ਜੁਰਮਾਨੇ ਲਾਉਣ ਵਾਲੇ ਅਧਿਕਾਰੀਆਂ ਨੂੰ ਖੇਤਾਂ ਵਿੱਚ ਹੀ ਘੇਰਨ ਦਾ ਐਲਾਨ
ਗੁਰਦੀਪ ਸਿੰਘ ਲਾਲੀ
ਸੰਗਰੂਰ, 10 ਨਵੰਬਰ
ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਵੱਲੋਂ ਨੇੜਲੇ ਪਿੰਡ ਬਡਰੁੱਖਾਂ ਵਿੱਚ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ-7 ’ਤੇ ਚੱਲ ਰਿਹਾ ਰੋਸ ਧਰਨਾ ਅੱਜ 16ਵੇਂ ਦਿਨ ਸਮਾਪਤ ਕਰ ਦਿੱਤਾ ਗਿਆ ਹੈ। ਝੋਨੇ ਦੀ ਨਿਰਵਿਘਨ ਖਰੀਦ ਅਤੇ ਲਿਫਟਿੰਗ ਕਰਨ, ਡੀਏਪੀ ਖਾਦ ਕੋਆਪ੍ਰੇਟਿਵ ਸੁਸਾਇਟੀਆਂ ਨੂੰ ਮੁਹੱਈਆ ਕਰਵਾਉਣ ਦੀ ਮੰਗ ਅਤੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕਰਨ ਅਤੇ ਰੈੱਡ ਐਂਟਰੀਆਂ ਕਰਨ ਖ਼ਿਲਾਫ਼ ਕਿਸਾਨਾਂ ਦਾ ਪਿਛਲੇ 16 ਦਿਨਾਂ ਤੋਂ ਰੋਸ ਧਰਨਾ ਜਾਰੀ ਸੀ ਜੋ ਕਿ ਅੱਜ ਸਮਾਪਤ ਕਰ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਦੇ ਸੂਬਾਈ ਆਗੂ ਮਨਜੀਤ ਸਿੰਘ ਨਿਆਲ ਤੇ ਜਸਵਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਦੋਵੇਂ ਫੋਰਮਾਂ ਦੀ ਅੱਜ ਹੋਈ ਮੀਟਿੰਗ ਦੌਰਾਨ ਪੰਜ ਥਾਵਾਂ ’ਤੇ ਚੱਲ ਰਹੇ ਰੋਸ ਧਰਨੇ ਸਮਾਪਤ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਫ਼ਸਲ ਦੀ ਖ਼ਰੀਦ ਕਰਨ, ਫ਼ਸਲਾਂ ਬੀਜਣ ਲਈ ਡੀਏਪੀ ਦਾ ਪ੍ਰਬੰਧ ਕਰਨ ਤੇ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਸਾਂਭਣ ਵਾਲੇ ਮੁੱਦਿਆਂ ’ਤੇ ਦੋਵੇਂ ਸਰਕਾਰਾਂ ਫੇਲ੍ਹ ਸਾਬਤ ਹੋਈਆਂ ਹਨ। ਭਾਜਪਾ ਸਰਕਾਰ ਦਾ ਕਿਸਾਨ- ਮਜ਼ਦੂਰ ਵਿਰੋਧੀ ਚਿਹਰਾ ਨਸ਼ਰ ਹੋਇਆ ਹੈ। ਇਸ ਨਾਲ ਹੀ ਪੰਜਾਬ ਸਰਕਾਰ ਨੇ ਜਾਣਬੁੱਝ ਕੇ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਨੂੰ ਮੰਡੀਆਂ ਵਿੱਚ ਵਪਾਰੀਆਂ ਨੂੰ ਲੁਟਾਉਣ ਲਈ ਸਾਜਗਾਰ ਮਾਹੌਲ ਸਿਰਜ ਕੇ ਦਿੱਤਾ ਹੈ। ਸੂਬਾਈ ਆਗੂ ਭੈਣ ਬਲਜੀਤ ਕੌਰ ਕਿਲਾਭਰੀਆਂ ਤੇ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ 12 ਨਵੰਬਰ ਨੂੰ ਦੋਵੇਂ ਫੋਰਮਾਂ ਦੀ ਅਹਿਮ ਮੀਟਿੰਗ ਸੰਭੂ ਬਾਰਡਰ ’ਤੇ ਹੋਵੇਗੀ, ਜਿਸ ਵਿਚ ਇਹਨਾਂ ਮੰਗਾਂ ਨੂੰ ਲੈ ਕੇ ਅਗਲੇ ਤਿੱਖੇ ਸੰਘਰਸ਼ ਦੀ ਰੂਪ ਰੇਖਾ ਤੈਅ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਸੱਦਾ ਦਿੱਤਾ ਕਿ ਮੰਡੀਆਂ ਦੇ ਦੌਰੇ ਕਰਕੇ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ ਖ਼ੇਤਾਂ ਵਿੱਚ ਆ ਕੇ ਕਿਸਾਨਾਂ ਨੂੰ ਜੁਰਮਾਨੇ ਕਰਨ ਵਾਲੇ ਅਧਿਕਾਰੀਆਂ ਨੂੰ ਖੇਤਾਂ ਵਿੱਚ ਹੀ ਘੇਰਨ ਲਈ ਵੀ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਕਿਸਾਨ ਆਗੂਆਂ ਨੇ ਸੱਦਾ ਦਿੱਤਾ ਕਿ ਖੇਤੀਬਾੜੀ ਸੈਕਟਰ ਨੂੰ ਬਚਾਉਣ ਲਈ ਤੇ ਸਰਕਾਰੀ ਖਰੀਦ ਦੀ ਗਾਰੰਟੀ ਦਾ ਕਨੂੰਨ ਬਣਵਾਉਣ ਲਈ ਸੰਭੂ ਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਸੰਘਰਸ਼ਾਂ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਲਈ ਤਿਆਰੀ ਕਰਨ।
ਪਟਿਆਲਾ ਜ਼ਿਲ੍ਹੇ ’ਚ ਅਜੇ ਵੀ ਦੋ ਟੌਲ ਪਲਾਜ਼ੇ ਪਰਚੀ ਮੁਕਤ
ਪਟਿਆਲ (ਸਰਬਜੀਤ ਸਿੰਘ ਭੰਗੂ): ਝੋਨੇ ਦੀ ਖਰੀਦ ਦੀ ਢਿੱਲੀ ਕਾਰਵਾਈ ਅਤੇ ਡੀਏਪੀ ਦੀ ਆਈ ਤੋਟ ਦੇ ਨਾਂ ’ਤੇ ਕਿਸਾਨਾਂ ਦੀ ਹੋਈ ਲੁੱਟ ਸਣੇ ਹੋਰ ਕਿਸਾਨੀ ਮਸਲਿਆਂ ਸਬੰਧੀ ਸੂਬਾ ਪ੍ਰਧਾਨ ਜੋਗਿੰਦਰ ਸਿੰੰਘ ਉਗਰਾਹਾਂ ਦੀ ਅਗਵਾਈ ਹੇਠਲੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪਟਿਆਲਾ ਜ਼ਿਲ੍ਹੇ ਵਿਚਲੇ ਦੋ ਟੌਲ ਪਲਾਜ਼ੇ ਅਜੇ ਵੀ ਪਰਚੀ ਮੁਕਤ ਕੀਤੇ ਹੋਏ ਹਨ। ਇਸ ਕੜੀ ਵਜੋਂ ਇਨ੍ਹਾਂ ਦੋਵਾਂ ਪਲਾਜ਼ਿਆਂ ’ਤੇ ਯੂਨੀਅਨ ਦੇ ਆਗੂ ਬਦਲ ਬਦਲ ਕੇ 17 ਸਤੰਬਰ ਤੋਂ ਦਿਨ ਰਾਤ ਧਰਨੇ ਦੇ ਰਹੇ ਹਨ। ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਮੁਤਾਬਕ ਪੰਜਾਬ ਭਰ ’ਚ ਦੋ ਦਰਜਨ ਤੋਂ ਵੀ ਵੱਧ ਟੌਲ ਪਲਾਜ਼ਿਆਂ ’ਤੇ ਪਰਚੀ ਮੁਕਤ ਕੀਤੀ ਹੋਈ ਹੈ। ਯੂਨੀਅਨ ਦੀ ਜ਼ਿਲ੍ਹਾ ਇਕਾਈ ਦੇ ਸੰਗਠਨ ਸਕੱਤਰ ਮਾਸਟਰ ਬਲਰਾਜ ਜੋਸ਼ੀ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿਚ ਟੌਲ ਪਲਾਜ਼ਿਆਂ ’ਤੇ ਜਾਰੀ ਅਜਿਹੇ ਧਰਨਿਆਂ ਦੀ ਅਗਵਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਕਰ ਰਹੇ ਹਨ।
ਬੀਕੇਯੂ ਉਗਰਾਹਾਂ ਵੱਲੋਂ ਡੀਸੀ ਦਾ ਘਿਰਾਓ ਅੱਜ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਚੋਟੀਆਂ ਟੋਲ ਪਲਾਜ਼ਾ ਤੇ ਲਗਾਤਾਰ 26ਦਿਨ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਵੱਲੋ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਤੇਬਲਾਕ ਜਰਨਲ ਸਕੱਤਰ ਰਿੰਕੂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੱਲ 11 ਨਵੰਬਰ ਤੋਂ ਡੀਸੀ ਬਰਨਾਲਾ ਦਾ ਪੱਕੇ ਤੌਰ ’ਤੇ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਦੀ ਮਨਸ਼ਾ ਇੱਕੋ ਹੀ ਹੈ। ਦੋਵੇਂ ਸਰਕਾਰਾਂ ਫਸਲਾਂ ਦੀ ਸਰਕਾਰੀ ਖਰੀਦ ਖਤਮ ਕਰਕੇ ਕਿਸਾਨਾਂ ਦੀ ਸੁਵਿਧਾ ਲਈ ਬਣੇ ਸਰਕਾਰੀ ਅਦਾਰਿਆਂ ਦਾ ਭੋਗ ਪਾਉਣਾ ਚਾਹੁੰਦੀਆਂ ਹਨ।