ਪੰਜਾਬ ਦੇ ਹਰ ਸ਼ਹਿਰ ਦੀ ਦਿੱਖ ਬਦਲੀ ਜਾਵੇਗੀ: ਭਗਤ
ਪਾਲ ਸਿੰਘ ਨੌਲੀ
ਜਲੰਧਰ, 30 ਨਵੰਬਰ
ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਅੱਜ ਬਸਤੀ ਦਾਨਿਸ਼ਮੰਦਾਂ ਦੇ ਕੜੀਵਾਲਾ ਚੌਕ ਤੋਂ ਲੈ ਕੇ ਗਾਖਲਾਂ ਪੁਲੀ ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਸ਼ਹਿਰ ਦੀ ਵਿਕਾਸ ਪੱਖੋਂ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਹਰ ਪਿੰਡ, ਕਸਬੇ ਅਤੇ ਸ਼ਹਿਰ ਵਿੱਚ ਪਿਛਲੇ ਢਾਈ ਸਾਲਾਂ ਤੋਂ ਵਿਕਾਸ ਕਾਰਜ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਹਰ ਖੇਤਰ ਦੀ ਦਿੱਖ ਨੂੰ ਸੁਧਾਰਨ ਲਈ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇੱਥੇ ਰਹਿੰਦੇ ਲੋਕਾਂ ਦੀ ਹਰ ਲੋੜ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਣ ਵਾਲੀਆਂ ਸੜਕਾਂ ਨੂੰ ਪਹਿਲ ਦੇ ਅਧਾਰ ਉੱਤੇ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੜੀਵਾਲਾ ਚੌਕ ਤੋਂ ਲੈ ਕੇ ਗਾਖਲਾਂ ਪੁਲੀ ਤੱਕ ਸੜਕ ਦੇ ਨਿਰਮਾਣ ’ਤੇ ਲਗਭਗ 1 ਕਰੋੜ 17 ਲੱਖ ਰੁਪਏ ਦੀ ਲਾਗਤ ਆਵੇਗੀ।
ਵਿਧਾਇਕ ਨਿੱਝਰ ਨੇ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ):
ਹਲਕਾ ਦੱਖਣੀ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਭਗਤਾਂ ਵਾਲਾ ਚੌਕ ਤੋਂ ਕਟੜਾ ਕਰਮ ਸਿੰਘ, ਬਾਜ਼ਾਰ ਜੱਟਾਂ ਵਾਲਾ ਤੋਂ ਚੌਕ ਚਬੂਤਰਾ, ਗਿਲਵਾਲੀ ਗੇਟ ਤੋਂ ਚਿੰਤਪੁਰਨੀ ਚੌਂਕ, ਚਾਟੀ ਵਿੰਡ ਚੌਂਕ ਤੋਂ ਲਛਮਣਸਰ ਚੌਂਕ, ਚਿੰਤਪੁਰਨੀ ਚੌਕ ਤੋਂ ਦਾਲ ਮੰਡੀ ਚੌਕ, ਢਾਬ ਵਸਤੀ ਰਾਮ ਤੋਂ ਚੌਕ ਚਿੰਤਪੁਰਨੀ, ਲਖਮਣ ਚੌਕ ਤੋਂ ਬਸਤੀ ਰਾਮ, ਮੋਨੀ ਚੌਕ ਤੋਂ ਚੌਕ ਕਰੋੜੀ, ਮੋਨੀ ਚੌਕ ਤੋਂ ਜੈ ਸਿੰਘ ਚੌਕ ਦੀਆਂ ਸੜਕਾਂ ਬਣਾਉਣ ਦਾ ਉਦਘਾਟਨ ਕੀਤਾ ਗਿਆ। ਡਾ. ਨਿੱਝਰ ਨੇ ਦੱਸਿਆ ਕਿ ਇਸ ਸਮੇਂ ਸਾਰੇ ਸ਼ਹਿਰ ਵਿੱਚ 40 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜ ਜਾਰੀ ਹਨ।