ਰਿਮਟ ਯੂਨੀਵਰਸਿਟੀ ’ਚ ਸਾਲਾਨਾ ਕਾਨਵੋਕੇਸ਼ਨ ਕਰਵਾਈ
ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 23 ਅਪਰੈਲ
ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਦਾ ਸਾਲਾਨਾ ਕਾਨਵੋਕੇਸ਼ਨ ਵਿੱਚ ਸਾਬਕਾ ਏਅਰ ਚੀਫ ਮਾਰਸ਼ਲ ਬਿਰੇਂਦਰ ਸਿੰਘ ਧਨੋਆ ਨੇ ਮੁੱਖ-ਮਹਿਮਾਨ ਵਜੋਂ ਪੁੱਜੇ। ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਕੁਲਪਤੀ ਡਾ. ਹੁਕਮ ਚੰਦ ਬਾਂਸਲ ਨੇ ਕੀਤੀ। ਸਮਾਗਮ ਵਿਚ ਵੱਖ-ਵੱਖ ਸਕੂਲਾਂ ਅਤੇ ਵਿਭਾਗਾਂ ਦੇ ਡੀਨ, ਮੁਖੀ, ਫੈਕਲਟੀ ਮੈਂਬਰ ਤੇ ਮਾਪੇ ਸ਼ਾਮਲ ਸਨ।
ਸ੍ਰੀ ਧਨੋਆ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਨਵੇਂ ਜੀਵਨ ਅਤੇ ਵਿੱਦਿਅਕ ਪ੍ਰਾਪਤੀਆਂ ਲਈ ਵਧਾਈ ਦਿੱਤੀ। ਡਾ. ਬਾਂਸਲ ਨੇ ਡਿਗਰੀਆਂ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੇ ਇੱਥੇ ਆਪਣੇ ਸਫ਼ਰ ਰਾਹੀਂ ਨਾ ਸਿਰਫ਼ ਡਿਗਰੀਆਂ ਹਾਸਲ ਕੀਤੀਆਂ, ਸਗੋਂ ਉਹ ਭਾਵਨਾਤਮਕ ਅਤੇ ਸਮਾਜਿਕ ਤੌਰ ’ਤੇ ਵੀ ਪਰਿਪੱਕ ਹੋਏ ਹਨ। ਇਸ ਯੂਨੀਵਰਸਿਟੀ ਦਾ ਦ੍ਰਿਸ਼ਟੀਕੋਣ ਇਸ ਦੇ ਸਾਰੇ ਵਿਦਿਆਰਥੀਆਂ ਨੂੰ ਬਿਹਤਰੀਨ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਵਿਦਿਆਰਥੀ ਨਵੀਂ ਦੁਨੀਆਂ ਵਿੱਚ ਕਦਮ ਰੱਖ ਰਹੇ ਹਨ, ਉਨ੍ਹਾਂ ਨੂੰ ਭਰੋਸਾ ਹੈ ਕਿ ਇੱਥੋਂ ਹਾਸਲ ਕੀਤੀ ਸਿੱਖਿਆ ਅਤੇ ਗਿਆਨ ਉਨ੍ਹਾਂ ਦੇ ਜੀਵਨ ਵਿੱਚ ਲਾਹੇਵੰਦ ਹੋਵੇਗਾ।
ਇਸ ਮੌਕੇ ਪਰੋ ਕੁਲਪਤੀ ਡਾ. ਵਿਜੇ ਅਗਰਵਾਲ, ਉਪ-ਕੁਲਪਤੀ ਡਾ. ਭੁਪਿੰਦਰ ਸਿੰਘ ਬਰਾੜ, ਡੀਨ ਅਕਾਦਮਿਕ ਮਾਮਲੇ ਡਾ. ਜੀਵਨਾ ਨੰਦ ਮਿਸ਼ਰਾ ਅਤੇ ਪਰੋ ਉਪ-ਕੁਲਪਤੀ ਡਾ. ਬੀਐਸ ਭਾਟੀਆ ਆਦਿ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਬੀ.ਟੈਕ (ਸੀ.ਐੱਸ.ਈ.) ਦੇ ਅਹਯਾਨ ਮੁਫਤੀ ਨੂੰ ਸੋਨ ਤਗਮਾ ਤੇ ਵਿਦਿਆਰਥਣ ਅਹਯਾਨ ਮੁਫ਼ਤੀ ਅਤੇ ਨੀਤਿਕਾ ਨੂੰ ਚਾਂਸਲਰ ਸਪੈਕਲ ਤਗ਼ਮੇ ਨਾਲ ਸਨਮਾਨਿਆ ਗਿਆ। ਇਸ ਮੌਕੇ 13 ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ਦੀਆਂ ਪ੍ਰਾਪਤੀਆਂ ਲਈ ਸਨਮਾਨਿਆ ਗਿਆ। ਰਜਿਸਟਰਾਰ ਰਾਕੇਸ਼ ਮੋਹਨ ਨੇ ਮੁੱਖ-ਮਹਿਮਾਨ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।