ਅਧਿਆਪਕ ਜਥੇਬੰਦੀਆਂ ਵੱਲੋਂ ਗਿੱਦੜਬਾਹਾ ਵਿੱਚ ਝੰਡਾ ਮਾਰਚ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 12 ਨਵੰਬਰ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਅਤੇ ਮੈਰੀਟੋਰੀਅਸ ਸਕੂਲ ਟੀਚਰਜ਼ ਯੂਨੀਅਨ ਨੇ ਸਿਆਸੀ ਪਾਰਟੀਆਂ ਦੇ ਰਾਜਸੀ ਗੜ੍ਹ ਗਿੱਦੜਬਾਹਾ ਵਿੱਚ 16 ਨਵੰਬਰ ਨੂੰ ਝੰਡਾ ਮਾਰਚ ਕਰਨ ਦਾ ਫੈਸਲਾ ਕੀਤਾ ਹੈ। ਇਹ ਝੰਡਾ ਮਾਰਚ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼, ਪੁਰਾਣੀ ਪੈਨਸ਼ਨ ਬਹਾਲੀ ਲਈ, ਮਿਡਲ ਸਕੂਲਾਂ ਦੀ ਮਰਜਿੰਗ ਨੀਤੀ ਖ਼ਿਲਾਫ਼, ਹਰ ਤਰ੍ਹਾਂ ਦੇ ਕੱਟੇ ਭੱਤਿਆਂ ਦੀ ਬਹਾਲੀ ਲਈ ਅਤੇ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ ਕੀਤਾ ਜਾ ਰਿਹਾ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਸੰਗਰੂਰ ਦੇ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਖੇਤਰ ਸਮੇਤ ਸਾਰੇ ਖੇਤਰਾਂ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਡੀਟੀਐੱਫ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਵਿੱਤ ਸਕੱਤਰ ਯਾਦਵਿੰਦਰ ਪਾਲ ਧੂਰੀ, ਜਥੇਬੰਦਕ ਸਕੱਤਰ ਪਵਨ ਕੁਮਾਰ ਅਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਦੱਸਿਆ ਕਿ ਇਸ ਝੰਡਾ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕ ਹਿੱਸਾ ਲੈਣਗੇ। ਉਨ੍ਹਾਂ ਭਰਾਤਰੀ ਜਥੇਬੰਦੀਆਂ ਨੂੰ ਸਿੱਖਿਆ ਦੇ ਨਿੱਜੀਕਰਨ ਆਊਟਸੋਰਸਿੰਗ ਅਤੇ ਠੇਕਾ ਸਿਸਟਮ ਖ਼ਿਲਾਫ਼ ਇੱਕਜੁਟ ਹੋ ਕੇ ਲੜਨ ਦੀ ਅਪੀਲ ਕੀਤੀ।