ਪੰਥਕ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਬਣਾਉਣ ਦਾ ਐਲਾਨ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 29 ਨਵੰਬਰ
ਇਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, ਧਰਮ ਪ੍ਰਚਾਰ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਹੋਰ ਪੰਥਕ ਆਗੂਆਂ, ਸੰਤ ਮਹਾਂਪੁਰਸ਼ਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਹੀਆਂ ਚੋਣਾਂ ਨੂੰ ਇੱਕ ਪਲੇਟਫਾਰਮ ’ਤੇ ਲੜਨ ਅਤੇ ਸਿੱਖ ਸੰਗਤਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਸ਼੍ਰੋਮਣੀ ਅਕਾਲੀ ਦਲ (ਆਜ਼ਾਦ) ਦਾ ਐਲਾਨ ਕੀਤਾ ਹੈ। ਇਹ ਆਗੂ ਹਰਿਆਣਾ ਸਿੱਖ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਮਾਤਾ ਬਲਵੀਰ ਕੌਰ ਦੀ ਦੂਜੀ ਬਰਸੀ ਨੂੰ ਮਨਾਉਣ ਲਈ ਇਕੱਠੇ ਹੋਏ ਸਨ। ਇਸ ਮੌਕੇ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਹਰਿਆਣਾ ਵਿੱਚ ਯਾਦਗਾਰੀ ਪੰਥਕ ਇਕੱਠ ਹੋਇਆ। ਇਸ ਮੌਕੇ ਪੰਥਕ ਇਕੱਠ ਵੱਲੋਂ ਪੰਚ ਪ੍ਰਧਾਨੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਪੰਜ ਸਿੱਖ ਆਗੂਆਂ ਭਾਈ ਸੁਖਵਿੰਦਰ ਸਿੰਘ ਮੰਡੇਬਰ ਯਮੁਨਾਨਗਰ, ਭਾਈ ਸਵਰਨ ਸਿੰਘ ਰਤੀਆ, ਭਾਈ ਉਮਰਾਓ ਸਿੰਘ ਛੀਨਾ ਕੈਂਥਲ, ਭਾਈ ਸਵਰਨ ਸਿੰਘ ਬੁੰਗਾ ਟਿੱਬਾ ਪੰਚਕੂਲਾ ਅਤੇ ਭਾਈ ਮਲਕੀਤ ਸਿੰਘ ਪੰਨੀਵਾਲਾ ਸਿਰਸਾ ਦੀ ਜ਼ਿੰਮੇਵਾਰੀ ਲਗਾਈ ਗਈ। ਉਨ੍ਹਾਂ ਨੂੰ ਕਿਹਾ ਕਿ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਤਖ਼ਤ ਵਿਖੇ ਪੁੱਜ ਕੇ ਅਰਦਾਸ ਕਰਨ ਉਪਰੰਤ 15 ਦਿਨਾਂ ਵਿੱਚ ਸਿੱਖ ਸੰਗਤ ਸੰਤ, ਮਹਾਂਪੁਰਸ਼ਾਂ ਅਤੇ ਪੰਥਕ ਜਥੇਬੰਦੀਆਂ ਨਾਲ ਵਿਚਾਰ ਕਰਕੇ ਪ੍ਰਧਾਨ ਦਾ ਐਲਾਨ ਕਰਨਗੇ। ਉਸ ਤੋਂ ਬਾਅਦ ਸਮੁੱਚੇ ਅਹੁਦੇਦਾਰਾਂ ਅਤੇ 40 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਕੀਰਤਨੀਏ ਭਾਈ ਕਾਰਜ ਸਿੰਘ ਦਮਦਮੀ ਟਕਸਾਲ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਭਾਈ ਗੁਰਸੇਵਕ ਸਿੰਘ ਰੰਗੀਲਾ ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਦਾਦੂ ਸਾਹਿਬ, ਹਰਿਆਣਾ ਕਮੇਟੀ ਦੇ ਮੁੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਨੇ ਕੀਰਤਨ ਕੀਤਾ। ਸਮਾਪਤੀ ਦੀ ਅਰਦਾਸ ਅਤੇ ਹੁਕਮਨਾਮੇ ਦੀ ਸੇਵਾ ਸਿੰਘ ਸਾਹਿਬ ਗਿਆਨੀ ਜਗਜੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਪਾਤਸ਼ਾਹੀ 10ਵੀਂ ਨਾਢਾ ਸਾਹਿਬ ਪੰਚਕੂਲਾ ਵੱਲੋਂ ਨਿਭਾਈ ਗਈ। ਇਸ ਮੌਕੇ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਵੱਲੋਂ ਭੇਜੇ ਗਏ ਗੁਰੂ ਨਾਨਕ ਦੇਵ ਸਾਹਿਬ ਯਾਦਗਾਰੀ ਸਿੱਕੇ ਦੀ ਭੇਟ ਜਥੇਦਾਰ ਦਾਦੂਵਾਲ ਨੂੰ ਡਾ: ਸੁਰਿੰਦਰ ਸਿੰਘ ਗਿੱਲ ਯੂਐਸਏ ਵੱਲੋਂ ਕੀਤੀ ਗਈ।