ਤਦਬੀਰਾਂ ਸਾਥੋਂ ਨਾ ਹੋਈਆਂ
ਬੀਤੇ ਦੀਆਂ ਯਾਦਾਂ ਦੀ ਮਿੱਟੀ ਨੂੰ ਫਰੋਲਣਾ, ਖ਼ਾਸ ਕਰ ਕੇ ਉਹ ਯਾਦਾਂ ਜਿਹੜੀਆਂ 1947 ਦੀ ਪੰਜਾਬ ਵੰਡ ਜਿਹੇ ਦੁਖਾਂਤ ਨਾਲ ਜੁੜੀਆਂ ਹੋਣ, ਬਹੁਤ ਮੁਸ਼ਕਿਲ ਹੈ। ਦੇਸ਼ ਨੂੰ ਆਜ਼ਾਦੀ ਮਿਲੀ ਅਤੇ ਪੰਜਾਬ ਵੰਡਿਆ ਗਿਆ। ਉਸ ਵੰਡ ਸਮੇਂ ਕਿਸੇ ਨੇ ਪੰਜਾਬੀਆਂ ਨੂੰ ਨਹੀਂ ਪੁੱਛਿਆ ਕਿ ਉਹ ਵੰਡ ਨੂੰ ਕਬੂਲ ਕਰਦੇ ਹਨ ਕਿ ਨਹੀਂ। ਲੱਖਾਂ ਲੋਕ ਮਾਰੇ ਗਏ, ਕਰੋੜਾਂ ਬੇਘਰ ਹੋਏ, ਹਜ਼ਾਰਾਂ ਔਰਤਾਂ ਨਾਲ ਜਬਰ-ਜਨਾਹ ਹੋਇਆ। ਇਨ੍ਹਾਂ ਦੁੱਖਾਂ ਦੀ ਬੁਨਿਆਦ ’ਤੇ ਆਧੁਨਿਕ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੀ ਉਸਾਰੀ ਹੋਈ। ਪੰਜਾਬੀਆਂ ਨੇ ਆਪਣੀ ਮਿਹਨਤ-ਮੁਸ਼ੱਕਤ ਨਾਲ ਨਵੇਂ ਸੰਸਾਰ ਬਣਾਏ ਪਰ ਉਨ੍ਹਾਂ ਨੂੰ ਵੰਡ ਕਦੀ ਨਹੀਂ ਭੁੱਲੀ। ਚੜ੍ਹਦੇ ਪੰਜਾਬ ਵਿਚ ਬਾਬਾ ਫ਼ਰੀਦ, ਬੁੱਲ੍ਹੇ ਸ਼ਾਹ ਤੇ ਵਾਰਿਸ ਸ਼ਾਹ ਦੀ ਗੂੰਜ ਸੁਣਾਈ ਦਿੰਦੀ ਰਹੀ ਅਤੇ ਲਹਿੰਦੇ ਪੰਜਾਬ ਵਿਚ ਬਾਬਾ ਨਾਨਕ ਦੀ ਬਾਣੀ ਦੇ ਬੋਲ ਬੁਲੰਦ ਹੁੰਦੇ ਰਹੇ। 1996 ਵਿਚ ਚੜ੍ਹਦੇ ਪੰਜਾਬ ਦੇ ਕੁਝ ਨੌਜਵਾਨਾਂ ਨੇ ਸੋਚਿਆ ਕਿ ਇਸ ਵੰਡ ਵਿਚ ਖ਼ੁਆਰ ਹੋਏ ਅਤੇ ਮਾਰੇ ਗਏ ਲੋਕਾਂ ਨੂੰ ਯਾਦ ਕਰਨਾ ਚਾਹੀਦਾ ਹੈ। ਉਸ ਸਮੇਂ ਆਜ਼ਾਦੀ ਦੀ 50ਵੀਂ ਵਰ੍ਹੇਗੰਢ ਮਨਾਈ ਜਾ ਰਹੀ ਸੀ। ਇਕ ਪ੍ਰਾਜੈਕਟ ਬਣਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਜਿਸ ਨੂੰ ਮਨਜ਼ੂਰ ਕੀਤੇ ਜਾਣ ਬਾਅਦ ਵਾਹਗੇ ਦੀ ਸਰਹੱਦ ਕੋਲ ਭਾਰਤ-ਪਾਕਿ ਯਾਦਗਾਰੀ ਸਮਾਰਕ ਦੀ ਉਸਾਰੀ ਕੀਤੀ ਗਈ। ਇਸ ਸਮਾਰਕ ਦੇ ਇਕ ਪਾਸੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਅਤੇ ਦੂਸਰੇ ਪਾਸੇ ਫ਼ੈਜ਼ ਅਹਿਮਦ ਫ਼ੈਜ਼ ਦੀ ਇਕ ਨਜ਼ਮ ਉੱਕਰੀ ਗਈ। ਇਹ ਕਵਿਤਾਵਾਂ ਵੰਡੇ ਗਏ ਪੰਜਾਬ ਦੀ ਮਧੋਲੀ ਹੋਈ ਰੂਹ ਦੀ ਹੂਕ ਹਨ।
ਇਸ ਵਰ੍ਹੇ ਆਜ਼ਾਦੀ ਦਿਵਸ ਤੋਂ ਕੁਝ ਦਿਨ ਪਹਿਲਾਂ ਇਹ ਸਮਾਰਕ ਢਾਹ ਦਿੱਤਾ ਗਿਆ। ਹੁਣ ਭਾਰਤੀ ਰਾਸ਼ਟਰੀ ਸ਼ਾਹਰਾਹ ਅਥਾਰਿਟੀ (ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ-ਐੱਨਐੱਚਏਆਈ) ਆਪਣੀ ਗ਼ਲਤੀ ਮੰਨ ਰਹੀ ਹੈ ਪਰ ਅਸਲੀ ਸਵਾਲ ਸੰਵੇਦਨਸ਼ੀਲਤਾ ਅਤੇ ਸਮਾਰਕ ਦੀ ਇਤਿਹਾਸਕਤਾ ਦਾ ਹੈ। ਇਤਿਹਾਸਕ ਸਮਾਰਕ ਅਜਿਹੇ ਨਹੀਂ ਹੁੰਦੇ ਕਿ ਉਨ੍ਹਾਂ ਨੂੰ ਜਦੋਂ ਮਰਜ਼ੀ ਢਾਹ ਦਿੱਤਾ ਜਾਵੇ ਅਤੇ ਜਦੋਂ ਮਰਜ਼ੀ ਉਸਾਰ ਲਿਆ ਜਾਵੇ ਤੇ ਜਿਵੇਂ ਐੱਨਐੱਚਏਆਈ ਕਹਿ ਰਹੀ ਹੈ, ਉਸ ਵਿਚ ਕੁਝ ਹੋਰ ਤਬਦੀਲੀਆਂ ਕਰ ਦਿੱਤੀਆਂ ਜਾਣ। ਸਵਾਲ ਸਮਾਰਕ ਨੂੰ ਮੁੜ ਉਸਾਰਨ ਦਾ ਨਹੀਂ, ਸਵਾਲ ਇਹ ਹੈ ਕਿ ਉਸ ਨੂੰ ਤੋੜਿਆ ਕਿਉਂ ਗਿਆ। ਦੇਸ਼ਾਂ, ਕੌਮਾਂ, ਭਾਈਚਾਰਿਆਂ ਦੇ ਇਤਿਹਾਸ ਬਾਰੇ ਸੰਵੇਦਨਸ਼ੀਲਤਾ ਇਹ ਮੰਗ ਕਰਦੀ ਹੈ ਕਿ ਸਮਾਰਕਾਂ ਨੂੰ ਆਪਣੇ ਮੌਲਿਕ ਰੂਪ ਵਿਚ ਕਾਇਮ ਰੱਖਿਆ ਜਾਵੇ। 2020 ਵਿਚ ਨਵਾਂ ਬਣਾਇਆ ਜਾਣ ਵਾਲਾ ਸਮਾਰਕ 1996 ਵਿਚ ਬਣਾਏ ਗਏ ਸਮਾਰਕ ਦੀ ਰੂਹ ਨੂੰ ਰੂਪਮਾਨ ਨਹੀਂ ਕਰ ਸਕਦਾ। ਇਹ ਸਰਕਾਰੀ ਸਮਾਰਕ ਹੋਵੇਗਾ ਜਦੋਂਕਿ 1996 ਦਾ ਸਮਾਰਕ ਪੰਜਾਬ ਦੇ ਨੌਜਵਾਨਾਂ ਦੇ ਮਨਾਂ ਵਿਚ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਵਿਚ ਦੋਸਤੀ ਵਧਾਉਣ ਦੇ ਜਜ਼ਬੇ ਦਾ ਪ੍ਰਤੀਕ ਸੀ। ਉਦੋਂ ਨੌਜਵਾਨਾਂ ਨੇ ਰਾਜਾ ਪੋਰਸ ਨੂੰ ਪੁਰਾਤਨ ਪੰਜਾਬ ਦਾ ਪ੍ਰਤੀਕ ਮੰਨਦਿਆਂ ਰਾਜਾ ਪੋਰਸ ਹਿੰਦ-ਪਾਕਿ ਪੰਜਾਬੀ ਮਿੱਤਰਤਾ ਮੇਲੇ ਵੀ ਲਗਾਏ ਸਨ। 14-15 ਅਗਸਤ ਦੀ ਰਾਤ ਨੂੰ ਸਰਹੱਦ ਦੇ ਦੋਵੇਂ ਪਾਸੇ ਮੋਮਬੱਤੀਆਂ ਬਾਲ ਕੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੀ ਆਦਿ-ਜੁਗਾਦੀ ਸਾਂਝ ਅਤੇ ਦੋਹਾਂ ਗੁਆਂਢੀ ਦੇਸ਼ਾਂ ਵਿਚ ਮਿੱਤਰਤਾ ਵਧਾਉਣ ਦੀਆਂ ਭਾਵਨਾਵਾਂ ਨੂੰ ਲੋਕਾਂ ਦੀਆਂ ਸੋਚਾਂ ਦੇ ਕੇਂਦਰ ਵਿਚ ਲਿਆਉਣ ਦਾ ਉਪਰਾਲਾ ਵੀ ਕੀਤਾ ਜਾਂਦਾ ਰਿਹਾ ਹੈ।
ਜਿੱਥੇ ਵਾਹਗੇ ਦੀ ਸਰਹੱਦ ’ਤੇ ਭਾਰਤ ਵੱਲੋਂ ਸੀਮਾ ਸੁਰੱਖਿਆ ਬਲ (ਬਾਰਡਰ ਸਕਿਉਰਿਟੀ ਫੋਰਸ) ਅਤੇ ਪਾਕਿਸਤਾਨ ਵੱਲੋਂ ਬਾਰਡਰ ਰੇਂਜਰਜ਼ ਵੱਲੋਂ ਰਾਸ਼ਟਰਵਾਦ ਦੀਆਂ ਸੁਰਾਂ ਬੁਲੰਦ ਕੀਤੀਆਂ ਜਾਂਦੀਆਂ ਹਨ, ਉੱਥੇ ਇਹ ਸਮਾਰਕ ਦਰਸ਼ਕਾਂ ਨੂੰ ਇਹ ਯਾਦ ਵੀ ਕਰਾਉਂਦਾ ਸੀ ਕਿ ਕੁਝ ਹੋਰ ਤੱਥਾਂ, ਗੱਲਾਂ, ਯਾਦਾਂ ਅਤੇ ਜੋ ਪੰਜਾਬੀਆਂ ਨਾਲ ਹੋਈ, ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਦੇਸ਼ ਦੀ ਆਜ਼ਾਦੀ ਨਾਲ ਪੰਜਾਬ ਅਤੇ ਬੰਗਾਲ ਦੀ ਵੰਡ ਨੇ ਪੰਜਾਬੀਆਂ ਅਤੇ ਬੰਗਾਲੀਆਂ ਨੂੰ ਵੰਡਿਆ ਅਤੇ ਆਪਣੇ ਸਾਂਝੇ ਇਤਿਹਾਸ ਤੇ ਸੱਭਿਆਚਾਰ ਤੋਂ ਵਿਛੁੰਨਿਆਂ ਕਰ ਦਿੱਤਾ। ਸ਼ਾਇਦ ਇਸ ਸਮਾਰਕ ਨੂੰ ਦੇਖ ਕੇ ਕੁਝ ਲੋਕਾਂ ਨੂੰ ਸਾਅਦਤ ਹਸਨ ਮੰਟੋ ਦੀ ਕਹਾਣੀ ‘ਟੋਭਾ ਟੇਕ ਸਿੰਘ’ ਵੀ ਯਾਦ ਆਉਂਦੀ ਹੋਵੇਗੀ ਜਿਸ ਵਿਚ ਦੇਸ਼ ਦੀ ਵੰਡ ਤੋਂ ਬਾਅਦ ਜਦ ਪਾਗਲਖਾਨਿਆਂ ਵਿਚ ਡੱਕੇ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦਾ ਬਟਵਾਰਾ ਹੁੰਦਾ ਹੈ ਤਾਂ ‘ਪਾਗਲ’ ਬਿਸ਼ਨ ਸਿੰਘ ਕਈ ਦਨਿਾਂ ਤੋਂ ਲਾਹੌਰ ਦੇ ਪਾਗਲਖਾਨੇ ਵਿਚ ਇਹ ਪੁੱਛਦਾ ਹੈ ਕਿ ‘ਟੋਭਾ ਟੇਕ ਸਿੰਘ’ ਕਿੱਥੇ ਹੈ। ਜਦ ਉਸ ਨੂੰ ਹਿੰਦੋਸਤਾਨ ਲਿਆਉਣ ਲਈ ਸਰਹੱਦ ’ਤੇ ਲਿਆਂਦਾ ਜਾਂਦਾ ਹੈ ਤਾਂ ਕੋਈ ਦੱਸਦਾ ਹੈ ਕਿ ਟੋਭਾ ਟੇਕ ਸਿੰਘ ਉੱਧਰ ਪਾਕਿਸਤਾਨ ਵਿਚ ਹੈ। ਬਿਸ਼ਨ ਸਿੰਘ ਉਸ ਪਾਸੇ ਵੱਲ ਦੌੜਦਾ ਅਤੇ ਸਰਹੱਦ ਉੱਤੇ ਹੀ ਦਮ ਤੋੜ ਦਿੰਦਾ ਹੈ। ਜਨਮ-ਭੋਇੰ ਤੋਂ ਵਿਛੜਨ ਦਾ ਗ਼ਮ ਕੋਈ ਛੋਟਾ ਗ਼ਮ ਨਹੀਂ ਹੁੰਦਾ। ਲੱਖਾਂ ਪੰਜਾਬੀਆਂ ਨੇ ਇਹ ਗ਼ਮ ਹੰਢਾਇਆ ਹੈ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਇਹ ਸਮਾਰਕ ਕਿਸੇ ਧਾਰਮਿਕ ਜਾਂ ਸਿਆਸੀ ਸ਼ਖ਼ਸੀਅਤ ਨਾਲ ਜੁੜੀ ਹੋਈ ਯਾਦ ਵਿਚ ਹੁੰਦਾ ਤਾਂ ਕੀ ਇਸ ਨਾਲ ਏਦਾਂ ਕੀਤਾ ਜਾਂਦਾ। ਇਸ ਦਾ ਜਵਾਬ ਹੈ ‘ਕਦੇ ਵੀ ਨਹੀਂ’। ਇਸ ਨਾਲ ਏਦਾਂ ਦਾ ਵਰਤਾਓ ਇਸ ਕਰ ਕੇ ਕੀਤਾ ਗਿਆ ਕਿ ਢਾਹੁਣ ਵਾਲਿਆਂ ਨੇ ਇਹ ਸਮਝਿਆ ਕਿ ਇਹ ਯਾਦਗਾਰ ਕੋਈ ਜ਼ਿਆਦਾ ਮਹੱਤਵਪੂਰਨ ਨਹੀਂ ਹੈ। ਹਾਕਮ ਜਮਾਤ ਪੰਜਾਬ ਦੀ ਵੰਡ ਬਾਰੇ ਪੰਜਾਬੀਆਂ ਦੀ ਵੇਦਨਾ ਨਹੀਂ ਸਮਝ ਸਕਦੀ। ਇਹ ਸਵਾਲ ਵੀ ਉੱਠਦੇ ਹਨ ਕਿ ਕੀ ਕੇਂਦਰ ਸਰਕਾਰ ਇਸ ਘਟਨਾ ਦੀ ਪੜਤਾਲ ਕਰਾ ਕੇ ਜਵਾਬ ਦੇਵੇਗੀ ਕਿ ਇਹ ਫ਼ੈਸਲਾ ਕਿਸ ਪੱਧਰ ’ਤੇ ਲਿਆ ਗਿਆ ਅਤੇ ਕੀ ਅਜਿਹਾ ਨਿਰਣਾ ਲੈਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਇਸ ਸਬੰਧ ਵਿਚ ਆਪਣਾ ਪੱਖ ਪੇਸ਼ ਕਰਨਾ ਚਾਹੀਦਾ ਹੈ। ਅੰਮ੍ਰਿਤਸਰ ਵਿਚ ਬਹੁਤ ਦੇਰ ਬਾਅਦ ਵੰਡ ਸਬੰਧੀ ਤਸਵੀਰਾਂ ਅਤੇ ਦਸਤਾਵੇਜ਼ ਇਕੱਠੇ ਕਰਨ ਲਈ ਮਿਉੂਜ਼ੀਅਮ ਬਣਿਆ ਹੈ। ਤਾਰੀਖ਼ ਨੇ 1947 ਵਿਚ ਵੱਡਾ ਕਹਿਰ ਢਾਹਿਆ। ਵੰਡ ਕਾਰਨ ਹੋਏ ਸਮਾਜਿਕ ਅਤੇ ਸੱਭਿਆਚਾਰਕ ਖਸਾਰੇ/ਨੁਕਸਾਨ ਨੂੰ ਪੂਰਾ ਕਰਨ ਲਈ ਪੰਜਾਬੀਆਂ ਨੇ ਬਹੁਤ ਘੱਟ ਕੋਸ਼ਿਸ਼ਾਂ ਕੀਤੀਆਂ ਹਨ, ਜਿਵੇਂ ਸ਼ਿਵ ਕੁਮਾਰ ਨੇ ਲਿਖਿਆ ਹੈ, ‘‘ਤਕਦੀਰ ਤਾਂ ਆਪਣੀ ਸੌਂਕਣ ਸੀ, ਤਦਬੀਰਾਂ ਸਾਥੋਂ ਨਾ ਹੋਈਆਂ।’’ ਜੋ ਥੋੜ੍ਹੀਆਂ-ਬਹੁਤੀਆਂ ਤਦਬੀਰਾਂ ਪੰਜਾਬੀਆਂ ਨੇ ਕੀਤੀਆਂ, ਉਨ੍ਹਾਂ ਵਿਚੋਂ ਇਹ ਸਮਾਰਕ ਵੀ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਵਿਚਲੀ ਸਾਂਝ ਦੀ ਲੋਅ ਨੂੰ ਉੱਚਾ ਕਰਨ ਦਾ ਹੀ ਉਪਰਾਲਾ ਸੀ।
73 ਵਰ੍ਹੇ ਪਹਿਲਾਂ ਪੰਜਾਬੀਆਂ ਨੇ ਆਤਮਘਾਣ ਕੀਤਾ ਸੀ। ਪੰਜਾਬ ਦੀ ਧਰਤੀ ’ਤੇ 1965 ਅਤੇ 1971 ਦੀਆਂ ਜੰਗਾਂ ਵੀ ਹੋਈਆਂ। ਨਵੇਂ ਦੇਸ਼ਾਂ ਦੀ ਦੇਸ਼ ਭਗਤੀ ਵਿਚ ਗੜੁੱਚ ਪੰਜਾਬੀ ਇਕ-ਦੂਸਰੇ ਵਿਰੁੱਧ ਲੜੇ। ਮਨਫ਼ੀ ਹੋਣ ਪਾਸੇ ਤੁਰਦੀਆਂ ਰਹਿਤਲਾਂ ਵਿਚ ਉਹੀ ਹੋਇਆ ਜੋ ਉਨ੍ਹਾਂ ਲੋਕਾਂ, ਜੋ ਪੁਰਾਣੀਆਂ ਸਾਂਝਾ ਵਿਸਾਰ ਕੇ ਸੌੜੇਪਣ ਦੇ ਰਾਹ-ਰਸਤਿਆਂ ’ਤੇ ਤੁਰ ਪੈਂਦੇ ਹਨ, ਨਾਲ ਹੁੰਦਾ ਹੈ।। ਚੜ੍ਹਦਾ ਪੰਜਾਬ 1980ਵਿਆਂ ਅਤੇ 1990ਵਿਆਂ ਵਿਚ ਲਹੂ-ਲੁਹਾਣ ਹੋਇਆ ਤੇ ਲਹਿੰਦੇ ਪੰਜਾਬ ਦੀ ਸੌੜੀ ਸਿਆਸਤ ਨੇ ਉਨ੍ਹਾਂ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ। ਫ਼ੈਜ਼ ਅਹਿਮਦ ਫ਼ੈਜ਼ ਦੇ ਇਹ ਬੋਲ ਸੁਧਾ ਸੱਚ ਦੱਸਦੇ ਹਨ, ‘‘ਕਿਸੇ ਬੀਜਿਆ ਏ ਤੁਸਾਂ ਵੱਢਣਾ ਏਂ/ਕਿਸੇ ਕੀਤੀਆਂ ਨੇ ਤੁਸਾਂ ਵਰਤਣਾ ਏਂ/ਆਪ ਵੇਲੇ ਸਿਰ ਪੁੱਛਣਾ-ਗਿੱਛਣਾ ਸੀ/ਹੁਣ ਕਿਸੇ ਥੀਂ ਕੀ ਹਿਸਾਬ ਮੰਗੋ।’’
ਇਹ ਸਮਾਰਕ ਦੋਹਾਂ ਪੰਜਾਬਾਂ ਵਿਚਲੀ ਸਾਂਝੀਵਾਲਤਾ ਦਾ ਪ੍ਰਤੀਕ ਹੈ। ਇਸ ਦੀ ਰਾਖੀ ਕਰਨੀ ਪੰਜਾਬੀਆਂ ਦਾ ਫ਼ਰਜ਼ ਹੈ। ਕਿਸੇ ਨੂੰ ਇਹ ਹੱਕ ਨਹੀਂ ਬਣਦਾ ਕਿ ਉਹ ਅਜਿਹੇ ਸਮਾਰਕਾਂ ਨਾਲ ਛੇੜਖਾਨੀ ਕਰੇ। ਪੰਜਾਬੀਆਂ ਨੂੰ ਦੋਹਾਂ ਪੰਜਾਬਾਂ ਵਿਚਲੀ ਸਾਂਝ ਵਧਾਉਣ ਲਈ ਹੋਰ ਤਦਬੀਰਾਂ ਕਰਨੀਆਂ ਪੈਣੀਆਂ ਹਨ। ਇਹ ਪੈਂਡਾ ਲੰਮਾ ਹੈ। -ਸਵਰਾਜਬੀਰ