ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਵੱਲੋਂ ਸੰਗਰੂਰ ’ਚ ਤਿੰਨ ਰੋਜ਼ਾ ਮੋਰਚਾ ਲਾਉਣ ਦਾ ਐਲਾਨ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 24 ਸਤੰਬਰ
ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਨੇ ਮੁੱਖ ਮੰਤਰੀ ਦੇ ਸ਼ਹਿਰ ਵਿਚ ‘ਪੈਨਸ਼ਨ ਪ੍ਰਾਪਤੀ ਮੋਰਚਾ’ ਲਗਾਉਣ ਦਾ ਐਲਾਨ ਕੀਤਾ ਹੈ। 1 ਤੋਂ 3 ਅਕਤੂਬਰ ਤੱਕ ਲਗਾਤਾਰ ਤਿੰਨ ਦਿਨ ਚੱਲਣ ਵਾਲੇ ਪੱਕੇ ਮੋਰਚੇ ਵਿਚ ਸੂਬੇ ਭਰ ਤੋਂ ਮੁਲਾਜ਼ਮ ਸ਼ਮੂਲੀਅਤ ਕਰਨਗੇ। ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ ਅਤੇ ਸੂਬਾ ਕਮੇਟੀ ਨੇ ਦਾਅਵਾ ਕੀਤਾ ਕਿ ਦਿਨ ਰਾਤ ਚੱਲਣ ਵਾਲਾ ਸੰਗਰੂਰ ਮੋਰਚਾ ਜਿੱਥੇ ਸੂਬੇ ਵਿੱਚ ਪੁਰਾਣੀ ਪੈਨਸ਼ਨ ਦੇ ਸੰਘਰਸ਼ ਨੂੰ ਵੱਡੀ ਤਾਕਤ ਦੇਵੇਗਾ ਅਤੇ ਉੱਥੇ ਆਪ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ਼ ਕੀਤੀ ਵਾਅਦਾਖਿਲਾਫੀ ਨੂੰ ਗੰਭੀਰ ਚੁਣੌਤੀ ਪੇਸ਼ ਕਰੇਗਾ। ਸੂਬਾ ਕਮੇਟੀ ਵਲੋਂ ਉਲੀਕੇ ਸੰਘਰਸ਼ ਬਾਰੇ ਜ਼ੋਨ ਕਨਵੀਨਰ ਗੁਰਬਿੰਦਰ ਖਹਿਰਾ, ਇੰਦਰਸੁਖਦੀਪ ਸਿੰਘ, ਦਲਜੀਤ ਸਫੀਪੁਰ ਅਤੇ ਜਸਵੀਰ ਭੰਮਾ ਨੇ ਦੱਸਿਆ ਕਿ ਤਿੰਨ ਦਿਨਾਂ ਪੈਨਸ਼ਨ ਮੋਰਚੇ ਦੀ ਸ਼ੁਰੂਆਤ 1 ਅਕਤੂਬਰ ਨੂੰ ਹਰੇਕ ਜ਼ਿਲ੍ਹੇ ’ਚੋਂ ਜਥੇਬੰਦਕ ਕਾਡਰ ਦੀ ਬੱਝਵੀਂ ਸ਼ਮੂਲੀਅਤ ਨਾਲ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਮੋਰਚੇ ਦਾ ਮੁੱਢ ਬੰਨ੍ਹਣ ਨਾਲ ਹੋਵੇਗੀ। ਤਿੰਨ ਦਿਨ ਚੱਲਣ ਵਾਲੇ ਇਸ ਮੋਰਚੇ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ ਨੂੰ ਉਭਾਰਨ ਲਈ ਮਸ਼ਾਲ ਮਾਰਚ, ਪੁਤਲਾ ਫੂਕ ਮੁਜ਼ਾਹਰੇ ਆਦਿ ਸਰਗਰਮੀਆਂ ਕਰਨ ਫੈਸਲਾ ਕੀਤਾ ਗਿਆ ਹੈ। ਮੋਰਚੇ ਵਿੱਚ ਰੋਜ਼ਾਨਾ ਸਟੇਜ ਵੀ ਚਲਾਈ ਜਾਵੇਗੀ। ਮੋਰਚੇ ਦੇ ਆਖਰੀ ਦਿਨ ਸੂਬੇ ਭਰ ਚੋਂ ਪਹੁੰਚਣ ਵਾਲੇ ਮੁਲਾਜ਼ਮਾਂ ਨਾਲ ਰੈਲੀ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ। ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਅਤੇ ਸਕੱਤਰ ਮਹਿੰਦਰ ਕੌੜਿਆਂਵਾਲੀ ਨੇ ਤਿੰਨ ਦਿਨਾਂ ਸੰਘਰਸ਼ ਦੀ ਹਮਾਇਤ ਕਰਦਿਆਂ ਸੰਗਰੂਰ ਮੋਰਚੇ ਨੂੰ ਪੂਰਨ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ।