
on your mobile browser.
Advertisement

ਧੀ ਦੀ ਆਮਦ

06:09 AM Apr 24, 2024 IST
ਧੀ ਦੀ ਆਮਦ
Advertisement

ਨਿਰਮਲ ਜੌੜਾ

Advertisement

ਸਵੇਰੇ ਸਵੇਰੇ ਪੱਗ ਦੀ ਪੂਣੀ ਕਰਵਾਉਂਦਿਆਂ ਪਤਨੀ ਅਕਸਰ ਫਿਕਰ ਕਰਦੀ, “ਬ੍ਰੈਕਫਾਸਟ ਟੈਮ ਨਾਲ ਕਰ ਲਿਓ, ਸਬਜ਼ੀ ਗਰਮ ਕਰ ਕੇ ਖਾਇਓ, ਦਵਾਈ ਜ਼ਰੂਰ ਲੈ ਲਿਓ।’’ ਜਾਣ ਲੱਗਿਆਂ ਪਿੱਛੇ ਧੌਣ ਘੁਮਾ ਕੇ ਥੋੜ੍ਹਾ ਉੱਚੀ ਆਵਾਜ਼ ’ਚ ਹਦਾਇਤਾਂ ਕਰਦੀ, “ਦੁੱਧ ਪਵਾ ਕੇ ਫਰਿੱਜ਼ ’ਚ ਰੱਖ ਦਿਓ, ਖਲਾਰਾ ਘੱਟ ਪਾਇਓ, ਸਵਿੱਚਾਂ ਬੰਦ ਕਰ ਕੇ ਜਾਇਓ, ਸਲੰਡਰ ਚਲਦਾ ਨਾ ਛੱਡ ਜਿਓ ਕਿਤੇ।” ਦੁਪਿਹਰ ਬਾਅਦ ਘਰ ਆ ਕੇ ਰਸੋਈ ਵਿੱਚ ਭਾਂਡਿਆਂ ਦਾ ਖਲਾਰਾ ਦੇਖ ਖਿਝਦੀ, ਬੇਤਰਤੀਬ ਪਏ ਕੱਪੜਿਆਂ ’ਤੇ ਉਹਨੂੰ ਗੁੱਸਾ ਆਉਂਦਾ। ਜਦੋਂ ਮੈਂ ਘਰੇ ਆਉਨਾ, ਉਹ ਲਾਲ ਪੀਲੀ ਹੋਈ ਫਿਲਮੀ ਸੱਸਾਂ ਵਾਂਗ ਕਚੀਚੀਆਂ ਲੈਂਦੀ, “ਇਹ ਕੋਈ ਹੋਸਟਲ ਆ? ਜਿਥੇ ਜੀਅ ਕਰਦਾ ਚੀਜ਼ਾਂ ਸੁੱਟ ਦਿੰਨੇ ਆਂ, ਭਾਂਡੇ ਖਲਾਰ ਦਿੰਨੇ ਆਂ। ਕੋਈ ਸਲੀਕਾ ਚਾਹੀਦਾ। ਦੋਵਾਂ ਪਿਓ-ਪੁੱਤਾਂ ਨੂੰ ਘਰ ਦੇ ਕੰਮਾਂ ਨਾਲ ਕੋਈ ਲੈਣ ਦੇਣ ਨੀ। ਜਿਥੇ ਜੀਅ ਕੀਤਾ ਤੌਲੀਆ ਸਿੱਟ’ਤਾ, ਜਿਥੇ ਜੀਅ ਕੀਤਾ ਪੈਂਟ ਸੁੱਟ’ਤੀ। ਘੱਟੋ-ਘੱਟ ਕਿਤਾਬਾਂ ਤੇ ਰਸਾਲੇ ਤਾਂ ਟਿਕਾਣੇ ਸਿਰ ਰੱਖ ਦਿਆ ਕਰੋ। ਉਤੋਂ ਟਰਾਫੀਆਂ ਲਿਆ ਕੇ ਡਾਈਨਿੰਗ ਟੇਬਲ ’ਤੇ ਸਜਾ ਦਿੰਨੇ ਆਂ। ਮੇਰਾ ਕੰਮ ਘਟਾਉਣਾ ਤਾਂ ਕੀ, ਵਧਾ ਕੇ ਰੱਖ ਦਿੰਨੇ ਆਂ।” ਫਿਰ ਆਪੇ ਸਭ ਕੁਝ ਠੀਕ ਕਰਦੀ ਪੁੱਤਰ ਬਿਨੇ ’ਤੇ ਵੀ ਗੁੱਸਾ ਕੱਢਦੀ, “ਇੱਕ ਥੋਡਾ ਲਾਡਲਾ, ਬਾਰਾਂ ਵਜੇ ਤੱਕ ਉਠਦਾ ਨੀ; ਬਈ ਜੁਆਕ ਈ ਹੱਥ ਵਟਾ ਦੇਵੇ।”
ਅਸੀਂ ਦੋਵੇਂ ਮੀਆਂ ਬੀਵੀ ਨੌਕਰੀ ਪੇਸ਼ਾ ਹੋਣ ਕਰ ਕੇ ਇਹ ਰੋਜ਼ ਦਾ ਵਰਤਾਰਾ ਸਾਡੇ ਘਰ ਦਾ।... ਹੁਣ ਬਿਨੇ ਦਾ ਵਿਆਹ ਹੋ ਗਿਆ, ਜਸਕੀਤ ਸਾਡੇ ਘਰ ਦਾ ਚੌਥਾ ਜੀਅ ਬਣ ਗਈ।... ਘਰ ਬਦਲ ਰਿਹਾ!
... ਪਤਨੀ ਨੇ ਪੱਗ ਦੀ ਪੂਣੀ ਕਰਵਾਈ, ਜਾਣ ਲੱਗਿਆਂ ਹਦਾਇਤ ਕੀਤੀ, “ਹੁਣ ਫੋਨ ’ਤੇ ਉੱਚੀ ਉੱਚੀ ਨਾ ਬੋਲੀ ਜਾਇਓ, ਜੁਆਕ ਸੁੱਤੇ ਪਏ ਆ, ਡਿਸਟਰਬ ਹੋਣਗੇ।” ‘ਚੰਗਾ ਬਾਬਾ’ ਕਹਿ ਕੇ ਮੈਂ ਪੱਗ ਬੰਨ੍ਹਣ ਲੱਗ ਪਿਆ। ਪੌੜੀ ਉੱਤਰਦਿਆਂ ਜਸਕੀਤ ਨੇ ‘ਗੁੱਡ ਮੌਰਨਿੰਗ ਪਾਪਾ’ ਕਿਹਾ। ਉਹ ਰਸੋਈ ਵਿੱਚ ਚਾਹ ਬਣਾਉਣ ਲੱਗ ਪਈ, “ਤੁਸੀਂ ਪਾਪਾ ਸਵੇਰ ਵਾਲੀ ਚਾਹ ਨੀ ਪੀਂਦੇ, ਇਹ ਵਧੀਆ ਗੱਲ ਆ, ਹੌਲੀ-ਹੌਲੀ ਮੈਂ ਵੀ ਛੱਡ ਦੇਣੀ। ਮੰਮੀ ਦੀ ਚਾਹ ਵੀ ਬੰਦ ਕਰਵਾ ਦੇਣੀ ਸਵੇਰ ਵਾਲੀ, ਉਨ੍ਹਾਂ ਦੇ ਐਸੇਡਿਟੀ ਬਣਦੀ ਆ।” ਕੱਪ ’ਚ ਚਾਹ ਪਾਉਦਿਆਂ ਕਹਿਣ ਲੱਗੀ, “ਪਾਪਾ ਜਦੋਂ ਬ੍ਰੇਕਫਾਸਟ ਕਰਨਾ ਹੋਇਆ, ਦੱਸ ਦਿਓ।” ਮੈਂ ਪੱਗ ਬੰਨ੍ਹ ਕੇ ਅਖਬਾਰ ਪੜ੍ਹਨ ਲੱਗ ਪਿਆ। ਉਹ ਮੇਰੇ ਕੋਲ ਬੈਠ ਕੇ ਚਾਹ ਪੀਣ ਲੱਗੀ, “ਪਾਪਾ ਆਪਣੇ ਘਰੇ ਜਿੰਨੀਆਂ ਕਿਤਾਬਾਂ ਪਈਆਂ, ਤੁਸੀਂ ਸਾਰੀਆਂ ਪੜ੍ਹੀਆਂ।” ਮੈਂ ਹੱਸ ਕੇ ‘ਹਾਂ’ ਕਿਹਾ ਤਾਂ ਆਖਣ ਲੱਗੀ, “ਕੱਲ੍ਹ ਸਾਰੀਆਂ ਖਿਲਰੀਆਂ ਕਿਤਾਬਾਂ ਠੀਕ ਕਰ ਕੇ ਰੱਖਦਿਆਂ ਮੈਂ ਵੀ ਦੋ-ਤਿੰਨ ਕਿਤਾਬਾਂ ਲੈ ਲਈਆਂ ਪੜ੍ਹਨ ਲਈ।”
ਚਾਹ ਵਾਲਾ ਕੱਪ ਰਸੋਈ ਵਿੱਚ ਰੱਖ ਕੇ ਉਹ ਗੈਸ ਵਾਲੇ ਚੁੱਲ੍ਹੇ ਦੇ ਸੁਰਾਖ ਸਾਫ ਕਰਨ ਲੱਗ ਪਈ। ਕੰਮ ਵਾਲੀ ਫੂਲਵਤੀ ਆਈ ਤਾਂ ਜਸਕੀਤ ਪਾਣੀ ਗਰਮ ਕਰਨ ਵਾਲੀ ਕੇਟਲੀ ਥੱਲਿਓਂ ਖੁਰਚ ਕੇ ਜੰਮੀ ਹੋਈ ਮੈਲ ਉਤਾਰ ਰਹੀ ਸੀ। ਫੂਲਵਤੀ ਆਖਣ ਲੱਗੀ, “ਮੈਂ ਕਰ ਦੇਤੀ ਹੂੰ ਬੇਟੀ।” ਕਹਿੰਦੀ, “ਕੋਈ ਨੀ ਆਂਟੀ, ਤੁਸੀਂ ਬਾਕੀ ਕੰਮ ਕਰ’ਲੋ, ਇਹ ਮੈਂ ਸਾਫ ਕਰ ਦਿੰਨੀ ਆਂ।” ਮੈਨੂੰ ਲੱਗਿਆ, ਸੱਚੀਂ ਇਹ ਬਰੀਕੀ ਵਾਲੇ ਕੰਮ ਅਕਸਰ ਰਹਿ ਜਾਂਦੇ। ਫੂਲਵਤੀ ਪੋਚਾ ਮਾਰਨ ਲੱਗੀ ਤੇ ਜਸਕੀਤ ਨੇ ਡਾਈਨਿੰਗ ਟੇਬਲ ਉੱਤੇ ਪਈਆਂ ਟਰਾਫੀਆਂ ਸਾਫ ਕਰ ਕੇ ਸ਼ੀਸੇ ਵਾਲੇ ਰੈਕ ਵਿੱਚ ਰੱਖ ਦਿੱਤੀਆਂ। ਦੁੱਧ ਵਾਲੇ ਨੇ ਘੰਟੀ ਵਜਾਈ, ਮੈਂ ਉੱਠਣ ਲੱਗਾ ਤਾਂ ਉਦੋਂ ਤੱਕ ਪਤੀਲੇ ਵਿੱਚ ਦੁੱਧ ਪਵਾ ਕੇ ਉਹਨੇ ਉਬਾਲਣਾ ਰੱਖ ਦਿੱਤਾ ਤੇ ਰਸੋਈ ਵਿਚੋਂ ਹੀ ਪੁੱਛਣ ਲੱਗੀ, “ਲਿਆ ਦਿਆਂ ਬ੍ਰੇਕਫਾਸਟ ਪਾਪਾ?” ਮੇਰੇ ਬੋਲਣ ਤੋਂ ਪਹਿਲਾਂ ਆਪੇ ਆਖਣ ਲੱਗੀ, “ਲਿਆ ਈ ਦਿੰਨੀ ਆਂ, ਕਾਫੀ ਟੈਮ ਹੋ ਗਿਆ, ਫੇਰ ਦਵਾਈ ਵੀ ਲੈਣੀ ਆਂ ਤੁਸੀਂ।” ਪਲੇਟ ਵਿੱਚ ਸਬਜ਼ੀ ਤੇ ਰੋਟੀ ਫੜਾ ਕੇ ਕਹਿਣ ਲੱਗੀ, “ਲੱਸੀ ਜ਼ਰੂਰ ਪੀਆ ਕਰੋ ਸਵੇਰੇ, ਸ਼ੀਨਮ ਮਾਮੀ ਦੱਸਦੇ ਸੀ, ਬ੍ਰੇਕਫਾਸਟ ਵਿੱਚ ਲੱਸੀ ਜਾਂ ਲੌਕੀ ਦਾ ਜੂਸ ਬਹੁਤ ਚੰਗਾ ਹੁੰਦਾ।” ਨਾਲ ਦੀ ਰਸੋਈ ਵਿੱਚ ਜਾ ਕੇ ਲੱਸੀ ਬਣਾਉਣ ਲੱਗ ਪਈ। ਮੈਂ ਸੋਚ ਰਿਹਾ ਸੀ, ਕੁੜੀਆਂ ਆਪਣੇ ਆਪ ’ਚ ਸਲੀਕਾ ਹੁੰਦੀਆਂ!
ਲੱਸੀ ਦਾ ਗਲਾਸ ਮੇਰੇ ਕੋਲ ਰੱਖ ਆਖਣ ਲੱਗੀ, “ਪਾਪਾ ਐਤਕੀਂ ਆਪਾਂ ਗਰਮੀਆਂ ਤੋਂ ਪਹਿਲਾਂ ਖੂਨ ਪਤਲਾ ਰੱਖਣ ਵਾਲੀ ਦੇਸੀ ਦਵਾਈ ਬਣਾਵਾਂਗੇ। ਨਾਨੀ ਬਣਾਉਂਦੀ ਹੁੰਦੀ ਸੀ। ਮੈਨੂੰ ਪਤਾ ਕਿਵੇਂ ਬਣਾਉਣੀ। ਇਹਦੇ ਨਾਲ ਬਲੱਡ ਪ੍ਰੈਸ਼ਰ ਤੇ ਸ਼ੂਗਰ ਵੀ ਕੰਟਰੋਲ ਰਹਿੰਦਾ।” ਮੇਰੇ ਕੋਲੋਂ ਪਲੇਟ ਤੇ ਗਲਾਸ ਚੱਕਦਿਆਂ ਉਹਨੇ ਗੱਲ ਜਾਰੀ ਰੱਖੀ, “ਬੱਸ ਤੁਸੀਂ ਮੈਨੂੰ ਦਵਾਈ ਲਈ ਪਿੱਪਲ ਦੇ ਪੱਤੇ ਲਿਆ ਦਿਓ।” ਮੈਂ ਕਿਹਾ, “ਕੋਈ ਨੀ ਪਿੱਪਲ ਦੇ ਪੱਤੇ ਤਾਂ ਮਿਲ ਈ ਜਾਣਗੇ, ਨਹੀਂ ਤਾਂ ਬਿਲਾਸਪੁਰੋਂ ਲੈ ਆਵਾਂਗੇ।” ਉਹ ਇੱਕਦਮ ਬੋਲੀ, “ਠੀਕ ਆ ਪਾਪਾ ਮੈਂ ਵੀ ਚੱਲੂੰ ਬਿਲਾਸਪੁਰ, ਉਹ ਘਰ ਮੈਨੂੰ ਸਾਡੇ ਦੋਰਾਹੇ ਵਾਲੇ ਘਰ ਵਰਗਾ ਲਗਦਾ।” ਮੈਂ ਹੱਸ ਕੇ ਕਿਹਾ, “ਠੀਕ ਆ।”
ਯੂਨੀਵਰਸਿਟੀ ’ਚ ਅਜੇ ਟਾਈਮ ਸੀ, ਮੈਂ ਲੈਪਟੌਪ ਖੋਲ੍ਹ ਕੇ ਬੈਠ ਗਿਆ। “ਲਓ ਪਾਪਾ ਦਵਾਈ ਲੈਲੋ।” ਪਾਣੀ ਦਾ ਗਲਾਸ ਫੜਾਉਂਦਿਆਂ ਉਸ ਮੈਨੂੰ ਹਦਾਇਤ ਕਰਨ ਵਾਂਗ ਆਖਿਆ, “ਤੁਸੀਂ ਫਰਾਈਡ ਘੱਟ ਖਾਇਆ ਕਰੋ, ਓਇਲੀ ਚੀਜ਼ਾਂ ਬਹੁਤ ਖਰਾਬ ਕਰਦੀਆਂ।” ਮੈਂ ਦਵਾਈ ਲੈਂਦਿਆਂ ਸਹਿਮਤੀ ਵਿੱਚ ਸਿਰ ਹਿਲਾਇਆ। ਮੇਰੇ ਕੋਲੋਂ ਗਲਾਸ ਫੜਦਿਆਂ ਕਹਿਣ ਲੱਗੀ, “ਵੈਸੇ ਨਾ ਤੁਸੀਂ ਰੋਟੀ ਖਾਣ ਦੁਪਿਹਰੇ ਘਰੇ ਆਜਿਆ ਕਰੋ ਪਾਪਾ, ਮੈਂ ਤਾਜ਼ੀ ਬਣਾ ਦਿਆਂ ਕਰੂੰ।”
ਤੁਰਨ ਲੱਗਾ ਤਾਂ ਉਹਨੇ ਪੁੱਛਿਆ, “ਪਾਪਾ, ਉਥੇ ਰੋਟੀ ਗਰਮ ਕਰਨ ਵਾਸਤੇ ਹੈਗਾ ਕੋਈ ਸਿਸਟਮ, ਠੰਢੀ ਰੋਟੀ ਨਾ ਖਾਇਆ ਕਰੋ।” ਉਹਦੇ ਫਿਕਰ ਨੂੰ ਸਮਝਦਿਆਂ ਮੈਂ ਦੱਸ ਦਿੱਤਾ ਕਿ ਰੋਟੀ ਗਰਮ ਕਰ ਕੇ ਹੀ ਖਾਨੇ ਆਂ।
ਸ਼ਾਮ ਨੂੰ ਘਰ ਆਇਆ, ਘਰਵਾਲੀ ਜਸਕੀਤ ਨਾਲ ਖਿੜ-ਖਿੜਾ ਕੇ ਹੱਸ ਰਹੀ ਸੀ। ਜਸਕੀਤ ਦੇ ਹੱਥਾਂ ਵਿੱਚ ਦੋ-ਤਿੰਨ ਅਣਸੀਤੇ ਸੂਟ ਸਨ, “ਦੇਖੋ ਪਾਪਾ, ਮੰਮੀ ਦੇ ਪਿਆਜ਼ੀ ਰੰਗ ਦਾ ਸੂਟ ਕਿੰਨਾ ਵਧੀਆ ਲੱਗੂਗਾ। ਨਾਲੇ ਆਹ ਲੈਮਨ ਸ਼ੇਡ ਵੀ ਜਚਦਾ ਇਨ੍ਹਾਂ ਦੇ। ਪਤਾ ਨੀ ਕਦੋਂ ਦੇ ਰੱਖੀ ਬੈਠੇ ਆ, ਸੰਵਾਏ ਨੀ ਅੱਜ ਤੱਕ, ਅੱਜ ਨਾਲ ਜਾ ਕੇ ਦੋਵੇਂ ਸੂਟ ਬੁਟੀਕ ’ਤੇ ਦੁਆ ਦੇਣੇ ਆਂ।” ਫਿਰ ਰਸੋਈ ਵੱਲ ਜਾਂਦੀ ਜਾਂਦੀ ਬੋਲ ਰਹੀ ਸੀ, “ਨਾਲੇ ਆਪਾਂ ਆਥਣੇ ਸੈਰ ਕਰਨ ਜਾਇਆ ਕਰਨਾ। ਨਾਨੀ ਕਹਿੰਦੀ ਹੁੰਦੀ ਸੀ, ਰੋਟੀ ਖਾਣ ਪਿੱਛੋਂ ਸੈਰ ਜ਼ਰੂਰ ਕਰਨੀ ਚਾਹੀਦੀ।” ਰਸੋਈ ਵਿਚੋਂ ਚਾਹ ਬਣਾਉਂਦੀ ਜਸਕੀਤ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਿਸੇ ਮੁਹੱਬਤੀ ਗੀਤ ਦੀ ਗੂੰਜ ਵਾਂਗ ਘਰ ਵਿੱਚ ਧੀ ਹੋਣ ਦਾ ਅਹਿਸਾਸ ਕਰਵਾ ਰਹੀਆਂ ਸਨ।
ਸੰਪਰਕ: 98140-78799

Advertisement

Advertisement
Author Image

joginder kumar

View all posts

Advertisement