ਸੁਖਬੀਰ ਬਾਦਲ ਖ਼ਿਲਾਫ਼ ਦਾਇਰ ਪੰਜਾਬ ਸਰਕਾਰ ਦੀ ਅਪੀਲ ਸੁਪਰੀਮ ਕੋਰਟ ਵੱਲੋਂ ਖਾਰਜ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਪੰਜਾਬ ਸਰਕਾਰ ਵੱਲੋਂ ਦਾਇਰ ਉਹ ਅਪੀਲ ਖਾਰਜ ਕਰ ਦਿੱਤੀ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਰੁੱਧ 2021 ’ਚ ਦਰਜ ਐਫਆਈਆਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਰੱਦ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਗਈ ਸੀ। ਸਿਖਰਲੀ ਅਦਾਲਤ ਨੇ ਕਿਹਾ ਕਿ ਕੇਸ ‘ਫਰਜ਼ੀ ਹੈ।’ ਬਾਦਲ ਵਿਰੁੱਧ ਐਫਆਈਆਰ ‘ਐਪੀਡੈਮਿਕ ਡਿਸੀਜ਼ ਐਕਟ’, 1897 ਤਹਿਤ ਦਰਜ ਕੀਤੀ ਗਈ ਸੀ। ਇਸ ਵਿਚ ਸਰਕਾਰੀ ਅਧਿਕਾਰੀ ਦੇ ਹੁਕਮਾਂ ਦੀ ਉਲੰਘਣਾ ਵੀ ਸ਼ਾਮਲ ਸੀ। ਸੁਖਬੀਰ ਬਾਦਲ ਉਤੇ ਦੋਸ਼ ਸੀ ਕਿ ਉਨ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਕਸਬੇ ਵਿਚ ਇਕ ਪ੍ਰਾਈਵੇਟ ਕੰਪਨੀ ਵੱਲੋਂ ਕੀਤੀ ਜਾ ਰਹੀ ਮਾਈਨਿੰਗ ਵਿਚ ਵਿਘਨ ਪਾਇਆ, ਧਮਕਾਇਆ ਤੇ ਗੈਰਕਾਨੂੰਨੀ ਕੰਮ ਕੀਤਾ। ਜਸਟਿਸ ਅਭੈ ਐੱਸ ਓਕਾ ਤੇ ਉੱਜਲ ਭੁਆਨ ਦੇ ਬੈਂਚ ਨੇ ਹੈਰਾਨੀ ਜ਼ਾਹਿਰ ਕੀਤੀ ਤੇ ਕਿਹਾ ਕਿ ਕੇਸ ਦੇ ਸ਼ਿਕਾਇਤਕਰਤਾ ਨੇ ਸੁਪਰੀਮ ਕੋਰਟ ਪਹੁੰਚ ਨਹੀਂ ਕੀਤੀ, ਸਿਰਫ ਰਾਜ ਸਰਕਾਰ ਨੇ ਹੀ ਐਫਆਈਆਰ ਰੱਦ ਕਰਨ ਦੇ ਹਾਈ ਕੋਰਟ ਦੇ ਹੁਕਮਾਂ ਵਿਰੁੱਧ ਅਪੀਲ ਕੀਤੀ। ਸਿਖਰਲੀ ਅਦਾਲਤ ਨੇ ਕਿਹਾ, ‘ਬਿਨਾਂ ਸ਼ੱਕ ਇਹ ਕੇਸ ਫਰਜ਼ੀ ਹੈ’। ਬੈਂਚ ਨੇ ਪੰਜਾਬ ਸਰਕਾਰ ਦੇ ਵਕੀਲ ਨੂੰ ਕਿਹਾ, ‘ਸਿਰਫ ਇਸ ਕਰ ਕੇ ਕਿ ਇਕ ਵਿਅਕਤੀ ਸਿਆਸੀ ਆਗੂ ਹੈ, ਤੇ ਮੌਕੇ ਉਤੇ ਨਿਰੀਖਣ ਕਰਨ ਜਾਂ ਕੁਝ ਹੋਰ ਕਰਨ ਗਿਆ, ਉਸ ਉਤੇ ਕੇਸ ਦਰਜ ਕਰ ਲਿਆ ਗਿਆ। ਐਫਆਈਆਰ ਵਿਚ ਦਰਜ ਅਪਰਾਧਾਂ ਵਿਚੋਂ ਕੋਈ ਵੀ ਨਹੀਂ ਕੀਤਾ ਗਿਆ।’ -ਪੀਟੀਆਈ