ਲੁਧਿਆਣਾ ਵਾਸੀਆਂ ਲਈ ਸਿਰਦਰਦੀ ਬਣੀ ਮੁੱਖ ਮੰਤਰੀ ਦੀ ਆਮਦ
ਸਤਵਿੰਦਰ ਬਸਰਾ
ਲੁਧਿਆਣਾ, 3 ਮਾਰਚ
ਮੁੱਖ ਮੰਤਰੀ ਪੰਜਾਬ ਅਤੇ ਮੁੱਖ ਮੰਤਰੀ ਦਿੱਲੀ ਦੀ ਅੱਜ ਲੁਧਿਆਣਾ ਫੇਰੀ ਦੇ ਸਬੰਧ ਵਿੱਚ ਪੁਲੀਸ ਤੇ ਨਿਗਮ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਰਿਹਾ। ਇਸ ਦੌਰਾਨ ਕਈ ਸੜਕਾਂ ਤੋਂ ਆਵਾਜਾਈ ਨੂੰ ਬਦਲਵੇਂ ਰਸਤੇ ’ਤੇ ਭੇਜਣ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਥਾਨਕ ਸਮਰਾਲਾ ਚੌਕ ਵਿੱਚ ਟਰੈਫਿਕ ਪੁਲੀਸ ਮੁਲਾਜ਼ਮਾਂ ਦੇ ਹੁੰਦੇ ਹੋਏ ਵੀ ਲੰਬਾ ਜਾਮ ਲੱਗਾ ਰਿਹਾ। ਆਵਾਜਾਈ ਜ਼ਿਆਦਾ ਹੋਣ ਕਰ ਕੇ ਇੱਕ ਐਂਬੂਲੈਂਸ ਨੂੰ ਵੀ ਰਾਹ ਲਈ ਕਾਫ਼ੀ ਸਮਾਂ ਜੱਦੋ-ਜਹਿਦ ਕਰਨੀ ਪਈ।
ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਅੱਜ ਲੁਧਿਆਣਾ ਵਿੱਚ ਇੱਕ ਸਕੂਲ ਦਾ ਉਦਘਾਟਨ ਕੀਤਾ ਜਾਣਾ ਸੀ ਇਸ ਸਬੰਧੀ ਸ਼ਹਿਰ ਦੀਆਂ ਮੁੱਖ ਸੜਕਾਂ ਤੋਂ ਇਲਾਵਾ ਕਈ ਲਿੰਕ ਸੜਕਾਂ ’ਤੇ ਨਾ ਸਿਰਫ਼ ਵੱਡੇ-ਵੱਡੇ ਬੋਰਡ ਲਾਏ ਹੋਏ ਸਨ ਸਗੋਂ ਸਮਾਗਮ ਵਾਲੀ ਥਾਂ ਨੂੰ ਜਾਂਦੇ ਰਾਹ ਤੋਂ ਕਈ-ਕਈ ਕਿਲੋਮੀਟਰ ਦੂਰ ਤੱਕ ਵੀ ਟਰੈਫਿਕ ਮੁਲਾਜ਼ਮ ਰਾਹਗੀਰਾਂ ਨੂੰ ਬਦਲਵੇਂ ਰਾਹਾਂ ਤੋਂ ਭੇਜਣ ਲਈ ਤਾਇਨਾਤ ਕੀਤੇ ਹੋਏ ਸਨ। ਇੱਥੋਂ ਦੇ ਵਿਸ਼ਵਕਰਮਾ ਚੌਕ ਤੋਂ ਢੋਲੇਵਾਲ ਪੁਲ ਵਾਲਾ ਪਾਸਾ ਬੰਦ ਕੀਤਾ ਹੋਇਆ ਸੀ। ਜਿਹੜੇ ਰਾਹਗੀਰਾਂ ਨੇ ਢੋਲੇਵਾਲ ਤੋਂ ਚੀਮਾ ਚੌਕ, ਸਮਰਾਲਾ ਚੌਕ ਜਾਂ ਜਲੰਧਰ ਬਾਈਪਾਸ ਜਾਣਾ ਸੀ, ਉਨ੍ਹਾਂ ਨੂੰ ਮਿਲਟਰੀ ਕੈਂਪ ਤੋਂ ਅੱਗੇ ਦੁਗਰੀ ਤੋਂ ਵਾਪਸ ਫਲਾਈਓਵਰ ਰਾਹੀਂ ਕਰੀਬ 10 ਤੋਂ 15 ਕਿਲੋਮੀਟਰ ਦਾ ਸਫ਼ਰ ਕਰਨਾ ਪੈ ਰਿਹਾ ਸੀ। ਇਸੇ ਤਰ੍ਹਾਂ ਚੰਡੀਗੜ੍ਹ ਰੋਡ ਤੋਂ ਸੈਕਟਰ-32 ਨੂੰ ਜਾਂਦੇ ਰਾਹ ਵੀ ਬੰਦ ਕੀਤੇ ਹੋਏ ਸਨ। ਇਸ ਕਾਰਨ ਚੰਡੀਗੜ੍ਹ ਰੋਡ ਤੋਂ ਸਮਰਾਲਾ ਚੌਕ ਅਤੇ ਟ੍ਰਾਂਸਪੋਰਟ ਨਗਰ ਤੋਂ ਸਮਰਾਲਾ ਚੌਕ ਤੱਕ ਜਾਮ ਲੱਗ ਗਿਆ। ਇਸ ਵਿੱਚ ਇੱਕ ਐਂਬੂਲੈਂਸ ਵੀ ਫਸੀ ਹੋਈ ਸੀ ਜਿਸ ਨੂੰ ਰਾਹ ਮਿਲਣ ਵਿੱਚ ਵੀ 15 ਤੋਂ 20 ਮਿੰਟ ਦਾ ਸਮਾਂ ਲੱਗ ਗਿਆ। ਇਸ ਆਵਾਜਾਈ ਨੂੰ ਕਢਾਉਣ ਲਈ ਭਾਵੇਂ ਸਮਰਾਲਾ ਚੌਕ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਸਨ ਪਰ ਆਵਾਜਾਈ ਜ਼ਿਆਦਾ ਹੋਣ ਕਰ ਕੇ ਉਨ੍ਹਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਦੱਸਣਯੋਗ ਹੈ ਕਿ ਸਮਰਾਲਾ ਚੌਕ ਵਿੱਚ ਪੰਜ ਪਾਸਿਓਂ ਸੜਕਾਂ ਆ ਕੇ ਮਿਲਦੀਆਂ ਹਨ ਜਿਸ ਕਰ ਕੇ ਇਸ ਆਵਾਜਾਈ ਨੂੰ ਕੰਟਰੋਲ ਕਰਨਾ ਵੱਡੀ ਚੁਣੌਤੀ ਬਣੀ ਹੋਈ ਹੈ।
ਜਗਰਾਉਂ ’ਚ ਜਾਮ ਕੀਤੀ ਆਵਾਜਾਈ ਲੋਕਾਂ ਨੇ ਖੁੱਲ੍ਹਵਾਈ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਲੁਧਿਆਣੇ ’ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਫ਼ਿਰੋਜ਼ਪੁਰ ਰੋਡ ’ਤੇ ਸਥਿਤ ਇੱਕ ਪ੍ਰਾਈਵੇਟ ਹੋਟਲ ਵਿੱਚ ਵਪਾਰੀਆਂ ਨਾਲ ਮੀਟਿੰਗ ਅਤੇ ਸਕੂਲ ਆਫ ਐਮੀਨੈਂਸ ਦੇ ਉਦਘਾਟਨ ਦੇ ਮੱਦੇਨਜ਼ਰ ਪੁਲੀਸ ਵੱਲੋਂ ਜਗਰਾਉਂ ਰੋਡ ਨੂੰ ਸਵੇਰੇ 10.30 ਵਜੇ ਥਰੀਕੇ ਪਿੰਡ ਵਾਲੇ ਰਸਤੇ ਕੋਲੋਂ ਬੰਦ ਕਰ ਦਿੱਤਾ ਗਿਆ। ਪੁਲ ’ਤੇ ਚੜ੍ਹਨ ਅਤੇ ਸਰਵਿਸ ਰੋਡ ’ਤੇ ਜਾਣ ਵਾਲੇ ਲੋਕ ਕਰੀਬ ਦੋ ਘੰਟੇ ਤਾਂ ਰੁਕੇ ਰਹੇ ਪਰ ਜਦੋਂ ਜਾਮ ਵਧ ਗਿਆ ਅਤੇ ਵਾਹਨਾਂ ਦੀ ਕਤਾਰ ਬੱਦੋਵਾਲ ਤੱਕ ਲੱਗ ਗਈ ਤਾਂ ਇਸ ਤੋਂ ਅੱਕੇ ਹੋਏ ਲੋਕ ਭੜਕ ਉੱਠੇ। ਉਨ੍ਹਾਂ ਤਾਇਨਾਤ ਪੁਲੀਸ ਅਧਿਕਾਰੀਆਂ ਰਸਤਾ ਰੋਕੀ ਖੜ੍ਹੇ ਅਧਿਕਾਰੀਆਂ ਨੂੰ ਆਪਣੀਆਂ-ਆਪਣੀਆਂ ਮਜਬੂਰੀਆਂ ਬਾਰੇ ਦੱਸਿਆ ਪਰ ਅਧਿਕਾਰੀਆਂ ਨੇ ਸੁਰੱਖਿਆ ਕਾਰਨ ਰਸਤਾ ਖੋਲ੍ਹਣ ਤੋਂ ਮਨਾ ਕਰ ਦਿੱਤਾ। ਫਿਰ ਅੱਕੇ ਲੋਕ ਧੱਕੇ ਨਾਲ ਕਾਰਾਂ ਤੇ ਮੋਟਰਸਾਈਕਲ ਲੈ ਕੇ ਅੱਗੇ ਵਧੇ ਅਤੇ ਆਪਣੀਆਂ ਮੰਜ਼ਿਲਾਂ ਵੱਲ ਰਵਾਨਾ ਹੋ ਗਏ। ਇੱਥੇ ਖੜ੍ਹੇ ਲੋਕਾਂ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਪਿਛਲੀਆਂ ਸਰਕਾਰਾਂ ਵਾਂਗ ਪੁਰਾਣਾ ਵੀਆਈਪੀ ਕਲਚਰ ਦੁਹਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੀ ਰਵਾਇਤੀ ਪਾਰਟੀਆਂ ਦੇ ਰਾਹ ’ਤੇ ਤੁਰ ਪਈ ਹੈ।