ਹਥਿਆਰਬੰਦਾਂ ਨੇ ਔਰਤ ਨੂੰ ਗੱਡੀ ਸਣੇ ਅਗਵਾ ਕੀਤਾ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਦਰ ਦੇ ਇਲਾਕੇ ਚੌਕ ਸ਼ਹੀਦਾਂ ਗਿੱਲ ਨੇੜਿਓਂ ਦੋ ਹਥਿਆਰਬੰਦ ਲੜਕੇ ਇੱਕ ਕਾਰ ਵਿੱਚ ਬੈਠੀ ਔਰਤ ਨੂੰ ਕਾਰ ਸਣੇ ਅਗਵਾ ਕਰ ਕੇ ਲੈ ਗਏ ਅਤੇ ਥੋੜੀ ਦੂਰ ਹਜ਼ਾਰਾਂ ਰੁਪਏ ਦੀ ਨਕਦੀ ਲੁੱਟਣ ਤੋਂ ਬਾਅਦ ਔਰਤ ਨੂੰ ਸੁੱਟ ਕੇ ਗੱਡੀ ਸਣੇ ਫਰਾਰ ਹੋ ਗਏ। ਇਸ ਸਬੰਧੀ ਅਨਮੋਲ ਇੰਕਲੇਵ ਲੋਕ ਜੀਰਾ ਗੇਟ ਸਾਂਝਾ (ਫਿਰੋਜ਼ਪੁਰ) ਵਾਸੀ ਮੰਨੀਆਂ ਅਹੂਜਾ ਨੇ ਦੱਸਿਆ ਹੈ ਕਿ ਉਹ ਆਪਣੇ ਲੜਕੇ ਅਭਿਨਵ ਅਹੂਜਾ ਨਾਲ ਆਪਣੀ ਕਾਰ ਆਈ ਟਵੰਟੀ ’ਤੇ ਸੈਲੀਬਰੇਸ਼ਨ ਪਲਾਜ਼ਾ ਦਾਣਾ ਮੰਡੀ ਬੈਂਕ ਸਾਈਡ ਅਰੋੜਾ ਪੈਲੇਸ ਜਾ ਰਹੇ ਸੀ ਤਾਂ ਉਹ ਪਿੰਡ ਗਿੱਲ ਨਹਿਰ ਪੁਲ ’ਤੇ ਪੁੱਜੇ ਤਾਂ ਲੜਕਾ ਕਾਰ ਦੀ ਚਾਬੀ ਵਿੱਚ ਹੀ ਛੱਡ ਕੇ ਸ਼ਗਨ ਵਾਲਾ ਲਿਫ਼ਾਫ਼ਾ ਲੈਣ ਲਈ ਚਲਾ ਗਿਆ। ਇਸ ਦੌਰਾਨ ਦੋ ਨੌਜਵਾਨ ਕਾਰ ਵਿੱਚ ਬੈਠ ਗਏ, ਜਿਨ੍ਹਾਂ ’ਚੋਂ ਇੱਕ ਜਣਾ ਕਾਰ ਚਲਾਉਣ ਲੱਗ ਪਿਆ ਤੇ ਦੂਸਰੇ ਨੇ ਉਸ ਦੇ ਸਿਰ ’ਤੇ ਪਿਸਤੌਲ ਲਗਾ ਕੇ ਉਸਨੂੰ ਧਮਕੀਆਂ ਦਿੰਦੇ ਹੋਏ ਗੱਡੀ ਭਜਾ ਕੇ ਅਮਰਗੜ੍ਹ ਵੱਲ ਲੈ ਗਏ। ਉਨ੍ਹਾਂ ਨੇ ਉਸ ਕੋਲੋਂ 13 ਹਜ਼ਾਰ ਰੁਪਏ ਦੀ ਨਕਦੀ ਅਤੇ ਗਲ ਵਿੱਚ ਪਾਈ ਸੋਨੇ ਦੀ ਚੇਨ ਲਾਹ ਕੇ ਉਸ ਨੂੰ ਗੱਡੀ ’ਚੋਂ ਸੁੱਟ ਕੇ ਫਰਾਰ ਹੋ ਗਏ। ਥਾਣੇਦਾਰ ਸੁਖਵੀਰ ਸਿੰਘ ਨੇ ਦੱਸਿਆ ਹੈ ਕਿ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।