For the best experience, open
https://m.punjabitribuneonline.com
on your mobile browser.
Advertisement

Punjab News: ਫ਼ੌਜ ਨੇ 300 ਯੂਨਿਟ ਮੁਫ਼ਤ ਬਿਜਲੀ ਲਈ ਸਰਕਾਰ ਤੱਕ ਕੀਤੀ ਪਹੁੰਚ

05:33 AM Nov 27, 2024 IST
punjab news  ਫ਼ੌਜ ਨੇ 300 ਯੂਨਿਟ ਮੁਫ਼ਤ ਬਿਜਲੀ ਲਈ ਸਰਕਾਰ ਤੱਕ ਕੀਤੀ ਪਹੁੰਚ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 26 ਨਵੰਬਰ
Punjab News: ਭਾਰਤੀ ਫ਼ੌਜ ਚਾਹੁੰਦੀ ਹੈ ਕਿ ਪੰਜਾਬ ਸਰਕਾਰ ਦੇ ਘਰੇਲੂ ਬਿਜਲੀ ਦੇ ‘ਜ਼ੀਰੋ ਬਿੱਲਾਂ’ ਦਾ ਲਾਹਾ ਫ਼ੌਜੀ ਛਾਉਣੀਆਂ ਤੱਕ ਵੀ ਪਹੁੰਚੇ। ਭਾਰਤੀ ਫ਼ੌਜ ਨੇ ਪੰਜਾਬ ਸਰਕਾਰ ਤੱਕ ਪਹੁੰਚ ਬਣਾ ਕੇ ਇਹ ਤਰਕ ਪੇਸ਼ ਕੀਤਾ ਹੈ ਕਿ ਦਿੱਲੀ ਸਰਕਾਰ ਵੱਲੋਂ ਘਰੇਲੂ ਬਿਜਲੀ ’ਤੇ ਜੋ ਸਬਸਿਡੀ ਦਿੱਤੀ ਜਾ ਰਹੀ ਹੈ, ਉਸ ਦਾ ਫ਼ਾਇਦਾ ਦਿੱਲੀ ਵਿਚਲੇ ਕੈਂਟ ਤੇ ਮਿਲਟਰੀ ਸਟੇਸ਼ਨਾਂ ’ਚ ਰਹਿੰਦੇ ਸਰਵਿਸ ਪਰਸੋਨਲ ਨੂੰ ਵੀ ਮਿਲ ਰਿਹਾ ਹੈ। ਦਿੱਲੀ ਮਾਡਲ ਦੇ ਆਧਾਰ ’ਤੇ ਹੀ ਪੰਜਾਬ ’ਚ ਫੌਜੀ ਜਵਾਨਾਂ ਲਈ ਮੁਫ਼ਤ ਬਿਜਲੀ ਸਹੂਲਤ ਦੇਣ ਦੀ ਗੱਲ ਆਖੀ ਜਾ ਰਹੀ ਹੈ। ਪੰਜਾਬ ਸਰਕਾਰ ਬਿਜਲੀ ਸਬਸਿਡੀ ਦਾ ਵੱਡਾ ਬੋਝ ਪਹਿਲਾਂ ਹੀ ਝੱਲ ਰਹੀ ਹੈ ਅਤੇ ਫੌਜ ਪ੍ਰਸ਼ਾਸਨ ਦੀ ਇਸ ਮੰਗ ਨੇ ਸੂਬਾ ਸਰਕਾਰ ਨੂੰ ਹੋਰ ਚਿੰਤਤ ਕਰ ਦਿੱਤਾ ਹੈ। ਫ਼ੌਜ ਦੀ ਦੱਖਣੀ ਪੱਛਮੀ ਕਮਾਂਡ ਨੇ ਇਹ ਮੰਗ ਉਠਾਈ ਹੈ। ਪਤਾ ਲੱਗਾ ਹੈ ਕਿ ਪੰਜਾਬ ਵਿਚ ਇੱਕ ਲੱਖ ਤੋਂ ਵੱਧ ਫ਼ੌਜੀ ਤਾਇਨਾਤ ਹਨ। 35 ਫ਼ੀਸਦੀ ਜਵਾਨ ਪਰਿਵਾਰਕ ਰਿਹਾਇਸ਼ ਲਈ ਅਧਿਕਾਰਤ ਹਨ ਜਦਕਿ ਫ਼ੌਜੀ ਅਫ਼ਸਰ ਤੇ ਜੂਨੀਅਰ ਕਮਿਸ਼ਨਡ ਅਫ਼ਸਰ (ਜੇਸੀਓ) ਨੂੰ ਸੌ ਫ਼ੀਸਦੀ ਰਿਹਾਇਸ਼ ਅਧਿਕਾਰਤ ਹੈ।
ਪੰਜਾਬ ਸਰਕਾਰ ਵੱਲੋਂ 13 ਨਵੰਬਰ ਤੱਕ ਕੁੱਲ 20,477 ਕਰੋੜ ਦੇ ਸਬਸਿਡੀ ਬਿੱਲ ’ਚੋਂ 11401.26 ਕਰੋੜ ਦਾ ਹੀ ਭੁਗਤਾਨ ਕੀਤਾ ਗਿਆ ਹੈ। ਇਸ ਮਹੀਨੇ ਵਿਚ 200 ਕਰੋੜ ਦੀ ਸਬਸਿਡੀ ਤੋਂ ਇਲਾਵਾ ਪੰਜਾਬ ਸਰਕਾਰ ਨੇ 2387 ਕਰੋੜ ਰੁਪਏ ਗਰਾਂਟ ਇਨ ਏਡ ਵਜੋਂ ਦਿੱਤੇ ਹਨ। ਮੌਜੂਦਾ ਸਮੇਂ ਪੰਜਾਬ ਸਰਕਾਰ ਰੋਜ਼ਾਨਾ ਔਸਤਨ 20.21 ਕਰੋੜ ਰੁਪਏ ਦੀ ਘਰੇਲੂ ਬਿਜਲੀ ਲਈ ਸਬਸਿਡੀ ਦੇ ਰਹੀ ਹੈ। ਸਾਲ 2023-24 ਦੌਰਾਨ ਘਰੇਲੂ ਬਿਜਲੀ ਦੀ ਸਬਸਿਡੀ ਦਾ ਬਿੱਲ 7376.77 ਕਰੋੜ ਸੀ ਜਦਕਿ ਚਾਲੂ ਵਿੱਤੀ ਸਾਲ ਦੌਰਾਨ ਇਹ ਬਿੱਲ 8785 ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ।

Advertisement

ਮੁਫ਼ਤ ਬਿਜਲੀ ਨਹੀਂ ਦਿੱਤੀ ਜਾ ਸਕਦੀ: ਅਧਿਕਾਰੀ

ਪੰਜਾਬ ਸਰਕਾਰ ਦੇ ਅਧਿਕਾਰੀ ਆਪਣੀ ਦਲੀਲ ਦੇ ਰਹੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਛਾਉਣੀਆਂ ਤੇ ਮਿਲਟਰੀ ਸਟੇਸ਼ਨਾਂ ਵਿਚਲੇ ਵਸਨੀਕਾਂ ਨੂੰ ਮੁਫ਼ਤ ਬਿਜਲੀ ਸਬਸਿਡੀ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਨ੍ਹਾਂ ਸਟੇਸ਼ਨਾਂ ਵਿਚ ਪਾਵਰਕੌਮ ਵੱਲੋਂ ਥੋਕ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੂੰ ਚਾਲੂ ਵਿੱਤੀ ਵਰ੍ਹੇ ਦੌਰਾਨ ਘਰੇਲੂ ਬਿਜਲੀ ਦੀ ਸਬਸਿਡੀ ਦਾ ਬਿੱਲ 8785 ਕਰੋੜ ਰੁਪਏ ਹੋਣ ਦੀ ਉਮੀਦ ਹੈ। ਨਵੇਂ ਕੁਨੈਕਸ਼ਨ ਲੱਗਣ ਕਰਕੇ ਇੱਕੋ ਵਰ੍ਹੇ ਵਿਚ ਬਿਜਲੀ ਸਬਸਿਡੀ ਦਾ ਬਿੱਲ ਕਰੀਬ 1550 ਕਰੋੜ ਰੁਪਏ ਵਧ ਗਿਆ ਹੈ। ਪਾਵਰਕੌਮ ਦੀ ਵਿੱਤੀ ਹਾਲਤ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ।

Advertisement

Advertisement
Tags :
Author Image

joginder kumar

View all posts

Advertisement