ਤਿੰਨ ਦਹਾਕਿਆਂ ਤੋਂ ਨਹੀਂ ਖੁੱਲ੍ਹਿਆ ਮਨਜ਼ੂਰਸ਼ੁਦਾ ਲਾਂਘਾ
ਦਰਸ਼ਨ ਸਿੰਘ ਸੋਢੀ
ਐੱਸਏਐਸ ਨਗਰ (ਮੁਹਾਲੀ), 29 ਦਸੰਬਰ
ਇੱਥੋਂ ਦੇ ਸੈਕਟਰ-69 ਵਾਸੀ ਪਿਛਲੇ ਤਿੰਨ ਦਹਾਕਿਆਂ ਤੋਂ ਆਪਣੇ ਘਰਾਂ ਨੂੰ ਜਾਣ ਆਉਣ ਵਾਲਾ ਮਨਜ਼ੂਰ-ਸ਼ੁਦਾ ਲਾਂਘਾ ਖੁੱਲ੍ਹਣ ਨੂੰ ਤਰਸ ਰਹੇ ਹਨ। ਹੁਣ ਤੱਕ ਝੂਠੇ ਲਾਰਿਆਂ ਤੋਂ ਬਿਨਾਂ ਕੁੱਝ ਵੀ ਪੱਲੇ ਨਹੀਂ ਪਿਆ। ਕਰੀਬ 30 ਸਾਲ ਪਹਿਲਾਂ ਸੈਕਟਰ-69 ਵਸਾਇਆ ਗਿਆ ਸੀ ਪਰ ਵੀਆਈਪੀ ਸਿਟੀ ਦੇ ਇਸ ਸੈਕਟਰ ਵਾਸੀ ਬੁਨਿਆਦੀ ਸਹੂਲਤਾਂ ਨੂੰ ਤਰਸ ਗਏ ਹਨ।
ਇਲਾਕੇ ਦੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਸਥਾਨਕ ਲੋਕ ਲੰਮੇ ਅਰਸੇ ਤੋਂ ਮਨਜ਼ੂਰਸ਼ੁਦਾ ਲਾਂਘਾ ਖੁੱਲ੍ਹਣ ਨੂੰ ਉਡੀਕ ਰਹੇ ਹਨ। ਇਸ ਸਬੰਧੀ ਸਮੇਂ ਸਮੇਂ ’ਤੇ ਸਰਕਾਰਾਂ, ਲੋਕਲ ਪ੍ਰਸ਼ਾਸਨ ਅਤੇ ਗਮਾਡਾ ਨਾਲ ਵਾਰ-ਵਾਰ ਸੰਪਰਕ ਕਰਕੇ ਰਸਤਾ ਖੋਲ੍ਹਣ ਦੀ ਅਪੀਲ ਕੀਤੀ ਜਾਂਦੀ ਰਹੀ ਹੈ, ਪ੍ਰੰਤੂ ਇਸ ਮੰਗ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੈਕਟਰ ਵਸਾਉਣ ਤੋਂ ਬਾਅਦ ਵਣ ਭਵਨ ਅਤੇ ਵਿਜੀਲੈਂਸ ਦਫ਼ਤਰ ਵਾਲੇ ਪਾਸਿਓਂ ਰਸਤਾ ਮਨਜ਼ੂਰ ਕੀਤਾ ਗਿਆ ਸੀ ਪਰ ਹੁਣ ਤੱਕ ਇਹ ਮਨਜ਼ੂਰ-ਸ਼ੁਦਾ ਰਸਤਾ ਖੋਲ੍ਹਿਆ ਨਹੀਂ ਗਿਆ। ਜਿਸ ਕਾਰਨ ਲੋਕਾਂ ਨੂੰ ਆਪਣੇ ਘਰ ਆਉਣਾ-ਜਾਣ ਲਈ ਲੰਮਾ ਪੈਂਡਾ ਤੈਅ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਹਿਜ਼ ਆਰਜ਼ੀ ਰਸਤਾ ਦਿੱਤਾ ਗਿਆ ਹੈ, ਜੋ ਸਹੀ ਨਹੀਂ ਹੈ। ਇਸ ਰਸਤੇ ਦਾਖ਼ਲ ਹੋਣ ਸਮੇਂ ਅਕਸਰ ਹਾਦਸੇ ਵਾਪਰਦੇ ਹਨ। ਹੁਣ ਤੱਕ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਸਤਵੀਰ ਧਨੋਆ ਨੇ ਕਿਹਾ ਕਿ ਸੈਕਟਰ ਵਿੱਚ ਪੰਜ ਸਾਈਟਾਂ ਅਤੇ ਕਰੀਬ 30 ਏਕੜ ਜਗ੍ਹਾ ਮਾਰਕੀਟ ਲਈ ਰਿਜ਼ਰਵ ਰੱਖੀ ਹੋਈ ਹੈ, ਜਿਸ ਦੀ ਨਾ ਗਮਾਡਾ ਚੰਗੀ ਤਰ੍ਹਾਂ ਸਫ਼ਾਈ ਕਰਵਾਉਂਦਾ ਹੈ ਅਤੇ ਨਾ ਹੀ ਜ਼ਮੀਨ ਦੀ ਵਰਤੋਂ ਕਰਦਾ ਹੈ। ਇਸ ਥਾਂ ’ਤੇ ਝਾੜੀਆਂ, ਜ਼ਹਿਰੀਲੀਆਂ ਬੂਟੀਆਂ ਉੱਗੀਆਂ ਹੋਈਆਂ ਹਨ। ਇਸ ਮੌਕੇ ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜਬੀਰ ਸਿੰਘ, ਕਰਮ ਸਿੰਘ ਮਾਵੀ, ਰਾਜਿੰਦਰ ਸਿੰਘ ਆਹਲੂਵਾਲੀਆ, ਰਣਜੀਤ ਸਿੰਘ ਸਿੱਧੂ, ਕੁਲਦੀਪ ਸਿੰਘ ਗੋਸਲ, ਹਰਮੀਤ ਸਿੰਘ, ਕੈਪਟਨ ਮੱਖਣ ਸਿੰਘ, ਪਰਵਿੰਦਰ ਸਿੰਘ, ਗੁਰਮੇਲ ਸਿੰਘ, ਗੁਰਵਿੰਦਰ ਸਿੰਘ ਗਰਚਾ, ਐਸਐਸ ਬਰਾੜ ਵੀ ਮੌਜੂਦ ਸਨ।
ਮੌਜੂਦਾ ਸਥਿਤੀ ਦੀ ਜਾਣਕਾਰੀ ਲਈ ਜਾਵੇਗੀ: ਮੁਨੀਸ਼ ਕੁਮਾਰ
ਗਮਾਡਾ ਦੇ ਮੁੱਖ ਪ੍ਰਸ਼ਾਸਕ ਮੁਨੀਸ਼ ਕੁਮਾਰ ਨੇ ਸੈਕਟਰ ਵਾਸੀਆਂ ਦੇ ਵਫ਼ਦ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਬਿਨਾਂ ਕਿਸੇ ਦੇਰੀ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਟੀਮ ਨੂੰ ਮੌਕੇ ’ਤੇ ਭੇਜ ਕੇ ਮੌਜੂਦਾ ਸਟੇਟਸ ਅਤੇ ਸਰਵੇ ਰਿਪੋਰਟ ਲਈ ਜਾਵੇਗੀ। ਇਸ ਉਪਰੰਤ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਉਣ ਨੂੰ ਤਰਜੀਹ ਦਿੱਤੀ ਜਾਵੇਗੀ।