ਦਿੱਲੀ ਸਰਕਾਰ ਵੱਲੋਂ ਸਿਵਲ ਡਿਫੈਂਸ ਵਾਲੰਟੀਅਰਾਂ ਦੀ ਨਿਯੁਕਤੀ ਨੂੰ ਮਨਜ਼ੂਰੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਨਵੰਬਰ
ਦਿੱਲੀ ਸਰਕਾਰ ਨੇ ਪ੍ਰਦੂਸ਼ਣ ਵਿਰੁੱਧ ਜੰਗ ਵਿੱਚ 10 ਹਜ਼ਾਰ ਸਿਵਲ ਡਿਫੈਂਸ ਵਾਲੰਟੀਅਰਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੱਕ ਹਫ਼ਤੇ ਦੇ ਅੰਦਰ ਇਹ ਸਿਵਲ ਡਿਫੈਂਸ ਵਾਲੰਟੀਅਰ ਡਿਊਟੀ ’ਤੇ ਹੋਣਗੇ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਆਤਿਸ਼ੀ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਇਨ੍ਹਾਂ 10,000 ਬੱਸ ਮਾਰਸ਼ਲਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਬੱਸ ਮਾਰਸ਼ਲ ਅਗਲੇ 4 ਮਹੀਨਿਆਂ ਤੱਕ ਪ੍ਰਦੂਸ਼ਣ ਵਿਰੁੱਧ ਜੰਗ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸੀਡੀਵੀਜ਼ ਨੂੰ ਸੋਮਵਾਰ ਤੋਂ ਕਾਲ ਆਊਟ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਫਿਰ ਉਹ ਮੰਗਲਵਾਰ ਅਤੇ ਬੁੱਧਵਾਰ ਨੂੰ ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਵਿਖੇ ਰਜਿਸਟ੍ਰੇਸ਼ਨ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਦੇ ਦੋ-ਤਿੰਨ ਦਿਨਾਂ ਦੇ ਅੰਦਰ-ਅੰਦਰ ਵੱਧ ਤੋਂ ਵੱਧ ਪ੍ਰਦੂਸ਼ਣ ਵਾਲੀਆਂ ਥਾਵਾਂ, ਧੂੜ ਪ੍ਰਦੂਸ਼ਣ ਦੀ ਰੋਕਥਾਮ ਅਤੇ ਕੂੜਾ ਸਾੜਨ ਦੇ ਪ੍ਰਬੰਧਨ ਲਈ ਸਿਵਲ ਡਿਫੈਂਸ ਵਾਲੰਟੀਅਰਾਂ ਨੂੰ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਬੱਸ ਮਾਰਸ਼ਲਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਹੋ ਜਾਵੇਗੀ ਅਤੇ ਦਿੱਲੀ ਸਰਕਾਰ ਜਲਦੀ ਹੀ ਬੱਸ ਮਾਰਸ਼ਲਾਂ ਦੀ ਸਥਾਈ ਨਿਯੁਕਤੀ ਦਾ ਪ੍ਰਸਤਾਵ ਉਪ ਰਾਜਪਾਲ ਨੂੰ ਭੇਜੇਗੀ।’’ ਮੁੱਖ ਮੰਤਰੀ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਤਕਾਲੀ ਅਰਵਿੰਦ ਕੇਜਰੀਵਾਲ ਸਰਕਾਰ ਨੇ 2018 ਵਿੱਚ ਸੀਡੀਵੀ ਨੂੰ ਬੱਸ ਮਾਰਸ਼ਲ ਵਜੋਂ ਤਾਇਨਾਤ ਕੀਤਾ ਸੀ ਪਰ ਇੱਕ ਸਾਜ਼ਿਸ਼ ਤਹਿਤ ਭਾਜਪਾ ਨੇ ਅਕਤੂਬਰ 2023 ਵਿੱਚ ਉਨ੍ਹਾਂ ਨੂੰ ਹਟਾ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਕਰ ਲਵੇ, ਯਕੀਨੀ ਤੌਰ ’ਤੇ ਹਰ ਸਮੱਸਿਆ ਦਾ ਹੱਲ ਲੱਭਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਸਾਜ਼ਿਸ਼ ਤਹਿਤ ਅਫਸਰਾਂ ਰਾਹੀਂ ਅਪਰੈਲ 2023 ਤੋਂ ਇਨ੍ਹਾਂ ਬੱਸ ਮਾਰਸ਼ਲਾਂ ਦੀਆਂ ਤਨਖਾਹਾਂ ਬੰਦ ਕਰ ਦਿੱਤੀਆਂ। ਕੇਜਰੀਵਾਲ ਨੇ ਅਧਿਕਾਰੀਆਂ ਨੂੰ ਵਾਰ-ਵਾਰ ਆਦੇਸ਼ ਦਿੱਤੇ ਕਿ ਬੱਸ ਮਾਰਸ਼ਲਾਂ ਨੂੰ ਉਨ੍ਹਾਂ ਦੀਆਂ ਤਨਖਾਹਾਂ ਮਿਲਣੀਆਂ ਚਾਹੀਦੀਆਂ ਹਨ ਪਰ ਭਾਜਪਾ ਨੇ ਉਨ੍ਹਾਂ ਨੂੰ ਤਨਖਾਹਾਂ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਅਕਤੂਬਰ 2023 ਵਿੱਚ ਭਾਜਪਾ, ਇਸ ਦੇ ਅਫਸਰਾਂ ਨੇ ਬੱਸ ਮਾਰਸ਼ਲਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਸੀ। ਇਸ ਦੌਰਾਨ ਆਤਿਸ਼ੀ ਨੇ ਕਿਹਾ ਕਿ ਦਿੱਲੀ ਸਰਕਾਰ ਮੁਲਾਜ਼ਮਾਂ ਦੀ ਭਲਾਈ ਕਦਮ ਚੁੱਕ ਰਹੀ ਹੈ।
ਸਿਵਲ ਡਿਫੈਂਸ ਵਾਲੰਟੀਅਰਾਂ ਨੂੰ ਪਹਿਲੀ ਨਵੰਬਰ ਤੋਂ ਤਨਖਾਹ ਮਿਲੇ: ਸਚਦੇਵਾ
ਨਵੀਂ ਦਿੱਲੀ (ਪੱਤਰ ਪ੍ਰੇਰਕ):
ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਅੱਜ ਉਨ੍ਹਾਂ ਬੱਸ ਮਾਰਸ਼ਲਾਂ ਦੇ ਜੀਵਨ ਵਿੱਚ ਰੋਸ਼ਨੀ ਦੀ ਕਿਰਨ ਆ ਗਈ ਹੈ, ਜਿਨ੍ਹਾਂ ਨੂੰ ਅਕਤੂਬਰ 2023 ਵਿੱਚ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਰਖਾਸਤ ਕਰ ਦਿੱਤਾ ਸੀ। ਵਰਿੰਦਰ ਸਚਦੇਵਾ ਨੇ ਕਿਹਾ ਕਿ ਦਿੱਲੀ ਭਾਜਪਾ ਦੇ ਦਬਾਅ ਹੇਠ ਆਤਿਸ਼ੀ ਨੂੰ ਸਿਵਲ ਡਿਫੈਂਸ ਵਾਲੰਟੀਅਰਾਂ ਨੂੰ 11 ਨਵੰਬਰ ਤੋਂ ਵਾਪਸ ਡਿਊਟੀ ’ਤੇ ਲਗਾਉਣ ਦੇ ਆਦੇਸ਼ ਦੇਣੇ ਪਏ ਹਨ। ਦਿੱਲੀ ਭਾਜਪਾ ਮੰਗ ਕਰਦੀ ਹੈ ਕਿ ਦਿੱਲੀ ਸਰਕਾਰ ਸਿਵਲ ਡਿਫੈਂਸ ਵਾਲੰਟੀਅਰਾਂ ਨੂੰ 11 ਨਵੰਬਰ ਤੋਂ ਡਿਊਟੀ ਦੇਵੇ ਪਰ ਉਪ ਰਾਜਪਾਲ ਦੇ ਹੁਕਮਾਂ ਅਨੁਸਾਰ 1 ਨਵੰਬਰ ਤੋਂ ਤਨਖਾਹ ਦੇਵੇ।