For the best experience, open
https://m.punjabitribuneonline.com
on your mobile browser.
Advertisement

ਦਿੱਲੀ ਕਮੇਟੀ ਵੱਲੋਂ ‘ਸ਼੍ਰੋਮਣੀ ਕੀਰਤਨੀਏ’ ਪੁਰਸਕਾਰ ਸ਼ੁਰੂ ਕਰਨ ਦਾ ਐਲਾਨ

10:25 AM Oct 28, 2024 IST
ਦਿੱਲੀ ਕਮੇਟੀ ਵੱਲੋਂ ‘ਸ਼੍ਰੋਮਣੀ ਕੀਰਤਨੀਏ’ ਪੁਰਸਕਾਰ ਸ਼ੁਰੂ ਕਰਨ ਦਾ ਐਲਾਨ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਕਤੂਬਰ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਾਗਾਂ ’ਤੇ ਆਧਾਰਿਤ ਗੁਰਬਾਣੀ ਦੀ ਸੰਭਾਲ ਦੇ ਮਾਮਲੇ ਵਿਚ ਇਕ ਅਹਿਮ ਫੈਸਲਾ ਲੈਂਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਕਿ ਦਿੱਲੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗਾਂ ਦੇ ਆਧਾਰ ’ਤੇ ਕੀਰਤਨ ਕਰਨ ਵਾਲੇ ਕੀਰਤਨੀਆਂ ਨੂੰ ‘ਸ਼੍ਰੋਮਣੀ ਕੀਰਤਨੀਏ ਪੁਰਸਕਾਰ’ ਦਿੱਤਾ ਜਾਵੇਗਾ ਜਿਸ ਵਿਚ 11 ਲੱਖ ਰੁਪਏ ਦੀ ਰਾਸ਼ੀ ਹੋਵੇਗੀ ਅਤੇ ਨਾਲ ਹੀ ਪੰਜ ਹੋਰ ਕੀਰਤਨੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ 51-51 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਉਨ੍ਹਾਂ ਨੇ ਦੁਨੀਆਂ ਭਰ ਵਿਚ ਕੀਰਤਨ ਦੀ ਸੇਵਾ ਨਿਭਾਅ ਰਹੇ ਕੀਰਤਨੀਆਂ ਦੇ ਅੰਕੜੇ ਇਕੱਤਰ ਕਰਨ ਦਾ ਫੈਸਲਾ ਕੀਤਾ ਹੈ ਤੇ ਇਸ ਵਾਸਤੇ ਇਕ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਹ ਕਮੇਟੀ ਹਰ ਸਾਲ ‘ਸ਼੍ਰੋਮਣੀ ਕੀਰਤਨੀਏ ਪੁਰਸਕਾਰ’ ਲਈ ਸਿਫਾਰਸ਼ ਕਰੇਗੀ ਤੇ ਸਮੁੱਚੀ ਦੁਨੀਆਂ ਵਿਚ ਰਾਗਾਂ ’ਤੇ ਆਧਾਰਿਤ ਕੀਰਤਨ ਕਰਨ ਵਾਲੇ ਕੀਰਤਨੀ ਸਿੰਘਾਂ ਦੇ ਵੇਰਵੇ ਇਕੱਤਰ ਕਰੇਗੀ ਜਿਸ ਦੀ ਇਕ ਕੌਫੀ ਟੇਬਲ ਬੁੱਕ ਵੀ ਪ੍ਰਕਾਸ਼ਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿਚ ਵੇਖਣ ਵਿਚ ਆਇਆ ਕਿ ਬਹੁਤ ਸਾਰੇ ਕੀਰਤਨੀ ਸਿੰਘ ਰਾਗਾਂ ’ਤੇ ਆਧਾਰਿਤ ਕੀਰਤਨ ਨਾ ਕਰ ਕੇ ਸਗੋਂ ਹੋਰ ਧੁਨਾਂ ਮੁਤਾਬਕ ਕੀਰਤਨ ਕਰ ਰਹੇ ਹਨ ਜਿਸ ਦਾ ਵਪਾਰੀਕਰਨ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਮੇਂ ਦੀ ਵੱਡੀ ਜ਼ਰੂਰਤ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਰਾਗਾਂ ’ਤੇ ਆਧਾਰਿਤ ਗੁਰਬਾਣੀ ਦੇ ਕੀਰਤਨ ਦੀ ਸੰਭਾਲ ਕੀਤੀ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਵੀ ਇਸ ਗੁਰਸਿੱਖੀ ਪਰੰਪਰਾ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਕਮੇਟੀ ਵੱਲੋਂ ਰਾਗੀ ਦਰਬਾਰ ਦੀ ਸ਼ੁਰੂਆਤ ਗੁਰਦੁਆਰਾ ਬੰਗਲਾ ਸਾਹਿਬ ਤੋਂ ਕੀਤੀ ਗਈ ਹੈ ਤੇ ਹਰ ਮਹੀਨੇ ਇਹ ਰਾਗੀ ਦਰਬਾਰ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਿਰਫ ਗੁਰਪੁਰਬ ਸਮਾਗਮ ਹੀ ਨਹੀਂ ਬਲਕਿ ਦਿੱਲੀ ਕਮੇਟੀ ਦੇ ਸਮੂਹ ਸਮਾਗਮਾਂ ਦੇ ਨਾਲ-ਨਾਲ ਸਿੰਘ ਸਭਾਵਾਂ ਵੱਲੋਂ ਕਰਵਾਏ ਜਾਂਦੇ ਕੀਰਤਨ ਦਰਬਾਰ ਪ੍ਰੋਗਰਾਮਾਂ ਵਿਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗ ਆਧਾਰਿਤ ਗੁਰਬਾਣੀ ਦੇ ਕੀਰਤਨ ਨੂੰ ਯਕੀਨੀ ਬਣਾਇਆ ਜਾਵੇਗਾ।

Advertisement

Advertisement
Advertisement
Author Image

sukhwinder singh

View all posts

Advertisement